Amandeep Kaur Arora: ਆਪ ਵਿਧਾਇਕ ਨੂੰ ਈਡੀ ਨੇ ਆਪਣੇ ਦਫ਼ਤਰ ਪੇਸ਼ ਹੋਣ ਲਈ ਭੇਜੇ ਸੰਮਨ

ਆਪ ਵਿਧਾਇਕ ਨੂੰ ਈਡੀ ਨੇ ਆਪਣੇ ਦਫ਼ਤਰ ਪੇਸ਼ ਹੋਣ ਲਈ ਭੇਜੇ ਸੰਮਨ

Khushdeep Singh Picture
Published On

ਮੋਗਾ (ਵਿੱਕੀ ਕੁਮਾਰ)। ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ’ਚ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਨੂੰ 25 ਨਵੰਬਰ ਨੂੰ ਚੰਡੀਗੜ੍ਹ ਸਥਿਤ ਈਡੀ ਦਫ਼ਤਰ ’ਚ ਸੰਬੰਧਿਤ ਜਾਇਦਾਦਾਂ ਦੇ ਦਸਤਾਵੇਜ਼ਾਂ ਨਾਲ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ 4 ਨਵੰਬਰ ਨੂੰ, ਈਡੀ ਨੇ ਵਿਧਾਇਕ, ਉਨ੍ਹਾਂ ਦੇ ਪਤੀ ਤੇ ਸਾਥੀਆਂ ਨਾਲ ਜੁੜੇ 7 ਟਿਕਾਣਿਆਂ ’ਤੇ ਲਗਭਗ 36 ਘੰਟਿਆਂ ਤੱਕ ਛਾਪੇਮਾਰੀ ਕੀਤੀ ਸੀ। ਈਡੀ ਨੇ ਦੋਸ਼ ਲਾਇਆ ਹੈ ਕਿ ਵਿਧਾਇਕ ਨੇ ਸਰਕਾਰੀ ਜ਼ਮੀਨਾਂ ਦੇ ਕਥਿਤ ਤੌਰ ’ਤੇ ਫਰਜ਼ੀ ਇੰਤਕਾਲ, ਜਾਇਦਾਦਾਂ ਨੂੰ ਰਿਸ਼ਤੇਦਾਰਾਂ ਦੇ ਨਾਂਅ ’ਤੇ ਟ੍ਰਾਂਸਫਰ ਕੀਤਾ ਹੈ। ਇਸ ਦੇ ਨਾਲ ਹੀ, ਰਾਸ਼ਟਰੀ ਰਾਜਮਾਰਗ ਲਈ ਐਕੁਆਇਰ ਕੀਤੀ ਗਈ।

ਜ਼ਮੀਨ ਦੇ ਬਦਲੇ 1,00,65,724 ਰੁਪਏ ਦਾ ਗੈਰ-ਕਾਨੂੰਨੀ ਮੁਆਵਜ਼ਾ ਹਾਸਲ ਕਰਨ ਦਾ ਵੀ ਦੋਸ਼ ਹੈ। ਈਡੀ ਨੇ ਦਾਅਵਾ ਕੀਤਾ ਕਿ ਮਾਲੀਆ ਰਿਕਾਰਡਾਂ ਵਿੱਚ ਹੇਰਾਫੇਰੀ ਕਰਕੇ, ਸਰਕਾਰੀ ਤੇ ਧਾਰਮਿਕ ਸੰਸਥਾਵਾਂ ਦੀਆਂ ਜ਼ਮੀਨਾਂ ਨੂੰ ਨਿੱਜੀ ਵਿਅਕਤੀਆਂ ਦੇ ਨਾਂਅ ਕੀਤਾ ਗਿਆ ਹੈ। ਤਲਾਸ਼ੀ ਦੌਰਾਨ, ਏਜੰਸੀ ਨੇ ਅਪਰਾਧਕ ਦਸਤਾਵੇਜ਼ ਤੇ ਇਲੈਕਟ੍ਰਾਨਿਕ ਉਪਕਰਣ ਮਿਲਣ ਦਾ ਦਾਅਵਾ ਕੀਤਾ ਸੀ। 4 ਨਵੰਬਰ ਨੂੰ ਈਡੀ ਦੀ ਚੰਡੀਗੜ੍ਹ ਜ਼ੋਨ ਟੀਮ ਨੇ ਸਵੇਰੇ 6 ਵਜੇ ਦੇ ਕਰੀਬ ਵਿਧਾਇਕ ਨਾਲ ਜੁੜੇ ਅਹਾਤਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।

ਇਸ ਵਿੱਚ ਮੋਗਾ ਸਥਿਤ ਉਨ੍ਹਾਂ ਦੀ ਰਿਹਾਇਸ਼, ਆਈਕਨ ਹਾਈਟਸ ਸਥਿਤ ਉਨ੍ਹਾਂ ਦਾ ਫਲੈਟ, ਉਨ੍ਹਾਂ ਦੇ ਪਤੀ, ਡਾ. ਰਾਕੇਸ਼ ਅਰੋੜਾ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਜਾਇਦਾਦਾਂ ਤੇ ਉਨ੍ਹਾਂ ਦੇ ਪਤੀ ਨਾਲ ਸਬੰਧਤ ਇੱਕ ਨਸ਼ਾ ਛੁਡਾਊ ਕੇਂਦਰ ਸ਼ਾਮਲ ਸੀ। ਲਗਭਗ 36 ਘੰਟਿਆਂ ਬਾਅਦ 6 ਨਵੰਬਰ ਨੂੰ ਕਾਰਵਾਈ ਪੂਰੀ ਹੋਈ। ਵਿਧਾਇਕ ਵੀ ਤਲਾਸ਼ੀ ਦੇ ਦੌਰਾਨ ਆਪਣੇ ਘਰ ’ਤੇ ਮੌਜੂਦ ਸੀ। ਛਾਪਾ ਖਤਮ ਹੋਣ ਤੋਂ ਬਾਅਦ, ਉਨ੍ਹਾਂ ਦੇ ਸਮਰਥਕਾਂ ਨੇ ਪਟਾਕੇ ਚਲਾ ਕੇ ਜਸ਼ਨ ਮਨਾਇਆ। ਵਿਧਾਇਕ ਨੇ ਦੋਸ਼ ਲਾਇਆ ਸੀ ਕਿ ਪੁੱਛਗਿੱਛ ਦੌਰਾਨ, ਉਨ੍ਹਾਂ ’ਤੇ ਭਾਜਪਾ ’ਚ ਸ਼ਾਮਲ ਹੋਣ ਲਈ ਦਬਾਅ ਪਾਇਆ ਗਿਆ ਤੇ ਮੰਤਰੀ ਅਹੁਦੇ ਦੀ ਪੇਸ਼ਕਸ਼ ਵੀ ਕੀਤੀ ਗਈ।

ਇਹ ਵੀ ਪੜ੍ਹੋ : Laljit Singh Bhullar: ਲਾਲਜੀਤ ਭੁੱਲਰ ਨੇ ਚੋਣਾਂ ਨਾ ਲੜਨ ਦਾ ਕੀਤਾ ਐਲਾਨ, ਪੱਟੀ ਦੀ ਸਿਆਸਤ ’ਚ ਨਵਾਂ ਮੋੜ

Comments

Post Your Comment

About The Author

Related Posts