Punjab
Kotkapura News: ਝੱਖੜ ਕਾਰਨ ਦੋ ਰਾਈਸ ਮਿੱਲਾਂ ਦਾ ਭਾਰੀ ਨੁਕਸਾਨ, ਮਸ਼ੀਨਰੀ ਤੇ ਇਮਾਰਤਾਂ ਨੁਕਸਾਨੀਆਂ
ਦੋ ਰਾਈਸ ਮਿੱਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ
ਕੋਟਕਪੂਰਾ (ਅਜੈ ਮਨਚੰਦਾ)। ਲੰਘੀ ਰਾਤ ਤੇਜ਼ ਹਵਾਵਾਂ ਅਤੇ ਭਾਰੀ ਬਰਸਾਤ ਕਾਰਨ ਪਿੰਡ ਵਾਂਦਰ ਜਟਾਣਾ ਵਿਖੇ ਸਥਿਤ ਦੋ ਰਾਈਸ ਮਿੱਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਝੱਖੜ ਕਾਰਨ ਜਿੱਥੇ ਸ਼ੈਲਰਾਂ ਦੀਆਂ ਇਮਾਰਤਾਂ ਨੁਕਸਾਨੀਆਂ ਗਈਆਂ, ਉੱਥੇ ਹੀ ਮਸ਼ੀਨਰੀ ਵੀ ਖਰਾਬ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਦੋਵਾਂ ਰਾਈਸ ਮਿੱਲਾਂ ਦਾ ਇੱਕ ਤੋਂ ਡੇਢ ਕਰੋੜ ਰੁਪਏ ਤੱਕ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ, ਜਦਕਿ ਨੁਕਸਾਨ ਦਾ ਅਸਲ ਮੁਲਾਂਕਣ ਕੀਤਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਪਿੰਡ ਵਾਂਦਰ ਜਟਾਣਾ ਵਿਖੇ ਸਥਿਤ ਐੱਚ.ਆਰ. ਰਾਈਸ ਮਿੱਲ ਅਤੇ ਏ.ਆਰ. ਰਾਈਸ ਮਿੱਲ ਨੂੰ ਲੰਘੀ ਰਾਤ ਆਏ ਝੱਖੜ ਅਤੇ ਭਾਰੀ ਬਰਸਾਤ ਕਾਰਨ ਨੁਕਸਾਨ ਪਹੁੰਚਿਆ। ਤੇਜ਼ ਹਵਾਵਾਂ ਕਾਰਨ ਮਸ਼ੀਨਰੀ ਦੇ ਹਿੱਸੇ ਵੀ ਉੱਡ ਗਏ ਅਤੇ ਇਮਾਰਤਾਂ ਨੂੰ ਨੁਕਸਾਨ ਹੋਇਆ।
Read Also : ਬੰਦ ਦੌਰਾਨ ਕਿਸਾਨ ਯੂਨੀਅਨ ਦਾ ਰੋਸ ਪ੍ਰਦਰਸ਼ਨ, ਸੁੰਨੇ ਪਏ ਬਜ਼ਾਰ, ਸਫ਼ਲ ਰਿਹਾ ਪੰਜਾਬ ਬੰਦ ਦਾ ਸੱਦਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਠਾੜੇ ਮੌੜ ਦੇ ਵਸਨੀਕ ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਕਰੀਬ ਦੋ ਸਾਲ ਪਹਿਲਾਂ ਪਿੰਡ ਵਾਂਦਰ ਜਟਾਣਾ ਵਿਖੇ ਇਹ ਦੋਵੇਂ ਸ਼ੈਲਰ ਸਥਾਪਤ ਕੀਤੇ ਗਏ ਸਨ। ਲੰਘੀ ਰਾਤ ਆਏ ਝੱਖੜ ਅਤੇ ਬਰਸਾਤ ਕਾਰਨ ਦੋਵਾਂ ਸ਼ੈਲਰਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਚੌਕੀਦਾਰਾਂ ਰਾਹੀਂ ਮਿਲੀ। ਫਿਲਹਾਲ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਉੱਧਰ, ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ ਕਿ ਦੋਵਾਂ ਸ਼ੈਲਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨੁਕਸਾਨ ਦਾ ਮੁਲਾਂਕਣ ਕਰਵਾ ਕੇ ਪ੍ਰਭਾਵਿਤ ਸ਼ੈਲਰ ਮਾਲਕਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ।