Malerkotla News: ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ 121 ਪਰਿਵਾਰਾਂ ਨੂੰ ਮਿਲੇ ਮਾਲਕੀ ਦਸਤਾਵੇਜ਼

ਦਹਾਕਿਆਂ ਤੋਂ ਆਪਣੇ ਘਰਾਂ ’ਚ ਵੱਸਦੇ 121 ਪਰਿਵਾਰਾਂ ਨੂੰ ਮਿਲੀ ਮਾਲਕੀ ਦੀ ਕਾਨੂੰਨੀ ਪਛਾਣ

Satinder Mathur  Picture
Published On

ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਲਾਲ ਲਕੀਰ ਦੇ ਅੰਦਰ ਰਹਿ ਰਹੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕ ਦੇਣ ਲਈ ਚਲਾਈ ਜਾ ਰਹੀ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਪਿੰਡ ਹਕੀਮਪੁਰਾ ਅਤੇ ਮਹਿਬੂਬਪੁਰਾ ਦੇ 121 ਲੋੜਵੰਦ ਪਰਿਵਾਰਾਂ ਨੂੰ ਮਾਲਕੀ ਸਬੰਧੀ ਦਸਤਾਵੇਜ਼ ਸੌਂਪੇ।

ਇਸ ਮੌਕੇ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਸਕੀਮ ਉਨ੍ਹਾਂ ਪਰਿਵਾਰਾਂ ਲਈ ਮਹੱਤਵਪੂਰਨ ਰਾਹਤ ਹੈ, ਜੋ ਕਈ ਦਹਾਕਿਆਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਸਨ, ਪਰ ਉਨ੍ਹਾਂ ਕੋਲ ਆਪਣੇ ਮਕਾਨਾਂ ਦੀ ਮਾਲਕੀ ਸਾਬਤ ਕਰਨ ਲਈ ਕਾਨੂੰਨੀ ਦਸਤਾਵੇਜ਼ ਨਹੀਂ ਸਨ। ਮਾਲਕੀ ਦਸਤਾਵੇਜ਼ ਮਿਲਣ ਨਾਲ ਇਨ੍ਹਾਂ ਪਰਿਵਾਰਾਂ ਨੂੰ ਆਪਣੇ ਘਰਾਂ ਸਬੰਧੀ ਕਾਨੂੰਨੀ ਸੁਰੱਖਿਆ ਅਤੇ ਮਾਲਕੀ ਦੇ ਅਧਿਕਾਰ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ‘ਮਾਨ ਦੇ ਮੁਨਾਫੇ’ ਮੁਹਿੰਮ ਤਹਿਤ ਜ਼ਿਲ੍ਹੇ ਦੇ ਦੋਵੇਂ ਵਿਧਾਨ ਸਭਾ ਹਲਕਿਆਂ ਵਿੱਚ ਕਰੀਬ 316 ਲਾਭਪਾਤਰੀਆਂ ਨੂੰ ਮਾਲਕੀ ਦੀ ਕਾਨੂੰਨੀ ਪਛਾਣ ਨਾਲ ਸਬੰਧਤ ਦਸਤਾਵੇਜ਼ ਸੌਂਪੇ ਗਏ ਹਨ। ਉਨ੍ਹਾਂ ਕਿਹਾ ਕਿ ਮਾਲਕੀ ਹੱਕ ਮਿਲਣ ਨਾਲ ਲੋਕਾਂ ਦੇ ਆਤਮ-ਸਨਮਾਨ ਵਿੱਚ ਵਾਧਾ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਘਰਾਂ ਸਬੰਧੀ ਭਵਿੱਖ ਲਈ ਵਧੇਰੇ ਸੁਰੱਖਿਆ ਮਿਲੇਗੀ।

ਵਿਧਾਇਕ ਨੇ ਕਿਹਾ ਕਿ ਮਾਲਕੀ ਹੱਕ ਦੇਣ ਦੀ ਪ੍ਰਕਿਰਿਆ ਸਰਵੇਖਣ, ਮਾਲ ਰਿਕਾਰਡ ਦੀ ਜਾਂਚ, ਜ਼ਮੀਨੀ ਪੱਧਰ ’ਤੇ ਤਸਦੀਕ ਅਤੇ ਲੋੜੀਂਦੀ ਵੇਰੀਫਿਕੇਸ਼ਨ ਤੋਂ ਬਾਅਦ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਲਕੀ ਦੇ ਦਸਤਾਵੇਜ਼ ਲੋਕਾਂ ਲਈ ਸਿਰਫ਼ ਕਾਗਜ਼ ਦਾ ਟੁਕੜਾ ਨਹੀਂ, ਸਗੋਂ ਸਾਲਾਂ ਤੋਂ ਵੱਸਦੇ ਉਨ੍ਹਾਂ ਦੇ ਘਰ ਨਾਲ ਜੁੜੇ ਕਾਨੂੰਨੀ ਹੱਕ ਅਤੇ ਸੁਰੱਖਿਆ ਦੀ ਪਛਾਣ ਹਨ। ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਹੱਕ ਦੇਣ ਅਤੇ ਸਰਕਾਰੀ ਸੇਵਾਵਾਂ ਨੂੰ ਪਾਰਦਰਸ਼ੀ ਤੇ ਲੋਕ-ਪੱਖੀ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਲੋਕ ਭਲਾਈ ਨਾਲ ਸਬੰਧਤ ਯੋਜਨਾਵਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।

ਇਹ ਵੀ ਪੜ੍ਹੋ: Dhuri Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਵਾਸੀਆਂ ਨੂੰ 47.38 ਕਰੋੜ ਦੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਰੱਖਿਆ ਨੀਂਹ ਪੱਥਰ

ਇਸ ਮੌਕੇ ਲਾਭਪਾਤਰੀ ਪਰਿਵਾਰਾਂ ਨੇ ਮਾਲਕੀ ਦਸਤਾਵੇਜ਼ ਪ੍ਰਾਪਤ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਆਪਣੇ ਘਰਾਂ ਸਬੰਧੀ ਕਾਨੂੰਨੀ ਪਛਾਣ ਅਤੇ ਭਵਿੱਖ ਲਈ ਵਧੇਰੇ ਸੁਰੱਖਿਆ ਮਿਲੀ ਹੈ। ਇਸ ਮੌਕੇ ਚੇਅਰਮੈਨ ਹਰਬੰਸ ਸਿੰਘ ਖਟੜਾ, ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ, ਬਲਾਕ ਪ੍ਰਧਾਨ ਚਰਨਜੀਤ ਸਿੰਘ ਚੀਮਾ, ਕੋਆਰਡੀਨੇਟਰ ਬੀ.ਸੀ. ਵਿੰਗ ਅਬਦੁਲ ਸਤਾਰ ਅਤੇ ਨੰਬਰਦਾਰ ਇਕਬਾਲ ਤੱਖਰ ਖੁਰਦ ਸਮੇਤ ਹੋਰ ਹਾਜ਼ਰ ਸਨ।

About The Author

Related Posts