Road Accident: ਫਿਲੌਰ ਨੈਸ਼ਨਲ ਹਾਈਵੇ ’ਤੇ ਕੈਂਟਰ ਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ, ਡਰਾਈਵਰ ਦੀ ਮੌਤ
ਕੈਬਿਨ ’ਚ ਬੁਰੀ ਤਰ੍ਹਾਂ ਫਸੇ ਜ਼ਖ਼ਮੀ ਡਰਾਈਵਰ ਨੂੰ ਐੱਸਐੱਸਐੱਫ ਦੀ ਟੀਮ ਨੇ ਕਾਫ਼ੀ ਮੁਸ਼ੱਕਤ ਨਾਲ ਕੱਢਿਆ ਬਾਹਰ, ਇਲਾਜ ਦੌਰਾਨ ਤੋੜਿਆ ਦਮ, ਟਰੈਕਟਰ ਚਾਲਕ ਫ਼ਰਾਰ
ਜਲੰਧਰ (ਸੱਚ ਕਹੂੰ ਨਿਊਜ਼/ਏਜੰਸੀ)। ਜਲੰਧਰ ਦੇ ਫਿਲੌਰ ਨੈਸ਼ਨਲ ਹਾਈਵੇ ’ਤੇ ਸ਼ੁੱਕਰਵਾਰ ਸਵੇਰੇ ਕਰੀਬ 4 ਵਜੇ ਆਇਸ਼ਰ ਕੈਂਟਰ ਤੇ ਇਸ਼ਤਿਹਾਰੀ ਹੋਰਡਿੰਗ ਨਾਲ ਲੱਦੀ ਸਵਰਾਜ ਟਰੈਕਟਰ-ਟਰਾਲੀ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ’ਚ ਕੈਂਟਰ ਚਾਲਕ ਸੁਖਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਹ ਬੁਰੀ ਤਰ੍ਹਾਂ ਨੁਕਸਾਨੇ ਗਏ ਕੈਬਿਨ ’ਚ ਫਸ ਗਿਆ ਸੀ। ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੀ ਟੀਮ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੈਂਟਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਕੈਂਟਰ ਚਾਲਕ ਸੁਖਪਾਲ ਸਿੰਘ ਦੀ ਲੱਤ ਬੁਰੀ ਤਰ੍ਹਾਂ ਟੁੱਟ ਗਈ ਸੀ ਤੇ ਉਹ ਕੈਬਿਨ ਵਿੱਚ ਫਸਿਆ ਹੋਇਆ ਸੀ। ਰਾਹਗੀਰ ਵੱਲੋਂ ਸੂਚਨਾ ਮਿਲਣ ’ਤੇ ਐੱਸਐੱਸਐੱਫ ਦੇ ਇੰਚਾਰਜ ਜਸਵਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ। ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਕੈਬਿਨ ਨੂੰ ਕੱਟ ਕੇ ਚਾਲਕ ਨੂੰ ਬਾਹਰ ਕੱਢਿਆ।
ਮੌਕੇ ’ਤੇ ਮੌਜੂਦ ਟ੍ਰਾਇਏਜ ਟੀਮ ਨੇ ਜ਼ਖ਼ਮੀ ਨੂੰ ਮੁੱਢਲੀ ਸਹਾਇਤਾ ਦਿੱਤੀ ਤੇ ਖ਼ੂਨ ਵਹਿਣ ਤੋਂ ਰੋਕਣ ਲਈ ਉਸ ਦੀ ਲੱਤ ’ਤੇ ਪੱਟੀ ਬੰਨ੍ਹੀ। ਇਸ ਤੋਂ ਬਾਅਦ ਨੈਸ਼ਨਲ ਹਾਈਵੇ ਦੀ ਐਂਬੂਲੈਂਸ 1033 ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਗਿਆ, ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਐੱਸਐੱਸਐੱਫ ਇੰਚਾਰਜ ਜਸਵਿੰਦਰ ਸਿੰਘ ਅਨੁਸਾਰ ਕੈਂਟਰ ਦੀ ਟੱਕਰ ਸਵਰਾਜ 735 ਟਰੈਕਟਰ-ਟਰਾਲੀ ਨਾਲ ਹੋਈ ਸੀ।
ਜਿਸ ’ਤੇ ਵੱਡਾ ਇਸ਼ਤਿਹਾਰੀ ਹੋਰਡਿੰਗ ਲੱਗਿਆ ਹੋਇਆ ਸੀ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਵਾਹਨ ਛੱਡ ਕੇ ਫ਼ਰਾਰ ਹੋ ਗਿਆ। ਟੱਕਰ ਕਾਰਨ ਹਾਈਵੇ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਐੱਨਐੱਚਏਆਈ ਦੀ ਟੀਮ ਨੇ ਹਾਈਡਰਾ ਕਰੇਨ ਦੀ ਮਦਦ ਨਾਲ ਦੋਵੇਂ ਨੁਕਸਾਨੇ ਵਾਹਨਾਂ ਨੂੰ ਸੜਕ ਤੋਂ ਹਟਾਇਆ, ਜਿਸ ਤੋਂ ਬਾਅਦ ਆਵਾਜਾਈ ਮੁੜ ਬਹਾਲ ਹੋ ਸਕੀ। ਅਗਲੀ ਕਾਰਵਾਈ ਲਈ ਫਿਲੌਰ ਥਾਣੇ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : Jalandhar News: ਜਲੰਧਰ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਸਰਕਾਰ 'ਤੇ ਚੁੱਕੇ ਵੱਡੇ ਸਵਾਲ
Comments