Phillaur Truck Accident: ਫਿਲੌਰ ’ਚ 18 ਟਾਇਰੀ ਟਰਾਲੇ ਅੱਗੇ ਜਾ ਰਹੇ ਵਾਹਨ ਨਾਲ ਟੱਕਰ, 4 ਤੋਂ 5 ਕਿਲੋਮੀਟਰ ਲੰਬਾ ਲੱਗਿਆ ਜਾਮ
ਬਾਸਮਤੀ ਚੌਲਾਂ ਨਾਲ ਲੱਦਿਆ ਟਰਾਲਾ ਅਚਾਨਕ ਬ੍ਰੇਕ ਲੱਗਣ ਕਾਰਨ ਅੱਗੇ ਜਾ ਰਹੇ ਟਰੱਕ ਨਾਲ ਟਕਰਾਇਆ
ਜਲੰਧਰ (ਸੱਚ ਕਹੂੰ ਨਿਊਜ਼/ਏਜੰਸੀ)। ਜਲੰਧਰ ਜ਼ਿਲ੍ਹੇ ਦੇ ਫਿਲੌਰ ’ਚ ਸ਼ੇਰਾਂ ਵਾਲਾ ਗੇਟ (ਰਾਮਗੜ੍ਹ ਬਾਈਪਾਸ) ਨੇੜੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਅੱਗੇ ਜਾ ਰਹੇ ਇੱਕ ਅਣਪਛਾਤੇ ਵਾਹਨ ਵੱਲੋਂ ਅਚਾਨਕ ਬ੍ਰੇਕ ਲਾਉਣ ਕਾਰਨ ਬਾਸਮਤੀ ਚੌਲਾਂ ਨਾਲ ਲੱਦਿਆ 18 ਟਾਇਰੀ ਟਰਾਲਾ ਉਸ ਨਾਲ ਟਕਰਾ ਗਿਆ। ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਟਰਾਲਾ ਚਾਲਕ ਵੀ ਸੁਰੱਖਿਅਤ ਰਿਹਾ।
ਪਰ ਟੱਕਰ ਕਾਰਨ ਟਰਾਲੇ ਦਾ ਅਗਲਾ ਕੈਬਿਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਹਾਈਵੇਅ ’ਤੇ ਕਰੀਬ 4 ਤੋਂ 5 ਕਿਲੋਮੀਟਰ ਲੰਮਾ ਜਾਮ ਲੱਗ ਗਿਆ, ਜਿਸ ਨੂੰ ਖੁੱਲ੍ਹਵਾਉਣ ਲਈ ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੀ ਟੀਮ ਨੇ ਮੋਰਚਾ ਸੰਭਾਲਿਆ। ਜਾਣਕਾਰੀ ਅਨੁਸਾਰ ਹਾਦਸਾ ਰਾਤ ਕਰੀਬ 11:30 ਤੋਂ 11:40 ਵਜੇ ਦਰਮਿਆਨ ਵਾਪਰਿਆ। ਟਰਾਲਾ ਚਾਲਕ ਤੀਰ ਸਿੰਘ ਫਗਵਾੜਾ ਤੋਂ ਬਾਸਮਤੀ ਚੌਲ ਲੱਦ ਕੇ ਹਰਿਆਣਾ ਦੇ ਕਰਨਾਲ ਵੱਲ ਜਾ ਰਿਹਾ ਸੀ।
ਜਦੋਂ ਉਹ ਫਿਲੌਰ ਦੇ ਸ਼ੇਰਾਂ ਵਾਲੇ ਗੇਟ ਸਾਹਮਣੇ ਪਹੁੰਚਿਆ ਤਾਂ ਉਸ ਦੇ ਅੱਗੇ ਜਾ ਰਹੇ ਇੱਕ ਟਰੱਕ ਚਾਲਕ ਨੇ ਅਚਾਨਕ ਜ਼ੋਰਦਾਰ ਬ੍ਰੇਕ ਲਾ ਦਿੱਤੀ। ਇਸ ਕਾਰਨ ਪਿੱਛੇ ਆ ਰਿਹਾ 18 ਟਾਇਰੀ ਟਰਾਲਾ ਬੇਕਾਬੂ ਹੋ ਕੇ ਅੱਗੇ ਵਾਲੇ ਵਾਹਨ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰਾਲੇ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ ਤੇ ਟਰਾਲਾ ਸੜਕ ਵਿਚਕਾਰ ਹੀ ਖੜ੍ਹਾ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਅੱਗੇ ਵਾਲੇ ਵਾਹਨ ਦਾ ਚਾਲਕ ਆਪਣਾ ਵਾਹਨ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਟਰਾਲਾ ਚਾਲਕ ਤੀਰ ਸਿੰਘ ਨੇ ਦੱਸਿਆ ਕਿ ਉਹ ਵਾਹਨ ਵਿੱਚ ਇਕੱਲਾ ਸੀ।
ਉਸ ਨੂੰ ਸਮਝ ਨਹੀਂ ਆਇਆ ਕਿ ਅੱਗੇ ਜਾ ਰਹੇ ਵਾਹਨ ਦੇ ਚਾਲਕ ਨੇ ਅਚਾਨਕ ਬ੍ਰੇਕ ਕਿਉਂ ਲਾਈ। ਉਸ ਨੇ ਖ਼ਦਸ਼ਾ ਪ੍ਰਗਟਾਇਆ ਕਿ ਸ਼ਾਇਦ ਰਸਤਾ ਪੁੱਛਣ ਜਾਂ ਕਿਸੇ ਹੋਰ ਕਾਰਨ ਕਰਕੇ ਅੱਗੇ ਵਾਲੇ ਚਾਲਕ ਨੇ ਇੱਕਦਮ ਵਾਹਨ ਰੋਕ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਰਾਹਤ ਦੀ ਗੱਲ ਰਹੀ ਕਿ ਇਸ ਭਿਆਨਕ ਟੱਕਰ ਦੇ ਬਾਵਜੂਦ ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਹਾਦਸੇ ਤੋਂ ਬਾਅਦ ਫਿਲੌਰ ਤੋਂ ਲੁਧਿਆਣਾ ਤੇ ਹਰਿਆਣਾ ਵੱਲ ਜਾਣ ਵਾਲੇ ਮਾਰਗ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਟਰਾਲਾ ਸੜਕ ਦੇ ਵਿਚਕਾਰ ਖੜ੍ਹਾ ਹੋਣ ਕਾਰਨ ਆਵਾਜਾਈ ਲਈ ਸਿਰਫ਼ ਇੱਕ ਵਾਹਨ ਦੇ ਲੰਘਣ ਜੋਗੀ ਜਗ੍ਹਾ ਹੀ ਬਚੀ ਸੀ।
ਇਸ ਕਾਰਨ ਕਰੀਬ 4 ਤੋਂ 5 ਕਿਲੋਮੀਟਰ ਤੱਕ ਜਾਮ ਲੱਗ ਗਿਆ। ਸੂਚਨਾ ਮਿਲਦਿਆਂ ਹੀ ਪੰਜਾਬ ਦੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚ ਗਈ। ਇਸ ਦੌਰਾਨ ਉੱਥੋਂ ਲੰਘ ਰਹੇ ਸਥਾਨਕ ਰਾਹਗੀਰਾਂ ਤੇ ਖਾਲਸਾ ਜਥੇਬੰਦੀਆਂ ਦੇ ਮੈਂਬਰਾਂ ਨੇ ਵੀ ਰੁਕ ਕੇ ਟਰਾਲਾ ਚਾਲਕ ਦਾ ਹਾਲ-ਚਾਲ ਪੁੱਛਿਆ ਤੇ ਮਦਦ ਕੀਤੀ। ਐੱਸਐੱਸਐੱਫ ਦੇ ਜਵਾਨਾਂ ਨੇ ਜਾਮ ਖੁੱਲ੍ਹਵਾਉਣ ਲਈ ਵਾਹਨਾਂ ਨੂੰ ਬਦਲਵੇਂ ਰਸਤਿਆਂ ਰਾਹੀਂ ਭੇਜਣਾ ਸ਼ੁਰੂ ਕੀਤਾ। ਇਸ ਤੋਂ ਇਲਾਵਾ ਸੜਕ ਵਿਚਕਾਰ ਖੜ੍ਹੇ ਨੁਕਸਾਨੇ ਗਏ ਟਰਾਲੇ ਨੂੰ ਪਾਸੇ ਕਰਨ ਲਈ ਵੱਡੀਆਂ ਹਾਈਡਰਾ ਮਸ਼ੀਨਾਂ ਤੇ ਕਰੇਨਾਂ ਮੌਕੇ ’ਤੇ ਬੁਲਾਈਆਂ ਗਈਆਂ। ਕਾਫ਼ੀ ਮੁਸ਼ੱਕਤ ਤੋਂ ਬਾਅਦ ਟਰਾਲੇ ਨੂੰ ਸੜਕ ਤੋਂ ਹਟਾਉਣ ਤੇ ਹਾਈਵੇਅ ’ਤੇ ਆਵਾਜਾਈ ਸੁਚਾਰੂ ਕਰਨ ਦੀ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ : APEC Summit 2026: ਚੀਨ ਦੇ ਸ਼ੇਨਜ਼ੇਨ ’ਚ ਅੱਜ ਹੋਣ ਵਾਲੀ ਟਰੰਪ ਤੇ ਪੁਤਿਨ ਦੀ ਮੀਟਿੰਗ ’ਤੇ ਦੁਨੀਆ ਦੀ ਨਜ਼ਰ
Comments