Punjab
Punjab Smart Ration Card: ਨੋ ਕੈਸ਼, ਨੋ ਫਰਮਾਇਸ਼, ਪੰਜਾਬ ਦੇ 10 ਲੱਖ ਹੋਰ ਪਰਿਵਾਰਾਂ ਨੂੰ ਮਿਲਣਗੇ ਰਾਸ਼ਨ ਕਾਰਡ
ਹਰ ਮਹੀਨੇ 5 ਕਿੱਲੋ ਮੁਫ਼ਤ ਕਣਕ ਦੇ ਨਾਲ ਮਿਲੇਗੀ ‘ਮੇਰੀ ਰਸੋਈ’ ਕਿੱਟ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਸੂਬੇ ਦੇ ਲੋੜਵੰਦ ਪਰਿਵਾਰਾਂ ਨੂੰ ਰਾਹਤ ਦਿੰਦਿਆਂ 10 ਲੱਖ ਨਵੇਂ ਸਮਾਰਟ ਰਾਸ਼ਨ ਕਾਰਡ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਨਵੇਂ ਹੱਕਦਾਰਾਂ ਨੂੰ ਹਰ ਮਹੀਨੇ ਪੰਜ ਕਿੱਲੋ ਮੁਫ਼ਤ ਕਣਕ ਦੇ ਨਾਲ-ਨਾਲ ਦਾਲਾਂ, ਖੰਡ, ਨਮਕ, ਹਲਦੀ ਅਤੇ ਸਰੋਂ ਦੇ ਤੇਲ ਵਾਲੀ ‘ਮੇਰੀ ਰਸੋਈ’ ਰਾਸ਼ਨ ਕਿੱਟ ਵੀ ਦਿੱਤੀ ਜਾਵੇਗੀ।
ਸਰਕਾਰ ਮੁਤਾਬਕ ਇਹ ਕਾਰਡ ‘ਨੋ ਕੈਸ਼, ਨੋ ਫਰਮਾਇਸ਼’ ਦੀ ਨੀਤੀ ਤਹਿਤ ਜਾਰੀ ਕੀਤੇ ਗਏ ਹਨ ਅਤੇ ਹੱਕਦਾਰਾਂ ਦੇ ਘਰਾਂ ਤੱਕ ਪਹੁੰਚਾਏ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਵੇਂ ਰਾਸ਼ਨ ਕਾਰਡਾਂ ਲਈ ਹੱਕਦਾਰਾਂ ਦੀ ਚੋਣ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ। ਇਸ ਵਿੱਚ ਵਿਧਵਾ ਔਰਤਾਂ, ਦਿਹਾੜੀਦਾਰ ਮਜ਼ਦੂਰਾਂ, ਅਨੁਸੂਚਿਤ ਜਾਤੀ ਨਾਲ ਸਬੰਧਤ ਪਰਿਵਾਰਾਂ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਤਰਜੀਹ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲਾਭਪਾਤਰੀਆਂ ਨੂੰ ਮੋਬਾਇਲ ਫੋਨਾਂ ’ਤੇ ਸੰਦੇਸ਼ ਭੇਜੇ ਜਾਣਗੇ। ਉਹ ਇਹ ਸੰਦੇਸ਼ ਦਿਖਾ ਕੇ ਆਪਣੇ ਰਾਸ਼ਨ ਡਿੱਪੂਆਂ ਤੋਂ ‘ਮੇਰੀ ਰਸੋਈ’ ਕਿੱਟ ਪ੍ਰਾਪਤ ਕਰ ਸਕਣਗੇ। ਮੁਫ਼ਤ ਕਣਕ ਦਾ ਲਾਭ ਲੈਣ ਲਈ ਲਾਭਪਾਤਰੀਆਂ ਨੂੰ ਆਪਣੀ ਈ-ਕੇਵਾਈਸੀ ਵੀ ਪੂਰੀ ਕਰਵਾਉਣੀ ਪਵੇਗੀ। ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਅਲਾਟ ਕੀਤੇ ਗਏ।
1.48 ਕਰੋੜ ਰਾਸ਼ਨ ਕਾਰਡਾਂ ਵਿੱਚੋਂ ਵੱਖ-ਵੱਖ ਕਾਰਨਾਂ ਕਰਕੇ ਲਗਭਗ 10 ਲੱਖ ਕਾਰਡ ਕੱਟ ਦਿੱਤੇ ਗਏ ਸਨ। ਇਸ ਕਾਰਨ ਕਈ ਅਜਿਹੇ ਪਰਿਵਾਰ ਵੀ ਪ੍ਰਭਾਵਿਤ ਹੋਏ ਜੋ ਅਸਲ ਵਿੱਚ ਸਰਕਾਰੀ ਰਾਸ਼ਨ ਦੇ ਹੱਕਦਾਰ ਸਨ। ਇਨ੍ਹਾਂ ਪਰਿਵਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੇ 10 ਲੱਖ ਨਵੇਂ ਕਾਰਡ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਨਵੇਂ ਚੁਣੇ ਗਏ 10 ਲੱਖ ਲਾਭਪਾਤਰੀਆਂ ਵਿੱਚ ਲਗਭਗ ਚਾਰ ਲੱਖ ਮਜ਼ਦੂਰ ਸ਼ਾਮਲ ਹਨ।
ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਨੁਸੂਚਿਤ ਜਾਤੀ ਅਤੇ ਆਰਥਿਕ ਤੌਰ ’ਤੇ ਪਛੜੇ ਪਰਿਵਾਰਾਂ ਨੂੰ ਵੀ ਇਸ ਯੋਜਨਾ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਲਗਭਗ 1.25 ਲੱਖ ਅਜਿਹੇ ਬਿਨੈਕਾਰਾਂ ਨੂੰ ਆਪਣੇ ਅਰਜ਼ੀ ਫਾਰਮਾਂ ਵਿੱਚ ਦਰਜ ਗਲਤ ਪਤੇ ਠੀਕ ਕਰਨ ਦਾ ਮੌਕਾ ਦਿੱਤਾ ਜਾਵੇਗਾ, ਤਾਂ ਜੋ ਉਹਨਾਂ ਦੀ ਯੋਗਤਾ ਦੀ ਮੁੜ ਜਾਂਚ ਕੀਤੀ ਜਾ ਸਕੇ ਅਤੇ ਹੱਕਦਾਰ ਪਰਿਵਾਰਾਂ ਨੂੰ ਬਣਦਾ ਲਾਭ ਮਿਲ ਸਕੇ।
38 ਲੱਖ ਪਰਿਵਾਰ ਪਹਿਲਾਂ ਹੀ ਲੈ ਰਹੇ ਹਨ ਲਾਭ
ਸਰਕਾਰ ਮੁਤਾਬਕ ‘ਮੇਰੀ ਰਸੋਈ’ ਯੋਜਨਾ ਤਹਿਤ ਪਹਿਲਾਂ ਹੀ 38 ਲੱਖ ਪਰਿਵਾਰਾਂ ਨੂੰ ਲਾਭ ਦਿੱਤਾ ਜਾ ਰਿਹਾ ਹੈ। ਹੁਣ 10 ਲੱਖ ਨਵੇਂ ਪਰਿਵਾਰਾਂ ਦੇ ਸ਼ਾਮਲ ਹੋਣ ਨਾਲ ਇਸ ਯੋਜਨਾ ਦਾ ਘੇਰਾ ਹੋਰ ਵਧੇਗਾ। ਪਹਿਲੇ ਪੜਾਅ ਵਿੱਚ ਤੈਅ ਮਾਪਦੰਡਾਂ ’ਤੇ ਖਰੇ ਨਾ ਉਤਰਨ ਵਾਲੇ ਪਰਿਵਾਰਾਂ ਨੂੰ ਉਡੀਕ ਸੂਚੀ ਵਿੱਚ ਰੱਖਿਆ ਗਿਆ ਹੈ ਅਤੇ ਦੂਜੇ ਪੜਾਅ ਵਿੱਚ ਉਹਨਾਂ ਦੀ ਯੋਗਤਾ ’ਤੇ ਵਿਚਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : 100 ਮੀਟਰ ਹੇਠਾਂ ਖੱਡ 'ਚ ਡਿੱਗੀ ਯਾਤਰੀ ਬੱਸ, ਅੱਠ ਦੀ ਮੌਤ, 26 ਜ਼ਖਮੀ, ਜਖਮੀਆਂ ਦੀ ਸੂਚੀ ਹੋਈ ਜਾਰੀ
Comments