Diwali 2026: ਦੀਵਾਲੀ ਦਾ ਚਾਨਣ ਘਰਾਂ ਤੋਂ ਪਹਿਲਾਂ ਦਿਲਾਂ ਵਿੱਚ ਹੋਵੇ
ਦੀਵਾਲੀ ਦਾ ਚਾਨਣ ਘਰਾਂ ਤੋਂ ਪਹਿਲਾਂ ਦਿਲਾਂ ਵਿੱਚ ਹੋਵੇ
ਦੀਵਾਲੀ ਸਿਰਫ਼ ਦੀਵੇ ਜਗਾਉਣ, ਮਠਿਆਈਆਂ ਵੰਡਣ ਅਤੇ ਘਰ ਸਜਾਉਣ ਦਾ ਤਿਉਹਾਰ ਨਹੀਂ। ਇਹ ਆਪਣੇ-ਆਪ ਨੂੰ ਪੁੱਛਣ ਦਾ ਵੀ ਮੌਕਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਅਸਲ ਚਾਨਣ ਕਿੰਨਾ ਹੈ। ਅਸੀਂ ਹਰ ਸਾਲ ਘਰਾਂ ਦੀ ਸਫ਼ਾਈ ਕਰਦੇ ਹਾਂ, ਨਵੀਆਂ ਚੀਜ਼ਾਂ ਖਰੀਦਦੇ ਹਾਂ ਅਤੇ ਸਜਾਵਟ ਕਰਦੇ ਹਾਂ, ਪਰ ਕੀ ਮਨ ਵਿੱਚੋਂ ਗੁੱਸਾ, ਨਰਾਜ਼ਗੀ ਅਤੇ ਪੁਰਾਣੀਆਂ ਰੰਜਿਸ਼ਾਂ ਵੀ ਕੱਢਦੇ ਹਾਂ? ਅੱਜ ਸਾਡੇ ਕੋਲ ਪਹਿਲਾਂ ਨਾਲੋਂ ਵੱਧ ਸੁਖ-ਸਹੂਲਤਾਂ ਹਨ।
ਮੋਬਾਇਲ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੇ ਦੁਨੀਆ ਨੂੰ ਸਾਡੇ ਨੇੜੇ ਕਰ ਦਿੱਤਾ ਹੈ, ਪਰ ਕਈ ਵਾਰ ਆਪਣੇ ਹੀ ਘਰ ਵਿੱਚ ਬੈਠੇ ਲੋਕਾਂ ਕੋਲ ਇੱਕ-ਦੂਜੇ ਲਈ ਸਮਾਂ ਨਹੀਂ ਹੁੰਦਾ। ਇੱਕੋ ਛੱਤ ਹੇਠ ਰਹਿੰਦੇ ਹੋਏ ਵੀ ਹਰ ਕੋਈ ਆਪਣੇ ਫ਼ੋਨ ਦੀ ਦੁਨੀਆ ਵਿੱਚ ਰੁੱਝਿਆ ਰਹਿੰਦਾ ਹੈ। ਦੀਵਾਲੀ ਸਾਨੂੰ ਇਸ ਰੁਝੇਵੇਂ ਵਿਚੋਂ ਕੁਝ ਪਲ ਕੱਢ ਕੇ ਆਪਣੇ ਰਿਸ਼ਤਿਆਂ ਵੱਲ ਮੁੜ ਵੇਖਣ ਦਾ ਮੌਕਾ ਦਿੰਦੀ ਹੈ। ਇਸ ਮੌਕੇ ਕਿਸੇ ਆਪਣੇ ਕੋਲ ਬੈਠ ਕੇ ਦੋ ਗੱਲਾਂ ਕਰ ਲਈਏ, ਕਿਸੇ ਬਜ਼ੁਰਗ ਦੀਆਂ ਗੱਲਾਂ ਸੁਣ ਲਈਏ ਜਾਂ ਕਿਸੇ ਅਜਿਹੇ ਰਿਸ਼ਤੇਦਾਰ ਨੂੰ ਫ਼ੋਨ ਕਰ ਲਈਏ ਜਿਸ ਨਾਲ ਲੰਮੇ ਸਮੇਂ ਤੋਂ ਗੱਲ ਨਹੀਂ ਹੋਈ।
ਕਈ ਵਾਰ ਥੋੜ੍ਹਾ ਜਿਹਾ ਸਮਾਂ ਵੀ ਰਿਸ਼ਤਿਆਂ ਵਿੱਚ ਪਈ ਦੂਰੀ ਨੂੰ ਘਟਾ ਦਿੰਦਾ ਹੈ। ਦੀਵਾਲੀ ਦੀ ਖੁਸ਼ੀ ਸਾਂਝੀ ਕਰਨ ਦੀ ਵੀ ਪਰੰਪਰਾ ਹੈ। ਅੱਜ ਸਾਡੇ ਆਲੇ-ਦੁਆਲੇ ਜ਼ਿਆਦਾਤਰ ਲੋਕ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹਨ। ਇਸ ਲਈ ਇਸ ਤਿਉਹਾਰ ਨੂੰ ਸਿਰਫ਼ ਮੱਦਦ ਕਰਨ ਦੀ ਭਾਵਨਾ ਤੱਕ ਸੀਮਤ ਕਰਨ ਦੀ ਬਜਾਏ, ਆਪਣੇ ਪਰਿਵਾਰ, ਦੋਸਤਾਂ ਅਤੇ ਗੁਆਂਢੀਆਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਬਣਾਈਏ।
ਜੇ ਕਿਸੇ ਨੂੰ ਸਾਡੀ ਮੱਦਦ ਦੀ ਲੋੜ ਹੋਵੇ ਤਾਂ ਪਿੱਛੇ ਨਾ ਹਟੀਏ, ਪਰ ਤਿਉਹਾਰ ਦੀ ਅਸਲ ਖੁਸ਼ੀ ਆਪਣਾਪਣ ਵਧਾਉਣ ਵਿੱਚ ਵੀ ਹੈ। ਅੱਜ ਦੀ ਦੀਵਾਲੀ ਵਿੱਚ ਦਿਖਾਵਾ ਵੀ ਕਾਫ਼ੀ ਵਧ ਗਿਆ ਹੈ। ਮਹਿੰਗੀਆਂ ਚੀਜ਼ਾਂ, ਵੱਡੀਆਂ ਸਜਾਵਟਾਂ ਤੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਪਾਉਣ ਦਾ ਰੁਝਾਨ ਆਮ ਹੋ ਗਿਆ ਹੈ। ਇਸ ਵਿੱਚ ਕੋਈ ਬੁਰਾਈ ਨਹੀਂ, ਪਰ ਤਿਉਹਾਰ ਦੀ ਖੁਸ਼ੀ ਸਿਰਫ਼ ਦਿਖਾਵੇ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਸੁੰਦਰ ਘਰ ਨਾਲੋਂ ਵੱਧ ਜ਼ਰੂਰੀ ਹੈ ਕਿ ਉਸ ਘਰ ਵਿੱਚ ਰਹਿਣ ਵਾਲਿਆਂ ਦੇ ਦਿਲ ਵੀ ਖੁਸ਼ ਹੋਣ। ਦੀਵਾ ਇੱਕ ਹੋਵੇ ਜਾਂ ਸੌ, ਉਸ ਦਾ ਕੰਮ ਚਾਨਣ ਕਰਨਾ ਹੈ।
ਇਸੇ ਤਰ੍ਹਾਂ ਸਾਡੇ ਅੰਦਰ ਦਾ ਪਿਆਰ, ਸਾਡੀ ਮਾਫ਼ੀ ਅਤੇ ਸਾਡਾ ਆਪਣਾਪਣ ਵੀ ਕਿਸੇ ਨਾ ਕਿਸੇ ਦਿਲ ਨੂੰ ਰੌਸ਼ਨ ਕਰ ਸਕਦਾ ਹੈ। ਜਿਸ ਨਾਲ ਗਿਲਾ ਹੈ, ਉਸ ਨੂੰ ਮਾਫ਼ ਕਰਨ ਦੀ ਕੋਸ਼ਿਸ਼ ਕਰੀਏ ਅਤੇ ਜਿਸ ਨਾਲ ਦੂਰੀ ਬਣ ਗਈ ਹੈ, ਉਸ ਨਾਲ ਮੁੜ ਗੱਲ ਕਰਨ ਦੀ ਪਹਿਲ ਕਰੀਏ। ਆਓ! ਇਸ ਵਾਰ ਦੀਵਾਲੀ ਸਿਰਫ਼ ਦੀਵੇ ਜਗਾ ਕੇ ਨਹੀਂ, ਸਗੋਂ ਦਿਲਾਂ ਵਿੱਚ ਚਾਨਣ ਕਰਕੇ ਮਨਾਈਏ।
ਇਹ ਵੀ ਪੜ੍ਹੋ : Mohammed Shami Retirement: ਮੁੰਹਮਦ ਸ਼ਮੀ ਨੇ ਟੈਸਟ ਕ੍ਰਿਕੇਟ ਤੋਂ ਲਿਆ ਸੰਨਿਆਸ, ODI ਤੇ T20 ਖੇਡਦੇ ਰਹਿਣਗੇ
ਅਧਿਆਪਕਾ, ਕਪੂਰਥਲਾ
ਰਸ਼ਪਾਲ ਕੌਰ
Comments