Nusrat Tabassum: ਬੰਗਲਾਦੇਸ਼ ’ਚ ਐਨਸੀਪੀ ਮਹਿਲਾ ਸੰਸਦ ਮੈਂਬਰ ਦੇ ਘਰ ਪੈਟਰੋਲ ਬੰਬ ਨਾਲ ਹਮਲਾ, ਲੱਗੀ ਅੱਗ
ਬੰਗਲਾਦੇਸ਼ ’ਚ ਐਨਸੀਪੀ ਮਹਿਲਾ ਸੰਸਦ ਮੈਂਬਰ ਦੇ ਘਰ ਪੈਟਰੋਲ ਬੰਬ ਨਾਲ ਹਮਲਾ, ਲੱਗੀ ਅੱਗ
ਢਾਕਾ (ਸੱਚ ਕਹੂੰ ਨਿਊਜ਼/ਏਜੰਸੀ)। ਕੁਸ਼ਤੀਆ ਦੇ ਦੌਲਤਪੁਰ ਉਪ-ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਨੈਸ਼ਨਲ ਸਿਟੀਜ਼ਨ ਪਾਰਟੀ (ਐਨਸੀਪੀ) ਦੀ ਸੰਸਦ ਮੈਂਬਰ ਨੁਸਰਤ ਤਬੱਸੁਮ ਦੇ ਜੱਦੀ ਘਰ ਦੇ ਪੰਜ ਕਮਰੇ ਅੱਗ ਲੱਗਣ ਨਾਲ ਸੜ ਗਏ। ਪਾਰਟੀ ਆਗੂਆਂ ਦਾ ਦੋਸ਼ ਹੈ ਕਿ ਹਮਲਾਵਰਾਂ ਨੇ ਘਰ ’ਤੇ ਪੈਟਰੋਲ ਬੰਬ ਸੁੱਟੇ। ਅੱਧੀ ਰਾਤ ਤੋਂ ਬਾਅਦ ਬਗੋਵਾਨ ਪਿੰਡ ਵਿੱਚ ਸੰਸਦ ਮੈਂਬਰ ਦੇ ਘਰ ’ਚ ਅੱਗ ਲੱਗੀ।
ਢਾਕਾ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ, ਫਾਇਰਫਾਈਟਰਾਂ ਨੇ ਰਾਤ 1:50 ਵਜੇ ਦੇ ਕਰੀਬ ਅੱਗ ’ਤੇ ਕਾਬੂ ਪਾਇਆ, ਪਰ ਇੱਕ ਮੰਜ਼ਿਲਾ ਟੀਨ-ਛੱਤ ਵਾਲੇ ਘਰ ਦੇ ਅੱਠ ਕਮਰਿਆਂ ’ਚੋਂ ਪੰਜ ਪੂਰੀ ਤਰ੍ਹਾਂ ਤਬਾਹ ਹੋ ਗਏ। ਅੱਗ ’ਚ ਦੋ ਬੱਕਰੀਆਂ ਦੀ ਵੀ ਮੌਤ ਹੋ ਗਈ। ਪਾਰਟੀ ਆਗੂਆਂ ਦਾ ਦੋਸ਼ ਹੈ ਕਿ ਘਰ ਨੂੰ ਜਾਣਬੁੱਝ ਕੇ ਪੈਟਰੋਲ ਬੰਬਾਂ ਨਾਲ ਨਿਸ਼ਾਨਾ ਬਣਾਇਆ ਗਿਆ ਤੇ ਉਨ੍ਹਾਂ ਨੇ ਹਮਲੇ ਲਈ ਅਵਾਮੀ ਲੀਗ ਨਾਲ ਜੁੜੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ।
ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਅਤੇ ਨਾ ਹੀ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਕੋਈ ਵਿਸਫੋਟਕ ਜਾਂ ਜਲਣਸ਼ੀਲ ਸਮੱਗਰੀ ਵਰਤੀ ਗਈ। ਭੇਰਾਮਾਰਾ ਸਰਕਲ ਦੇ ਵਧੀਕ ਪੁਲਿਸ ਸੁਪਰਡੈਂਟ ਦਿਲਾਵਰ ਹੁਸੈਨ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰਫਾਈਟਰ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਅੱਗ ਨੇ ਘਰ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ।
ਪਰ ਇਹ ਨੇੜਲੀ ਤਿੰਨ ਮੰਜ਼ਿਲਾ ਇਮਾਰਤ ’ਚ ਨਹੀਂ ਫੈਲੀ ਜਿੱਥੇ ਤਬੱਸੁਮ ਦੇ ਮਾਪੇ ਰਹਿੰਦੇ ਹਨ। ਪੁਲਿਸ ਅਧਿਕਾਰੀ ਅਨੁਸਾਰ, ਪਰਿਵਾਰ ਦੇ ਮੈਂਬਰ ਸੁਰੱਖਿਅਤ ਹਨ। ਐਨਸੀਪੀ ਮੀਡੀਆ ਸੈੱਲ ਨੇ ਫੇਸਬੁੱਕ ਪੋਸਟ ’ਚ ਦੋਸ਼ ਲਾਇਆ ਹੈ ਕਿ ਅਵਾਮੀ ਸਮਰਥਕਾਂ ਨੇ ਸੰਸਦ ਮੈਂਬਰ ਦੇ ਘਰ ’ਤੇ ਪੈਟਰੋਲ ਬੰਬ ਸੁੱਟੇ। ਐਨਸੀਪੀ ਦੇ ਬੁਲਾਰੇ ਆਸਿਫ ਮਹਿਮੂਦ ਸਜੀਬ ਭੂਈਆ ਨੇ ਇੱਕ ਵੱਖਰੀ ਫੇਸਬੁੱਕ ਪੋਸਟ ਵਿੱਚ ਦੋਸ਼ ਲਾਇਆ ਕਿ ਘਰ ਨੂੰ ਪੈਟਰੋਲ ਬੰਬਾਂ ਨਾਲ ਨਿਸ਼ਾਨਾ ਬਣਾਇਆ ਗਿਆ।
ਤਬੱਸੁਮ ਐਨਸੀਪੀ ਦੀ ਸੰਯੁਕਤ ਕਨਵੀਨਰ ਹਨ ਤੇ ਪਾਰਟੀ ਦੀ ਸਰਵਉੱਚ ਨੀਤੀ-ਨਿਰਮਾਣ ਸੰਸਥਾ, ਰਾਜਨੀਤਿਕ ਪ੍ਰੀਸ਼ਦ ਦੀ ਮੈਂਬਰ ਹਨ। ਉਹ 13ਵੀਂ ਰਾਸ਼ਟਰੀ ਸੰਸਦ ’ਚ ਔਰਤਾਂ ਲਈ ਰਾਖਵੀਂ ਸੀਟ ਦੀ ਨੁਮਾਇੰਦਗੀ ਕਰਦੀ ਹਨ। ਵਧੀਕ ਪੁਲਿਸ ਸੁਪਰਡੈਂਟ ਦਿਲਾਵਰ ਹੁਸੈਨ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਅੱਗ ਪੈਟਰੋਲ ਬੰਬ ਹਮਲੇ ਕਾਰਨ ਲੱਗੀ ਸੀ ਜਾਂ ਨਹੀਂ।
ਇਹ ਵੀ ਪੜ੍ਹੋ : Patiala News: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸੇਵਾਦਾਰਾਂ ਨੇ ਕੀਤੀ ਗਊਸ਼ਾਲਾ ਦੀ ਸਫ਼ਾਈ
Comments