Patiala Bridge Collapse: ਦੱਖਣੀ ਬਾਈਪਾਸ ’ਤੇ ਸਟੀਲ ਦਾ ਪੁਲ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ, ਟ੍ਰੈਫਿਕ ਪੁਲਿਸ ਵੱਲੋਂ ਬਦਲਵੇਂ ਰੂਟ ਜਾਰੀ

ਸੰਗਰੂਰ ਵੱਲ ਜਾਣ ਵਾਲੇ ਵਾਹਨਾਂ ਨੂੰ ਸਮਾਣਾ ਰੋਡ ਰਾਹੀਂ ਭੇਜਿਆ ਜਾਵੇਗਾ, ਭਾਰੀ ਵਾਹਨਾਂ ਲਈ ਤਿੰਨ ਬਦਲਵੇਂ ਰਸਤੇ ਨਿਰਧਾਰਤ

Khushdeep Singh Picture
Published On

ਪਟਿਆਲਾ (ਸੱਚ ਕਹੂੰ ਨਿਊਜ਼/ਏਜੰਸੀ)। ਪਟਿਆਲਾ ਦੇ ਦੱਖਣੀ ਬਾਈਪਾਸ ’ਤੇ ਕੌਮੀ ਮਾਰਗ-7 (ਐਨਐਚ-7) ਉੱਪਰ ਭਾਖੜਾ ਮੁੱਖ ਨਹਿਰ ’ਤੇ ਬਣਿਆ ਸਟੀਲ ਦਾ ਪੁਲ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਬਦਲਵੇਂ ਰੂਟ ਨਿਰਧਾਰਤ ਕੀਤੇ ਗਏ ਹਨ।

ਟ੍ਰੈਫਿਕ ਪੁਲਿਸ ਵੱਲੋਂ ਜਾਰੀ ਸੂਚਨਾ ਅਨੁਸਾਰ, ਨਵੇਂ ਬੱਸ ਸਟੈਂਡ ਪਟਿਆਲਾ ਤੋਂ ਦੱਖਣੀ ਬਾਈਪਾਸ ਰਾਹੀਂ ਸੰਗਰੂਰ ਜਾਣ ਵਾਲੇ ਵਾਹਨਾਂ ਨੂੰ ਸਮਾਣਾ ਰੋਡ ਵੱਲ ਮੋੜਿਆ ਜਾ ਰਿਹਾ ਹੈ। ਇਸ ਤੋਂ ਬਾਅਦ ਵਾਹਨ ਪੁਰਾਣੀ ਮੁੱਖ ਏਵੀਏਸ਼ਨ ਕਲੱਬ-ਕੈਂਟੋਨਮੈਂਟ ਰੋਡ ਰਾਹੀਂ ਥਾਣਾ ਪਸਿਆਣਾ ਟੀ-ਪੁਆਇੰਟ ਤੇ ਅੱਗੇ ਸੰਗਰੂਰ ਰੋਡ ਵੱਲ ਜਾ ਸਕਣਗੇ। ਪੁਲਿਸ ਨੇ ਦੱਸਿਆ ਕਿ ਸੰਗਰੂਰ ਵਾਲੇ ਪਾਸਿਓਂ ਆਉਣ ਵਾਲੇ ਛੋਟੇ ਵਾਹਨ ਮੌਜੂਦਾ ਹਾਲਾਤਾਂ ਅਨੁਸਾਰ ਪ੍ਰਭਾਵਿਤ ਦੱਖਣੀ ਬਾਈਪਾਸ ਵਾਲੇ ਹਿੱਸੇ ’ਚੋਂ ਲੰਘ ਸਕਦੇ ਹਨ। ਜਦਕਿ ਭਾਰੀ ਵਾਹਨਾਂ ਲਈ ਤਿੰਨ ਬਦਲਵੇਂ ਰਸਤੇ ਨਿਰਧਾਰਤ ਕੀਤੇ ਗਏ ਹਨ।

ਪਹਿਲੇ ਰੂਟ ਤਹਿਤ ਭਾਰੀ ਵਾਹਨ ਭਵਾਨੀਗੜ੍ਹ ਤੋਂ ਨਾਭਾ ਹੁੰਦੇ ਹੋਏ ਖੰਨਾ ਜਾਂ ਸਰਹਿੰਦ ਵੱਲ ਜਾ ਸਕਦੇ ਹਨ। ਦੂਜੇ ਰੂਟ ਅਨੁਸਾਰ ਧਾਮੋਮਾਜਰਾ ਤੋਂ ਰੱਖੜਾ ਤੇ ਨਾਭਾ ਰੋਡ ਰਾਹੀਂ ਸਰਹਿੰਦ ਰੋਡ ਵੱਲ ਜਾਇਆ ਜਾ ਸਕਦਾ ਹੈ। ਤੀਜੇ ਰੂਟ ਤਹਿਤ ਥਾਣਾ ਪਸਿਆਣਾ ਨੇੜੇ ਭਾਖੜਾ ਪੁਲ ਤੋਂ ਏਵੀਏਸ਼ਨ ਕਲੱਬ ਰੋਡ ਤੇ ਖੰਡਾ ਚੌਕ ਰਾਹੀਂ ਸਰਹਿੰਦ ਜਾਂ ਰਾਜਪੁਰਾ ਰੋਡ ਵੱਲ ਜਾਇਆ ਜਾ ਸਕਦਾ ਹੈ। ਜ਼ਿਲ੍ਹਾ ਟ੍ਰੈਫਿਕ ਪੁਲਿਸ ਨੇ ਐਸਐਸਪੀ ਹਰਮਨਦੀਪ ਹਾਂਸ ਦੀ ਅਗਵਾਈ ਤੇ ਐਸਪੀ ਟ੍ਰੈਫਿਕ ਅਸ਼ੋਕ ਕੁਮਾਰ ਤੇ ਡੀਐਸਪੀ ਟ੍ਰੈਫਿਕ ਪੁਨੀਤ ਸਿੰਘ ਚਹਿਲ ਦੀ ਨਿਗਰਾਨੀ ਹੇਠ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਪ੍ਰਬੰਧ ਕੀਤੇ ਹਨ।

ਪੁਲਿਸ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਭਾਵਿਤ ਪੁਲ ਵਾਲੇ ਹਿੱਸੇ ਤੋਂ ਬਚਣ ਤੇ ਸੰਭਵ ਹੋਵੇ ਤਾਂ ਪਟਿਆਲਾ ਸ਼ਹਿਰ ਦੇ ਅੰਦਰੋਂ ਏਵੀਏਸ਼ਨ ਕਲੱਬ ਰੋਡ ਰਾਹੀਂ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ। ਵਾਹਨ ਚਾਲਕਾਂ ਨੂੰ ਵੱਖ-ਵੱਖ ਚੌਰਾਹਿਆਂ ਤੇ ਮਹੱਤਵਪੂਰਨ ਥਾਵਾਂ ’ਤੇ ਤਾਇਨਾਤ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ, ਆਪਣੀ ਯਾਤਰਾ ਦੀ ਪਹਿਲਾਂ ਤੋਂ ਯੋਜਨਾ ਬਣਾਉਣ ਤੇ ਵਾਧੂ ਸਮਾਂ ਲੈ ਕੇ ਚੱਲਣ ਦੀ ਸਲਾਹ ਦਿੱਤੀ ਗਈ ਹੈ। ਪੁਲਿਸ ਨੇ ਆਵਾਜਾਈ ਆਮ ਵਾਂਗ ਹੋਣ ਤੱਕ ਪ੍ਰਭਾਵਿਤ ਖੇਤਰ ’ਚ ਬੇਲੋੜੀ ਆਵਾਜਾਈ ਤੋਂ ਵੀ ਗੁਰੇਜ਼ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ : Pat Cummins: ਕ੍ਰਿਕੇਟ ਅਸਟਰੇਲੀਆ ਨੇ ਪੈਟ ਕਮਿੰਸ ’ਤੇ ਭਰੋਸਾ ਪ੍ਰਗਟ ਕੀਤਾ, ਟੈਸਟ ਕਪਤਾਨੀ ਤੋਂ ਹਟਾਉਣ ਦੀਆਂ ਅਟਕਲਾਂ ’ਤੇ ਲੱਗੀ ਰੋਕ

Comments

Post Your Comment

About The Author

Related Posts