New Zealand Road Accident: ਨਿਊਜ਼ੀਲੈਂਡ ’ਚ ਭਿਆਨਕ ਸੜਕ ਹਾਦਸਾ, ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ

ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਰੈਸਟੋਰੈਂਟ ਦੀ ਕੰਧ ਨਾਲ ਟਕਰਾਈ, ਦੋ ਨੌਜਵਾਨਾਂ ਅਤੇ ਇਕ ਲੜਕੀ ਦੀ ਗਈ ਜਾਨ

Satinder Mathur  Picture
Published On

New Zealand Road Accident: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)। ਨਿਊਜ਼ੀਲੈਂਡ ਦੇ ਆਕਲੈਂਡ ਸਥਿਤ ਟਕਾਨਿਨੀ ਇਲਾਕੇ ਵਿੱਚ ਦੀਵਾਲੀ ਦੀ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਗ੍ਰੇਟ ਸਾਊਥ ਰੋਡ ’ਤੇ ਤੇਜ਼ ਰਫ਼ਤਾਰ ਨਾਲ ਜਾ ਰਹੀ ਇੱਕ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਸਥਿਤ ‘ਬਰਗਰਫਿਊਲ’ ਰੈਸਟੋਰੈਂਟ ਵਿੱਚ ਜਾ ਵੜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਨਿਊਜ਼ੀਲੈਂਡ ਦੀ ਸੈਂਟਰਲ ਸਿੱਖ ਐਸੋਸੀਏਸ਼ਨ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ ਨੇ ਤਿੰਨ ਮੌਤਾਂ ਦੀ ਪੁਸ਼ਟੀ ਕਰਦਿਆਂ ਦੁੱਖ ਪ੍ਰਗਟਾਇਆ ਹੈ।

ਇਹ ਵੀ ਪੜ੍ਹੋ: Bathinda Student Death Case: ਬਠਿੰਡਾ ’ਚ 19 ਸਾਲਾ ਵਿਦਿਆਰਥਣ ਦੀ ਮੌਤ ਦੇ ਮਾਮਲੇ ’ਚ ਤਿੰਨ ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਦਲਜੀਤ ਸਿੰਘ ਮੁਤਾਬਕ ਮ੍ਰਿਤਕਾਂ ’ਚ ਦੋ ਨੌਜਵਾਨ ਅਤੇ ਇੱਕ ਲੜਕੀ ਸ਼ਾਮਲ ਹਨ। ਹਾਦਸੇ ਦੀ ਸੂਚਨਾ ਐਤਵਾਰ ਰਾਤ ਕਰੀਬ 10.15 ਵਜੇ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੂੰ ਮਿਲੀ। ਮੌਕੇ ’ਤੇ ਪਹੁੰਚੀ ਮੈਡੀਕਲ ਟੀਮ ਨੇ ਕਾਰ ਵਿੱਚ ਸਵਾਰ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਰਾਹਤ ਦੀ ਗੱਲ ਰਹੀ ਕਿ ਹਾਦਸੇ ਸਮੇਂ ਰੈਸਟੋਰੈਂਟ ਗਾਹਕਾਂ ਲਈ ਬੰਦ ਹੋ ਚੁੱਕਾ ਸੀ। ਹਾਲਾਂਕਿ ਅੰਦਰ ਕਰਮਚਾਰੀ ਮੌਜ਼ੂਦ ਸਨ, ਪਰ ਇਮਾਰਤ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।

ਇੱਕ ਮਹਿਲਾ ਕਾਰ ਚਾਲਕ ਨੇ ਦੱਸਿਆ ਕਿ ਉਹ ਰਾਤ ਕਰੀਬ 10 ਵਜੇ ਗੈਰੇਜ ਅਤੇ ‘ਨਾਈਟ ਐਂਡ ਡੇ’ ਸਟੋਰ ਤੋਂ ਨਿਕਲ ਕੇ ਮਾਹੀਆ ਰੋਡ ਵੱਲ ਜਾ ਰਹੀ ਸੀ। ਇਸੇ ਦੌਰਾਨ ਇੱਕ ਕਾਰ ਗਲਤ ਪਾਸੇ ਤੋਂ ਬਹੁਤ ਤੇਜ਼ ਰਫ਼ਤਾਰ ਨਾਲ ਆਈ। ਮਹਿਲਾ ਮੁਤਾਬਕ ਉਸ ਸੜਕ ’ਤੇ ਵਾਹਨਾਂ ਦੀ ਰਫ਼ਤਾਰ ਦੀ ਹੱਦ 50 ਕਿਲੋਮੀਟਰ ਪ੍ਰਤੀ ਘੰਟਾ ਸੀ, ਪਰ ਕਾਰ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੀ ਵੱਧ ਜਾਪ ਰਹੀ ਸੀ। ਕਾਰ ਨੇ ਅੱਗੇ ਜਾ ਰਹੇ ਇੱਕ ਹੋਰ ਵਾਹਨ ਨੂੰ ਵੀ ਟੱਕਰ ਮਾਰਨ ਤੋਂ ਬਚਣ ਲਈ ਅਚਾਨਕ ਕੱਟ ਮਾਰਿਆ।

ਮਹਿਲਾ ਨੇ ਦੱਸਿਆ ਕਿ ਉਸ ਦੀ ਕਾਰ ਵਿੱਚ ਉਸ ਦਾ ਪੋਤਾ ਵੀ ਮੌਜੂਦ ਸੀ। ਜੇਕਰ ਉਹ ਕੁਝ ਸਕਿੰਟ ਬਾਅਦ ਉੱਥੋਂ ਲੰਘਦੀ ਤਾਂ ਉਸ ਦੀ ਕਾਰ ਵੀ ਹਾਦਸੇ ਦੀ ਲਪੇਟ ਵਿੱਚ ਆ ਸਕਦੀ ਸੀ। ਚਸ਼ਮਦੀਦਾਂ ਅਨੁਸਾਰ ਕੁਝ ਮਿੰਟਾਂ ਬਾਅਦ ਇਹੀ ਕਾਰ ਸਾਊਥਗੇਟ ਦੇ ਓਕ ਜੰਕਸ਼ਨ ਦੁਕਾਨਾਂ ਨੇੜੇ ਵਾਲਟਰਜ਼ ਰੋਡ ਦੇ ਗੋਲਚੱਕਰ ’ਤੇ ਬੇਕਾਬੂ ਹੋ ਗਈ। ਕਾਰ ਫੁੱਟਪਾਥ ’ਤੇ ਚੜ੍ਹਨ ਤੋਂ ਬਾਅਦ ਕਰੀਬ 20 ਮੀਟਰ ਤੱਕ ਘਾਹ ਵਾਲੇ ਹਿੱਸੇ ਵਿੱਚੋਂ ਲੰਘੀ, ਵਾੜ ਤੋੜਦੀ ਹੋਈ ਸਿੱਧੀ ਰੈਸਟੋਰੈਂਟ ਦੀ ਕੰਧ ਨਾਲ ਜਾ ਟਕਰਾਈ।

ਦਲਜੀਤ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਸਿੱਖ ਸੰਸਥਾਵਾਂ ਪੀੜਤ ਪਰਿਵਾਰਾਂ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਪਰਿਵਾਰਾਂ ਦੀ ਇੱਛਾ ਅਨੁਸਾਰ ਤਿੰਨਾਂ ਮ੍ਰਿਤਕਾਂ ਦੀਆਂ ਦੇਹਾਂ ਭਾਰਤ, ਪੰਜਾਬ ਭੇਜੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਹਿਲਾਂ ਮ੍ਰਿਤਕਾਂ ਦੀ ਰਸਮੀ ਪਛਾਣ ਅਤੇ ਪੁਲਿਸ ਦੀ ਜਾਂਚ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ਭਾਈਚਾਰੇ ਵੱਲੋਂ ਸਹਾਇਤਾ ਜੁਟਾਉਣ ਦੀ ਪ੍ਰਕਿਰਿਆ ਅੱਗੇ ਵਧਾਈ ਜਾਵੇਗੀ।

ਨਿਊਜ਼ੀਲੈਂਡ ਪੁਲਿਸ ਦੀ ਸੀਰੀਅਸ ਕਰੈਸ਼ ਯੂਨਿਟ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਹਾਦਸੇ ਵਿੱਚ ਸ਼ਾਮਲ ਕਾਰ ਚੋਰੀ ਦੀ ਨਹੀਂ ਸੀ ਅਤੇ ਨਾ ਹੀ ਪੁਲਿਸ ਉਸ ਦਾ ਪਿੱਛਾ ਕਰ ਰਹੀ ਸੀ। ਫਿਲਹਾਲ ਹਾਦਸੇ ਤੋਂ ਪਹਿਲਾਂ ਵਾਹਨ ਦੀ ਰਫ਼ਤਾਰ, ਉਸ ਦੀ ਦਿਸ਼ਾ ਅਤੇ ਹੋਰ ਹਾਲਾਤਾਂ ਦੀ ਜਾਂਚ ਜਾਰੀ ਹੈ।

Comments

Post Your Comment

About The Author

Related Posts