Road Accident: ਜਗਰਾਉਂ ਤੋਂ ਸਿੱਧਵਾਂ ਬੇਟ ਰੋਡ ’ਤੇ ਕਾਰ ਤੇ PRTC ਮਿੰਨੀ ਬੱਸ ਦੀ ਆਹਮੋ-ਸਾਹਮਣੇ ਟੱਕਰ, ਬੱਸ ਝੋਨੇ ਦੇ ਖੇਤਾਂ ’ਚ ਵੜੀ

ਪਿੰਡ ਲੀਲਾ ਨੇੜੇ ਮੀਂਹ ਦੌਰਾਨ ਵਾਪਰਿਆ ਹਾਦਸਾ, ਕਾਰ ਚਾਲਕ ਤੇ ਮਹਿਲਾ ਜ਼ਖ਼ਮੀ, ਬੱਸ ’ਚ ਸਵਾਰ ਕਰੀਬ 30 ਯਾਤਰੀ ਵਾਲ-ਵਾਲ ਬਚੇ

Khushdeep Singh Picture
Published On

ਜਗਰਾਉਂ, ਸੱਚ ਕਹੂੰ ਨਿਊਜ਼/ਏਜੰਸੀ : ਜਗਰਾਉਂ-ਸਿੱਧਵਾਂ ਬੇਟ ਰੋਡ ’ਤੇ ਪਿੰਡ ਲੀਲਾ ਨੇੜੇ ਐਤਵਾਰ ਨੂੰ ਮੀਂਹ ਦੌਰਾਨ ਸੇਮ ਨਾਲੇ ਕੋਲ ਇੱਕ ਕਾਰ ਤੇ ਪੀਆਰਟੀਸੀ ਦੀ ਮਿੰਨੀ ਬੱਸ ਵਿਚਕਾਰ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ ’ਚ ਕਾਰ ਚਾਲਕ ਅਤੇ ਇੱਕ ਮਹਿਲਾ ਜ਼ਖ਼ਮੀ ਹੋ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ, ਜਦਕਿ ਬੱਸ ਬੇਕਾਬੂ ਹੋ ਕੇ ਝੋਨੇ ਦੇ ਖੇਤਾਂ ਵਿੱਚ ਜਾ ਵੜੀ। ਗਨੀਮਤ ਰਹੀ ਕਿ ਬੱਸ ਵਿੱਚ ਸਵਾਰ ਕਰੀਬ 30 ਯਾਤਰੀ ਸੁਰੱਖਿਅਤ ਬਚ ਗਏ। ਹਾਲਾਂਕਿ, ਇਨ੍ਹਾਂ ਵਿੱਚੋਂ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚੀ ਤੇ ਸਥਿਤੀ ਦਾ ਜਾਇਜ਼ਾ ਲਿਆ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੱਸ ਚਾਲਕ ਜਾਲੋਰ ਸਿੰਘ ਅਨੁਸਾਰ, ਉਹ ਐਤਵਾਰ ਨੂੰ ਤੇਜ਼ ਮੀਂਹ ਦੌਰਾਨ ਪੀਆਰਟੀਸੀ ਦੀ ਮਿੰਨੀ ਬੱਸ ਲੈ ਕੇ ਜਗਰਾਉਂ ਤੋਂ ਸਿੱਧਵਾਂ ਬੇਟ ਵੱਲ ਜਾ ਰਿਹਾ ਸੀ। ਇਸੇ ਦੌਰਾਨ ਸਿੱਧਵਾਂ ਬੇਟ ਵੱਲੋਂ ਆ ਰਹੀ ਇੱਕ ਕਾਰ ਪਿੰਡ ਲੀਲਾ ਨੇੜੇ ਸੇਮ ਨਾਲੇ ਕੋਲ ਅਚਾਨਕ ਸੜਕ ਦੇ ਵਿਚਕਾਰ ਆ ਗਈ, ਜਿਸ ਕਾਰਨ ਦੋਵਾਂ ਵਾਹਨਾਂ ਦੀ ਸਿੱਧੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੱਸ ਦੇ ਸੇਮ ਨਾਲੇ ’ਚ ਡਿੱਗਣ ਦਾ ਖ਼ਤਰਾ ਪੈਦਾ ਹੋ ਗਿਆ। ਅਜਿਹੇ ’ਚ ਬੱਸ ਚਾਲਕ ਨੇ ਤੁਰੰਤ ਸੂਝ-ਬੂਝ ਦਿਖਾਉਂਦਿਆਂ ਸਟੀਅਰਿੰਗ ਖੇਤਾਂ ਵੱਲ ਮੋੜ ਦਿੱਤਾ। ਇਸ ਕਾਰਨ ਬੱਸ ਨਾਲੇ ’ਚ ਡਿੱਗਣ ਤੋਂ ਬਚ ਗਈ ਤੇ ਝੋਨੇ ਦੇ ਖੇਤਾਂ ’ਚ ਜਾ ਕੇ ਰੁਕ ਗਈ। ਚਾਲਕ ਦੀ ਇਸ ਕੋਸ਼ਿਸ਼ ਨਾਲ ਬੱਸ ’ਚ ਸਵਾਰ ਯਾਤਰੀਆਂ ਦੀ ਜਾਨ ਬਚ ਗਈ। Road Accident

ਹਾਦਸੇ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਸੇਮ ਨਾਲੇ ਦੇ ਆਲੇ-ਦੁਆਲੇ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਨਾ ਹੋਣ ’ਤੇ ਚਿੰਤਾ ਤੇ ਨਾਰਾਜ਼ਗੀ ਜ਼ਾਹਰ ਕੀਤੀ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਨਾਲੇ ਦੇ ਦੋਵੇਂ ਪਾਸੇ ਨਾ ਤਾਂ ਕੋਈ ਸੁਰੱਖਿਆ ਦੀਵਾਰ ਬਣਾਈ ਗਈ ਹੈ ਤੇ ਨਾ ਹੀ ਵਾਹਨ ਚਾਲਕਾਂ ਨੂੰ ਸੁਚੇਤ ਕਰਨ ਲਈ ਚਿਤਾਵਨੀ ਬੋਰਡ ਲਾਏ ਗਏ ਹਨ। ਲੋਕਾਂ ਨੇ ਕਿਹਾ ਕਿ ਮੀਂਹ ਦੌਰਾਨ ਸੜਕ ’ਤੇ ਹਾਦਸਿਆਂ ਦਾ ਖ਼ਤਰਾ ਹੋਰ ਵਧ ਜਾਂਦਾ ਹੈ। ਅਜਿਹੇ ’ਚ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੇਮ ਨਾਲੇ ਦੇ ਦੋਵੇਂ ਪਾਸੇ ਤੁਰੰਤ ਸੁਰੱਖਿਆ ਦੀਵਾਰ ਬਣਾਈ ਜਾਵੇ ਤੇ ਲੋੜੀਂਦੇ ਚਿਤਾਵਨੀ ਬੋਰਡ ਲਾਏ ਜਾਣ, ਤਾਂ ਜੋ ਭਵਿੱਖ ’ਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। Road Accident

ਇਹ ਵੀ ਪੜ੍ਹੋ : PM Modi News: ਪ੍ਰਧਾਨ ਮੰਤਰੀ ਮੋਦੀ ਅੱਜ ਚੇਨਈ ਦੇ ਦੌਰੇ ’ਤੇ, ਵਿਕਾਸ ਪ੍ਰੋਜੈਕਟਾਂ ਦਾ ਦੇਣਗੇ ਤੋਹਫ਼ਾ

About The Author

Related Posts