Punjab
Punjab Bandh Today: ਪਰਵਿੰਦਰ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਲਹਿਰਾਗਾਗਾ ਰਿਹਾ ਮੁਕੰਮਲ ਬੰਦ
ਕਿਸਾਨ ਜਥੇਬੰਦੀਆਂ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਜਾਖਲ-ਸੁਨਾਮ ਮੁੱਖ ਮਾਰਗ ’ਤੇ ਧਰਨਾ ਦੇ ਕੇ ਕੀਤਾ ਚੱਕਾ ਜਾਮ
ਲਹਿਰਾਗਾਗਾ (ਰਾਜ ਸਿੰਗਲਾ)। ਨਸ਼ਿਆਂ ਵਿਰੁੱਧ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਅੱਜ ਲਹਿਰਾਗਾਗਾ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਵੱਖ-ਵੱਖ ਸੰਘਰਸ਼ਸ਼ੀਲ ਸਮਾਜਿਕ, ਧਾਰਮਿਕ ਜਥੇਬੰਦੀਆਂ ਵੱਲੋਂ ਜਾਖਲ-ਸੁਨਾਮ ਮੁੱਖ ਮਾਰਗ ’ਤੇ ਨਹਿਰ ਦੇ ਪੁਲ ਕੋਲ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ।
ਇਹ ਜਾਮ ਸਵੇਰ ਤੋਂ ਸ਼ਾਮ ਤੱਕ ਜਾਰੀ ਰਿਹਾ। ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਅਤੇ ਸ਼ਹਿਰ ਅੰਦਰਲੇ ਗੈਰ-ਸਰਕਾਰੀ ਵਿਦਿਅਕ ਅਦਾਰੇ ਵੀ ਬੰਦ ਰਹੇ। ਮੁੱਖ ਮਾਰਗ ’ਤੇ ਧਰਨਾ ਲੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਜਨਰਲ ਸਕੱਤਰ ਰਾਮਪਾਲ ਸਿੰਘ ਜਲੂਰ, ਮੀਤ ਪ੍ਰਧਾਨ ਮਨਿੰਦਰ ਸਿੰਘ ਲਦਾਲ, ਬਿੰਦਰ ਸਿੰਘ ਲਹਿਲ ਕਲਾਂ, ਪ੍ਰੈੱਸ ਸਕੱਤਰ ਜਤਿੰਦਰ ਸਿੰਘ ਜਲੂਰ, ਜਥੇਦਾਰ ਪ੍ਰਗਟ ਸਿੰਘ ਗਾਗਾ, ਕਾਂਗਰਸੀ ਆਗੂ ਰਣਧੀਰ ਸਿੰਘ ਖਾਈ, ਗੁਰੀ ਚਹਿਲ, ਭਾਰਤੀ ਕਿਸਾਨ ਯੂਨੀਅਨ ਮਲਵਈ ਦੇ ਹਰਜਿੰਦਰ ਸਿੰਘ ਨੰਗਲਾ, ਸਾਬਕਾ ਸਰਪੰਚ ਅਜੈਬ ਸਿੰਘ ਲਦਾਲ, ਭੋਲਾ ਸਿੰਘ ਲਹਿਲ ਕਲਾਂ, ਰਣਵੀਰ ਸਿੰਘ ਦੇਹਲਾ, ਸੁਖਦੇਵ ਸਿੰਘ ਚੋਟੀਆਂ ਬਲਦੇਵ ਸਿੰਘ ਨਿਮਰ, ਗੁਰਨਾਮ ਸਿੰਘ ਨੰਬਰਦਾਰ, ਕੁਲਦੀਪ ਸਿੰਘ ਨੇ ਸੰਬੋਧਨ ਕੀਤਾ।
Read Also : ਭਾਰੀ ਮੀਂਹ ਤੇ ਗੜੇਮਾਰੀ ਨੇ ਪਿੰਡ ਵਾਂਦਰ ਜਟਾਣਾ ਚ ਝੋਨੇ ਦੀ ਫ਼ਸਲ ਕੀਤੀ ਤਬਾਹ, ਕਿਸਾਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ
ਆਗੂਆਂ ਨੇ ਨਸ਼ਿਆਂ ਦੇ ਖ਼ਾਤਮੇ ਲਈ ਸਾਂਝੇ ਯਤਨ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਯਕੀਨੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਅਲਾਮਤ ਤੋਂ ਬਚਾਉਣ ਲਈ ਠੋਸ ਕਦਮ ਚੁੱਕਣੇ ਜ਼ਰੂਰੀ ਹਨ। ਉਨ੍ਹਾਂ ਮੰਗ ਕੀਤੀ ਕਿ ਜਿੰਨਾ ਚਿਰ ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ ਦਿਵਾਉਣ ਲਈ ਬਣੀ ਕਮੇਟੀ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਓਨਾ ਸਮਾਂ ਐਕਸ਼ਨ ਕਮੇਟੀ ਵੱਲੋਂ ਉਲੀਕੇ ਹਰ ਸੰਘਰਸ਼ ਦਾ ਡਟਵਾਂ ਸਮਰਥਨ ਕੀਤਾ ਜਾਵੇਗਾ ।