Punjab
Ludhiana Murder: ਲੁਧਿਆਣਾ ’ਚ 20 ਸਾਲਾ ਨੌਜਵਾਨ ਦੀ ਹੱਤਿਆ, ਸ਼ਮਸ਼ਾਨਘਾਟ ਦੇ ਕਮਰੇ ’ਚੋਂ ਮਿਲੀ ਲਾਸ਼
ਮੂੰਹ ਵਿੱਚ ਤੁੰਨ੍ਹੀ ਹੋਈ ਸੀ ਚਿੱਟੇ ਪਲਾਸਟਿਕ ਦੀ ਬੋਰੀ, ਲੱਕੜ ਦਾ ਡੰਡਾ ਵੀ ਮਿਲਿਆ; ਦੋਸਤ ਦੀ ਭੈਣ ਨਾਲ ਗੱਲਬਾਤ ਨੂੰ ਲੈ ਕੇ ਰੰਜਿਸ਼ ਦਾ ਸ਼ੱਕ
Ludhiana Murder: ਲੁਧਿਆਣਾ, (ਸੱਚ ਕਹੂੰ ਨਿਊਜ਼/ਹਿੰ.ਸ.)| ਲੁਧਿਆਣਾ ਵਿੱਚ ਇੱਕ ਲੜਕੀ ਨਾਲ ਗੱਲਬਾਤ ਕਰਨ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿੱਚ 20 ਸਾਲਾ ਨੌਜਵਾਨ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਦਾ ਰਾਸ਼ਨ ਲੈਣ ਲਈ ਨਿਕਲੇ ਕਰਨਵੀਰ ਸਿੰਘ ਉਰਫ਼ ਗੋਪੀ ਦੀ ਲਾਸ਼ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਬਣੇ ਖੁੱਲ੍ਹੇ ਕਮਰੇ ਵਿੱਚੋਂ ਮਿਲੀ। ਉਸ ਦੇ ਮੂੰਹ ਵਿੱਚ ਚਿੱਟੇ ਰੰਗ ਦੀ ਪਲਾਸਟਿਕ ਦੀ ਬੋਰੀ ਤੁੰਨ੍ਹੀ ਹੋਈ ਸੀ ਅਤੇ ਨੇੜੇ ਹੀ ਲੱਕੜ ਦਾ ਡੰਡਾ ਪਿਆ ਸੀ। ਮ੍ਰਿਤਕ ਦੇ ਪਿਤਾ ਨੇ ਉਸ ਦੇ ਦੋਸਤ ਗੁਰਕੀਰਤ ਸਿੰਘ ਉਰਫ਼ ਰਵੀ ’ਤੇ ਹੱਤਿਆ ਵਿੱਚ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਹੈ। ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਰਵੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Nusrat Tabassum: ਬੰਗਲਾਦੇਸ਼ ’ਚ ਐਨਸੀਪੀ ਮਹਿਲਾ ਸੰਸਦ ਮੈਂਬਰ ਦੇ ਘਰ ਪੈਟਰੋਲ ਬੰਬ ਨਾਲ ਹਮਲਾ, ਲੱਗੀ ਅੱਗ
ਪਿਤਾ ਨੇ ਪੁਲਿਸ ਨੂੰ ਦੱਸਿਆ ਕਿ 10 ਨਵੰਬਰ ਨੂੰ ਸ਼ਾਮ ਕਰੀਬ 7 ਵਜੇ ਕਰਨਵੀਰ ਚਿੱਟੇ ਰੰਗ ਦੀ ਐਕਟਿਵਾ ’ਤੇ ਘਰ ਦਾ ਰਾਸ਼ਨ ਲੈਣ ਲਈ ਗਿਆ ਸੀ। ਕਾਫ਼ੀ ਸਮਾਂ ਬੀਤਣ ਦੇ ਬਾਵਜੂਦ ਜਦੋਂ ਉਹ ਵਾਪਸ ਨਾ ਆਇਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਿਤਾ, ਮਾਤਾ ਗੁਰਮੀਤ ਕੌਰ ਅਤੇ ਵੱਡੇ ਭਰਾ ਰਮਨਪ੍ਰੀਤ ਸਿੰਘ ਨੇ ਦਾਣਾ ਮੰਡੀ ਲਤਾਲਾ ਸਮੇਤ ਪਿੰਡ ਦੇ ਕਈ ਥਾਵਾਂ ’ਤੇ ਉਸ ਦੀ ਤਲਾਸ਼ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ।
ਕਰਨਵੀਰ ਦਾ ਕੋਈ ਪਤਾ ਨਾ ਲੱਗਣ ’ਤੇ ਉਸ ਦੀ ਮਾਤਾ ਅਤੇ ਵੱਡਾ ਭਰਾ ਗੁਰਕੀਰਤ ਸਿੰਘ ਉਰਫ਼ ਰਵੀ ਦੇ ਘਰ ਪਹੁੰਚੇ ਅਤੇ ਉਸ ਤੋਂ ਪੁੱਛਗਿੱਛ ਕੀਤੀ। ਪਿਤਾ ਅਨੁਸਾਰ ਇਸ ਤੋਂ ਬਾਅਦ ਰਵੀ ਵੀ ਉਨ੍ਹਾਂ ਨਾਲ ਕਰਨਵੀਰ ਦੀ ਭਾਲ ਲਈ ਨਿਕਲ ਪਿਆ। ਤਿੰਨੇ ਮੰਡੀ ਅਹਿਮਦਗੜ੍ਹ ਵੱਲ ਜਾ ਰਹੇ ਸਨ ਕਿ ਇਸ ਦੌਰਾਨ ਉਹ ਪਿੰਡ ਦੇ ਸੈਂਸੀ ਬਰਾਦਰੀ ਦੇ ਸ਼ਮਸ਼ਾਨਘਾਟ ਪਹੁੰਚੇ। ਪਰਿਵਾਰਕ ਮੈਂਬਰਾਂ ਨੇ ਸ਼ਮਸ਼ਾਨਘਾਟ ਦੇ ਖੁੱਲ੍ਹੇ ਕਮਰੇ ਵਿੱਚ ਦੇਖਿਆ ਤਾਂ ਕਰਨਵੀਰ ਦੀ ਲਾਸ਼ ਉਲਟੀ ਪਈ ਸੀ। ਉਸ ਨੂੰ ਸਿੱਧਾ ਕਰਨ ’ਤੇ ਪਤਾ ਲੱਗਾ ਕਿ ਉਸ ਦੇ ਮੂੰਹ ਵਿੱਚ ਚਿੱਟੇ ਪਲਾਸਟਿਕ ਦੀ ਬੋਰੀ ਤੁੰਨ੍ਹੀ ਹੋਈ ਸੀ। ਨੇੜੇ ਹੀ ਲੱਕੜ ਦਾ ਡੰਡਾ ਵੀ ਪਿਆ ਸੀ।
ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਡਾਕਟਰ ਕੋਲ ਲੈ ਕੇ ਗਏ, ਜਿੱਥੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਰਵੀ ਨੂੰ ਸ਼ੱਕ ਸੀ ਕਿ ਉਸ ਦੀ ਭੈਣ ਦੀ ਕਰਨਵੀਰ ਨਾਲ ਗੱਲਬਾਤ ਹੁੰਦੀ ਹੈ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਰੰਜਿਸ਼ ਚੱਲ ਰਹੀ ਸੀ। ਪਿਤਾ ਨੇ ਖ਼ਦਸ਼ਾ ਜਤਾਇਆ ਕਿ ਇਸੇ ਵਿਵਾਦ ਕਾਰਨ ਕਰਨਵੀਰ ਦੀ ਹੱਤਿਆ ਕੀਤੀ ਗਈ ਅਤੇ ਇਸ ਵਿੱਚ ਰਵੀ ਦੇ ਕੁਝ ਹੋਰ ਸਾਥੀ ਵੀ ਸ਼ਾਮਲ ਹੋ ਸਕਦੇ ਹਨ। ਪੁਲਿਸ ਨੇ ਰਵੀ ਖ਼ਿਲਾਫ਼ ਮਾਮਲਾ ਦਰਜ ਕਰਕੇ ਹੱਤਿਆ ਦੇ ਕਾਰਨਾਂ ਅਤੇ ਹੋਰ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Comments