Punjab
New Voter Card Punjab: ਡਰਾਫਟ ਵੋਟਰ ਸੂਚੀ ’ਚ ਨਾਂਅ ਨਹੀਂ ਤਾਂ ਪੁਰਾਣੇ ਵੋਟਰ ਕੀ ਕਰਨ? ਜਾਣੋ ਪੂਰੀ ਪ੍ਰਕਿਰਿਆ, ਕਰੋ ਅਪਲਾਈ
ਡਰਾਫਟ ਵੋਟਰ ਸੂਚੀ ’ਚ ਨਾਮ ਨਹੀਂ ਤਾਂ ਪੁਰਾਣੇ ਵੋਟਰ ਵੀ ਫਾਰਮ-6 ਭਰ ਕੇ ਕਰਵਾ ਸਕਦੇ ਹਨ ਦਰਜ
ਪਟਿਆਲਾ (ਹਿੰ.ਸ.)। ਭਾਰਤੀ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਪੁਰਾਣੇ ਵੋਟਰਾਂ ਦੇ ਨਾਂਅ ਯੋਗਤਾ ਮਿਤੀ 1 ਜਨਵਰੀ 2027 ਦੇ ਆਧਾਰ ’ਤੇ ਤਿਆਰ ਕੀਤੀ ਗਈ ਡਰਾਫਟ ਵੋਟਰ ਸੂਚੀ 'ਚ ਸ਼ਾਮਲ ਨਹੀਂ ਹਨ, ਉਹ ਵੀ ਫਾਰਮ-6 ਭਰ ਕੇ ਆਪਣਾ ਨਾਮ ਵੋਟਰ ਸੂਚੀ ਵਿੱਚ ਮੁੜ ਦਰਜ ਕਰਵਾ ਸਕਦੇ ਹਨ। ਅੰਤਿਮ ਵੋਟਰ ਸੂਚੀ 4 ਜਨਵਰੀ 2027 ਨੂੰ ਪ੍ਰਕਾਸ਼ਿਤ ਕੀਤੀ ਜਾਣੀ ਹੈ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ, ਜੇਕਰ ਕਿਸੇ ਵੋਟਰ ਦਾ ਨਾਮ ਡਰਾਫਟ ਸੂਚੀ ਵਿੱਚ ਸ਼ਾਮਲ ਨਹੀਂ ਹੈ ਤਾਂ ਉਸ ਨੂੰ ਸਪੈਸ਼ਲ ਸਮਰੀ ਰਵੀਜ਼ਨ (ਐਸ.ਐਸ.ਆਰ.) ਦੀ ਪ੍ਰਕਿਰਿਆ ਦੌਰਾਨ ਫਾਰਮ-6 ਜਮ੍ਹਾਂ ਕਰਵਾਉਣਾ ਪਵੇਗਾ। ਇਹ ਨਿਯਮ ਉਨ੍ਹਾਂ ਵੋਟਰਾਂ ’ਤੇ ਵੀ ਲਾਗੂ ਹੋਵੇਗਾ, ਜਿਨ੍ਹਾਂ ਦੇ ਨਾਮ ਪਹਿਲਾਂ ਕਿਸੇ ਵੋਟਰ ਸੂਚੀ ਵਿੱਚ ਦਰਜ ਸਨ, ਪਰ ਮੌਜੂਦਾ ਡਰਾਫਟ ਸੂਚੀ 'ਚ ਨਹੀਂ ਹਨ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਫਾਰਮ-6 ਵਿੱਚ ਬਿਨੈਕਾਰ ਵੱਲੋਂ ਕੀਤੀ ਜਾਣ ਵਾਲੀ ਇਹ ਘੋਸ਼ਣਾ ਕਿ ਉਸ ਦਾ ਨਾਂਅ ਪਹਿਲੀ ਵਾਰ ਵੋਟਰ ਸੂਚੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ, ਨੂੰ ਸਿਰਫ਼ ਇਸ ਆਧਾਰ ’ਤੇ ਗਲਤ ਨਹੀਂ ਮੰਨਿਆ ਜਾਵੇਗਾ ਕਿ ਉਸ ਦਾ ਨਾਮ ਪਹਿਲਾਂ ਵੀ ਕਿਸੇ ਵੋਟਰ ਸੂਚੀ ਵਿੱਚ ਦਰਜ ਸੀ। ਇਸ ਲਈ ਪੁਰਾਣੇ ਵੋਟਰਾਂ ਨੂੰ ਫਾਰਮ-6 ਜਮ੍ਹਾਂ ਕਰਵਾਉਣ ਸਮੇਂ ਕਿਸੇ ਕਿਸਮ ਦੀ ਝਿਜਕ ਨਹੀਂ ਰੱਖਣੀ ਚਾਹੀਦੀ।
ਹਿਮਾਂਸ਼ੂ ਜੈਨ ਨੇ ਦੱਸਿਆ ਕਿ ਕਮਿਸ਼ਨ ਅਨੁਸਾਰ, ਸਿਰਫ਼ ਇਸ ਕਾਰਨ ਕਿ ਕਿਸੇ ਵੋਟਰ ਦਾ ਨਾਂਅ ਪਹਿਲਾਂ ਵੋਟਰ ਸੂਚੀ ਵਿੱਚ ਦਰਜ ਸੀ ਅਤੇ ਉਸ ਨੇ ਐਸ.ਆਈ.ਆਰ. ਦੀ ਪ੍ਰਕਿਰਿਆ ਦੌਰਾਨ ਜਾਂ ਇਸ ਤੋਂ ਬਾਅਦ ਫਾਰਮ-6 ਜਮ੍ਹਾਂ ਕਰਵਾਇਆ ਹੈ, ਉਸ ਵਿਰੁੱਧ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 31 ਤਹਿਤ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਹਾਲਾਂਕਿ, ਇਹ ਸ਼ਰਤ ਲਾਗੂ ਹੋਵੇਗੀ ਕਿ ਸਬੰਧਤ ਵੋਟਰ ਦਾ ਨਾਮ ਕਿਸੇ ਹੋਰ ਸੰਸਦੀ ਜਾਂ ਵਿਧਾਨ ਸਭਾ ਹਲਕੇ ਦੀ ਵੋਟਰ ਸੂਚੀ ਵਿੱਚ ਪਹਿਲਾਂ ਤੋਂ ਦਰਜ ਨਾ ਹੋਵੇ ਅਤੇ ਉਸ ਵੱਲੋਂ ਕੀਤੀ ਗਈ ਘੋਸ਼ਣਾ ਕਾਨੂੰਨ ਦੇ ਹੋਰ ਪ੍ਰਬੰਧਾਂ ਅਨੁਸਾਰ ਹੋਵੇ।
ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ 3 ਨਵੰਬਰ 2026 ਨੂੰ ਪੱਤਰ ਜਾਰੀ ਕਰਕੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਇਸ ਸਪੱਸ਼ਟੀਕਰਨ ਦਾ ਵਿਆਪਕ ਪ੍ਰਚਾਰ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਕੋਈ ਵੀ ਯੋਗ ਵੋਟਰ ਜਾਣਕਾਰੀ ਦੀ ਘਾਟ ਜਾਂ ਗਲਤਫਹਿਮੀ ਕਾਰਨ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਤੋਂ ਵਾਂਝਾ ਨਾ ਰਹਿ ਜਾਵੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਪਟਿਆਲਾ ਜ਼ਿਲ੍ਹੇ ਦੇ ਸਮੂਹ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦਾ ਨਾਮ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੈ ਤਾਂ ਉਹ ਨਿਰਧਾਰਤ ਪ੍ਰਕਿਰਿਆ ਅਨੁਸਾਰ ਫਾਰਮ-6 ਜਮ੍ਹਾਂ ਕਰਵਾ ਕੇ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾਉਣ।
Read Also : ਦੱਖਣੀ ਬਾਈਪਾਸ ’ਤੇ ਸਟੀਲ ਦਾ ਪੁਲ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ, ਟ੍ਰੈਫਿਕ ਪੁਲਿਸ ਵੱਲੋਂ ਬਦਲਵੇਂ ਰੂਟ ਜਾਰੀ
Comments