Ganganagar Rail Blast: ਰੇਲਵੇ ਟਰੈਕ ਧਮਾਕਾ ਮਾਮਲੇ ’ਚ ਚੌਥੀ ਗ੍ਰਿਫ਼ਤਾਰੀ,ਗੁਰਦਾਸਪੁਰ ਤੋਂ ਇੱਕ ਕਾਬੂ

ਰਾਜਸਥਾਨ ਅਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ; ਪਹਿਲਾਂ ਗ੍ਰਿਫ਼ਤਾਰ ਮੁਲਜ਼ਮਾਂ ਦਾ ਦੋਸਤ ਹੈ ਰਵਿੰਦਰ, ਪਿਤਾ ਪੰਜਾਬ ਪੁਲਿਸ ’ਚ ਤਾਇਨਾਤ

Ravinder Sharma Picture
Published On

ਗੁਰਦਾਸਪੁਰ (ਹਿੰ.ਸ.)। ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਵਿੱਚ ਰੇਲਵੇ ਟਰੈਕ ’ਤੇ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਮਾਮਲੇ ਵਿੱਚ ਚੌਥੀ ਗ੍ਰਿਫ਼ਤਾਰੀ ਕਰਦਿਆਂ ਰਾਜਸਥਾਨ ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਗੁਰਦਾਸਪੁਰ ਤੋਂ ਰਵਿੰਦਰ ਸਿੰਘ ਉਰਫ਼ ਰੋਹਿਤ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ, ਰਵਿੰਦਰ ਸਿੰਘ ਦੇ ਪਿਤਾ ਕੁਲਦੀਪ ਸਿੰਘ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹਨ ਅਤੇ ਥਾਣਾ ਦੋਰਾਂਗਲਾ ਵਿੱਚ ਤਾਇਨਾਤ ਦੱਸੇ ਜਾ ਰਹੇ ਹਨ। ਮੁੱਢਲੀ ਜਾਂਚ ਮੁਤਾਬਕ ਰਵਿੰਦਰ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮਹਿਕਦੀਪ ਕੌਰ ਅਤੇ ਦਵਿੰਦਰ ਸਿੰਘ ਦਾ ਦੋਸਤ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਇੱਕੋ ਸਕੂਲ ਵਿੱਚ ਪੜ੍ਹਦੇ ਸਨ।

ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ ਕਿ ਰੇਲਵੇ ਟਰੈਕ ’ਤੇ ਹੋਏ ਧਮਾਕੇ ਦੀ ਸਾਜ਼ਿਸ਼ ਵਿੱਚ ਰਵਿੰਦਰ ਦੀ ਕੀ ਭੂਮਿਕਾ ਸੀ ਅਤੇ ਉਹ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਸੰਪਰਕ ਵਿੱਚ ਕਿਵੇਂ ਆਇਆ।

ਜ਼ਿਕਰਯੋਗ ਹੈ ਕਿ 3 ਨਵੰਬਰ ਦੀ ਰਾਤ ਕਰੀਬ 9:45 ਵਜੇ ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਰਾਮਸਿੰਘਪੁਰ ਇਲਾਕੇ ਵਿੱਚ ਪਿੰਡ 50 ਜੀਬੀ ਨੇੜੇ ਅਨੂਪਗੜ੍ਹ-ਸੂਰਤਗੜ੍ਹ ਰੇਲਵੇ ਲਾਈਨ ’ਤੇ ਧਮਾਕਾ ਹੋਇਆ ਸੀ। ਧਮਾਕੇ ਕਾਰਨ ਰੇਲਵੇ ਟਰੈਕ ਦੇ ਸਲੀਪਰ ਨੁਕਸਾਨੇ ਗਏ ਸਨ ਅਤੇ ਪਟੜੀ ਦੇ ਨੇੜੇ ਟੋਆ ਬਣ ਗਿਆ ਸੀ। ਘਟਨਾ ਤੋਂ ਕਰੀਬ 75 ਮਿੰਟ ਪਹਿਲਾਂ ਇਸੇ ਟਰੈਕ ਤੋਂ ਇੱਕ ਯਾਤਰੀ ਰੇਲਗੱਡੀ ਲੰਘੀ ਸੀ।

ਮਾਮਲੇ ਦੀ ਜਾਂਚ ਦੌਰਾਨ ਰਾਜਸਥਾਨ ਏਟੀਐਸ ਅਤੇ ਸ੍ਰੀਗੰਗਾਨਗਰ ਪੁਲਿਸ ਨੇ ਪੰਜਾਬ ਪੁਲਿਸ ਦੀ ਮਦਦ ਨਾਲ ਗੁਰਦਾਸਪੁਰ ਜ਼ਿਲ੍ਹੇ ਤੋਂ ਮਹਿਕਦੀਪ ਕੌਰ ਅਤੇ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦਾ ਦਾਅਵਾ ਸੀ ਕਿ ਮਹਿਕਦੀਪ ਕਥਿਤ ਤੌਰ ’ਤੇ ਪਾਕਿਸਤਾਨ ਵਿੱਚ ਬੈਠੇ 'ਸ਼ਾਹ' ਅਤੇ 'ਚਾਚਾ' ਨਾਂ ਦੇ ਹੈਂਡਲਰਾਂ ਦੇ ਸੰਪਰਕ ਵਿੱਚ ਸੀ।

ਜਾਂਚ ਏਜੰਸੀਆਂ ਮੁਤਾਬਕ ਦੋਵਾਂ ਦੀ ਧਮਾਕੇ ਨੂੰ ਅੰਜਾਮ ਦੇਣ ਵਿੱਚ ਭੂਮਿਕਾ ਸੀ। ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਵਿਦੇਸ਼ੀ ਪਿਸਤੌਲ, 46 ਕਾਰਤੂਸ ਅਤੇ 30 ਹਜ਼ਾਰ ਰੁਪਏ ਬਰਾਮਦ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਸੀ।

ਇਸ ਮਾਮਲੇ ਵਿੱਚ ਤੀਜੇ ਮੁਲਜ਼ਮ ਵਜੋਂ ਗੁਰਦਾਸਪੁਰ ਦੇ ਪਿੰਡ ਸ਼ਾਹੂਰ ਦੇ ਰਹਿਣ ਵਾਲੇ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਪਹਿਲਾਂ ਹੀ ਇੱਕ ਅਕਾਲੀ ਵਰਕਰ ’ਤੇ ਗੋਲੀਬਾਰੀ ਦੇ ਮਾਮਲੇ ਵਿੱਚ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਸੀ। ਰਾਜਸਥਾਨ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਗਈ ਸੀ।

ਪੁਲਿਸ ਦਾ ਦੋਸ਼ ਸੀ ਕਿ ਹਰਦੀਪ ਮਹਿਕਦੀਪ ਅਤੇ ਦਵਿੰਦਰ ਦੇ ਸੰਪਰਕ ਵਿੱਚ ਸੀ ਅਤੇ ਉਸ ਨੇ ਕਥਿਤ ਤੌਰ ’ਤੇ ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਨੂੰ ਰੇਲਵੇ ਟਰੈਕ ਦੀ ਲੋਕੇਸ਼ਨ ਮੁਹੱਈਆ ਕਰਵਾਉਣ ਵਿੱਚ ਭੂਮਿਕਾ ਨਿਭਾਈ ਸੀ।

ਮਾਮਲੇ ਦੀ ਗੰਭੀਰਤਾ ਅਤੇ ਕਥਿਤ ਸਰਹੱਦ ਪਾਰ ਸਬੰਧਾਂ ਨੂੰ ਦੇਖਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਦੌਰਾਨ ਵਿਸਫੋਟਕ ਸਮੱਗਰੀ ਅਤੇ ਹਥਿਆਰਾਂ ਦੀ ਕਥਿਤ ਸਪਲਾਈ, ਡਰੋਨ ਰਾਹੀਂ ਸਰਹੱਦ ਪਾਰ ਤੋਂ ਸਾਮਾਨ ਸੁੱਟੇ ਜਾਣ ਅਤੇ ਪਾਕਿਸਤਾਨੀ ਹੈਂਡਲਰਾਂ ਨਾਲ ਸੰਪਰਕ ਵਰਗੇ ਅਹਿਮ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਹੁਣ ਚੌਥੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਏਜੰਸੀਆਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪੂਰੀ ਸਾਜ਼ਿਸ਼ ਵਿੱਚ ਕੌਣ-ਕੌਣ ਸ਼ਾਮਲ ਸੀ ਅਤੇ ਮੁਲਜ਼ਮਾਂ ਦੇ ਆਪਸੀ ਸੰਪਰਕਾਂ ਦਾ ਨੈੱਟਵਰਕ ਕਿੰਨਾ ਵੱਡਾ ਹੈ।

Read Also : ਮਾਲੇਰਕੋਟਲਾ ’ਚ ਨਸ਼ਾ ਤਸਕਰ ਦੀ ਨਾਜਾਇਜ਼ ਜਾਇਦਾਦ ’ਤੇ ਚੱਲਿਆ ਬੁਲਡੋਜ਼ਰ

Comments

Post Your Comment

About The Author

Related Posts