Punjab Census 2026: ਪੰਜਾਬ ਵਿੱਚ ਇੱਕ ਦਸੰਬਰ ਤੋਂ ਸ਼ੁਰੂ ਹੋਵੇਗੀ ਮਰਦਮਸ਼ੁਮਾਰੀ, 16 ਨਵੰਬਰ ਤੋਂ ਲੋਕ ਖੁਦ ਭਰ ਸਕਣਗੇ ਆਪਣੇ ਵੇਰਵੇ

ਮਰਦਮਸ਼ੁਮਾਰੀ 2027 ਦੇ ਪ੍ਰਚਾਰ ਲਈ 9 ਡਿਜ਼ੀਟਲ ਵੈਨਾਂ ਰਵਾਨਾ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਮਰਦਮਸ਼ੁਮਾਰੀ 2027 ਦੇ ਦੂਜੇ ਪੜਾਅ ਦੀ ਪ੍ਰਕਿਰਿਆ 1 ਦਸੰਬਰ ਤੋਂ ਸ਼ੁਰੂ ਹੋਵੇਗੀ, ਜਿਸ ਤਹਿਤ ਸੂਬੇ ਦੇ ਲੋਕਾਂ ਦੀ ਗਿਣਤੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 16 ਨਵੰਬਰ ਤੋਂ 30 ਨਵੰਬਰ ਤੱਕ ਲੋਕਾਂ ਨੂੰ ਆਪਣੀ ਜਾਣਕਾਰੀ ਖੁਦ ਆਨਲਾਈਨ ਦਰਜ ਕਰਵਾਉਣ ਦੀ ਸਹੂਲਤ ਦਿੱਤੀ ਜਾਵੇਗੀ। ਇਸ ਪ੍ਰਕਿਰਿਆ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਵਿੱਚ 9 ਡਿਜੀਟਲ ਐੱਲਈਡੀ ਵੈਨਾਂ ਚਲਾਈਆਂ ਜਾਣਗੀਆਂ।

ਬੁੱਧਵਾਰ ਨੂੰ ਡਾਇਰੈਕਟੋਰੇਟ ਆਫ਼ ਸੈਂਸਸ ਆਪਰੇਸ਼ਨਜ਼ ਪੰਜਾਬ, ਚੰਡੀਗੜ੍ਹ ਤੋਂ ਡਾਇਰੈਕਟਰ ਡਾ. ਨਵਜੋਤ ਖੋਸਾ ਨੇ ਇਨ੍ਹਾਂ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਰਦਮਸ਼ੁਮਾਰੀ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਦੂਜੇ ਪੜਾਅ ਦੀ ਗਣਨਾ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲੇਗੀ। ਇਸ ਦੌਰਾਨ ਨਾਗਰਿਕਾਂ ਨੂੰ ਮਰਦਮਸ਼ੁਮਾਰੀ ਨਾਲ ਸਬੰਧਿਤ 40 ਸਵਾਲਾਂ ਦੇ ਜਵਾਬ ਦੇਣੇ ਹਨ।

ਜਿਹੜੇ ਲੋਕ ਖੁਦ ਆਪਣੀ ਜਾਣਕਾਰੀ ਦਰਜ ਕਰਨਾ ਚਾਹੁੰਦੇ ਹਨ, ਉਹ 16 ਨਵੰਬਰ ਤੋਂ 30 ਨਵੰਬਰ ਤੱਕ ਅਧਿਕਾਰਤ ਪੋਰਟਲ ’ਤੇ ਜਾ ਕੇ ਸਵੈ-ਗਣਨਾ ਕਰ ਸਕਦੇ ਹਨ। ਇਸ ਲਈ ਗਣਨਾਕਾਰ ਦੇ ਘਰ ਆਉਣ ਦੀ ਉਡੀਕ ਕਰਨ ਦੀ ਲੋੜ ਨਹੀਂ ਹੋਵੇਗੀ। 30 ਨਵੰਬਰ ਤੋਂ ਬਾਅਦ ਸਵੈ-ਗਣਨਾ ਦੀ ਸਹੂਲਤ ਬੰਦ ਹੋ ਜਾਵੇਗੀ। ਵਿਭਾਗ ਨੇ ਇਸ ਵਾਰ ਲੋਕਾਂ ਤੱਕ ਸਿੱਧੀ ਪਹੁੰਚ ਬਣਾਉਣ ਲਈ ਡਿਜੀਟਲ ਪ੍ਰਚਾਰ ਦਾ ਸਹਾਰਾ ਲਿਆ ਹੈ।

ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਵਿੱਚ ਮਕਾਨਾਂ ਦੀ ਸੂਚੀਬੱਧਤਾ ਅਤੇ ਰਿਹਾਇਸ਼ ਸਬੰਧੀ ਗਣਨਾ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਹੁਣ ਦੂਜੇ ਪੜਾਅ ਵਿੱਚ ਅਬਾਦੀ ਦੀ ਗਣਨਾ ਕੀਤੀ ਜਾਵੇਗੀ। ਇਸ ਲਈ 5 ਜਨਵਰੀ 2027 ਦੀ ਰਾਤ 12 ਵਜੇ ਨੂੰ ਹਵਾਲਾ ਮਿਤੀ ਮੰਨਿਆ ਜਾਵੇਗਾ। ਮੁੱਖ ਗਣਨਾ ਤੋਂ ਬਾਅਦ ਰਹਿ ਗਏ ਵਿਅਕਤੀਆਂ ਨੂੰ ਸ਼ਾਮਲ ਕਰਨ ਲਈ 3 ਤੋਂ 5 ਦਿਨਾਂ ਦਾ ਸੋਧ ਦੌਰ ਵੀ ਕਰਵਾਇਆ ਜਾਵੇਗਾ। ਇਸ ਦੌਰਾਨ ਲੋਕਾਂ ਦੀ ਸਹੂਲਤ ਲਈ ਵਿਭਾਗ ਨੇ ਟੋਲ-ਫਰੀ ਹੈਲਪਲਾਈਨ ਨੰਬਰ 1855 ਵੀ ਜਾਰੀ ਕੀਤਾ ਹੈ। 

ਐੱਲਈਡੀ ਵੈਨਾਂ ਕਰਨਗੀਆਂ ਜਾਗਰੂਕ

9 ਐੱਲਈਡੀ ਵੈਨਾਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੁੱਖ ਕਸਬਿਆਂ, ਬਜ਼ਾਰਾਂ, ਸ਼ਹਿਰੀ ਅਤੇ ਪੇਂਡੂ ਇਲਾਕਿਆਂ ਸਮੇਤ ਭੀੜ ਵਾਲੀਆਂ ਜਨਤਕ ਥਾਵਾਂ ’ਤੇ ਪਹੁੰਚਣਗੀਆਂ। ਇਨ੍ਹਾਂ ਵੈਨਾਂ ਰਾਹੀਂ ਆਡੀਓ-ਵੀਡੀਓ ਸੰਦੇਸ਼ਾਂ ਦੇ ਜ਼ਰੀਏ ਲੋਕਾਂ ਨੂੰ ਜਨਗਣਨਾ ਦੀ ਮਹੱਤਤਾ, ਇਸ ਦੀ ਪ੍ਰਕਿਰਿਆ ਅਤੇ ਸਵੈ-ਗਣਨਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਵੈਨਾਂ ’ਤੇ ਲੱਗੇ ਕਿਊਆਰ ਕੋਡ ਸਕੈਨ ਕਰਕੇ ਲੋਕ ਸਿੱਧੇ ਅਧਿਕਾਰਤ ਜਨਗਣਨਾ ਪੋਰਟਲ ਤੱਕ ਵੀ ਪਹੁੰਚ ਸਕਣਗੇ।

ਲੋਕ ਮਰਦਮਸ਼ੁਮਾਰੀ ’ਚ ਹਿੱਸਾ ਲੈਣ: ਖੋਸਾ

ਡਾਇਰੈਕਟਰ ਡਾ. ਨਵਜੋਤ ਖੋਸਾ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਰਦਮਸ਼ੁਮਾਰੀ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਆਪਣੇ ਘਰ ਆਉਣ ਵਾਲੇ ਗਣਨਾਕਾਰਾਂ ਨੂੰ ਸਹੀ ਜਾਣਕਾਰੀ ਦੇ ਕੇ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸਹੀ ਅਤੇ ਮੁਕੰਮਲ ਮਰਦਮਸ਼ੁਮਾਰੀ ਲਈ ਹਰ ਨਾਗਰਿਕ ਦੀ ਭਾਗੀਦਾਰੀ ਜ਼ਰੂਰੀ ਹੈ।

ਇਹ ਵੀ ਪੜ੍ਹੋ : Jagdeep Dhankhar Health Update: ਉਪ ਰਾਸ਼ਟਰਪਤੀ ਜਗਦੀਪ ਧਨਖੜ ਏਮਜ਼ ’ਚ ਦਾਖਲ

Comments

Post Your Comment

About The Author

Related Posts