Aman Arora Employment News: ‘ਹੁਨਰ ਪੰਜਾਬ’ ਪੋਰਟਲ ਰਾਹੀਂ ਨੌਜਵਾਨਾਂ ਨੂੰ ਮਿਲਣ ਲੱਗੇ ਰੁਜ਼ਗਾਰ ਦੇ ਮੌਕੇ, 47 ਦਿਨਾਂ ’ਚ ਕੰਪਨੀਆਂ ਵੱਲੋਂ 200 ਤੋਂ ਵੱਧ ਅਰਜ਼ੀਆਂ : ਮੰਤਰੀ ਅਮਨ ਅਰੋੜਾ
ਟਾਟਾ ਸਟੀਲ, ਐਲ.ਟੀ. ਫੂਡਜ਼ ਸਮੇਤ ਕਈ ਵੱਡੀਆਂ ਕੰਪਨੀਆਂ ਨੇ ਸ਼ੁਰੂ ਕੀਤੀ ਭਰਤੀ ਪ੍ਰਕਿਰਿਆ 1,700 ਸਿੱਖਿਆ ਸੰਸਥਾਵਾਂ ਅਤੇ 1,100 ਉਦਯੋਗ ਪੋਰਟਲ ਨਾਲ ਜੁੜੇ: ਅਮਨ ਅਰੋੜਾ
Aman Arora Employment News: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)| ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਧੇਰੇ ਮੌਕੇ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ‘ਹੁਨਰ ਪੰਜਾਬ’ ਪੋਰਟਲ ਨੂੰ ਸ਼ੁਰੂਆਤੀ ਪੱਧਰ ’ਤੇ ਵੱਡਾ ਹੁੰਗਾਰਾ ਮਿਲ ਰਿਹਾ ਹੈ। ਇਸ ਪੋਰਟਲ ਰਾਹੀਂ ਟਾਟਾ ਸਟੀਲ, ਕਾਂਸਾਈ ਨੈਰੋਲੈਕ, ਐਲ.ਟੀ. ਫੂਡਜ਼ ਅਤੇ ਹੈਪੀ ਫੋਰਜਿੰਗਜ਼ ਵਰਗੀਆਂ ਨਾਮੀ ਕੰਪਨੀਆਂ ਨੇ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮਹਿਜ਼ 47 ਦਿਨਾਂ ਵਿੱਚ ਕੰਪਨੀਆਂ ਵੱਲੋਂ ਵਿੱਦਿਅਕ ਸੰਸਥਾਵਾਂ ਨੂੰ 200 ਤੋਂ ਵੱਧ ਅਰਜ਼ੀਆਂ ਭੇਜੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਹੁਣ ਤੱਕ 1,700 ਤੋਂ ਵੱਧ ਵਿੱਦਿਅਕ ਅਤੇ ਸਿਖਲਾਈ ਸੰਸਥਾਵਾਂ ਅਤੇ 1,100 ਤੋਂ ਵੱਧ ਉਦਯੋਗ ਇਸ ਪੋਰਟਲ ਨਾਲ ਜੁੜ ਚੁੱਕੇ ਹਨ। ਇਨ੍ਹਾਂ ਵਿੱਚ ਆਈ.ਟੀ.ਆਈਜ਼, ਪੌਲੀਟੈਕਨਿਕ, ਕਾਲਜ, ਯੂਨੀਵਰਸਿਟੀਆਂ, ਮੈਡੀਕਲ ਅਤੇ ਨਰਸਿੰਗ ਸੰਸਥਾਵਾਂ ਸ਼ਾਮਲ ਹਨ।
ਇਹ ਵੀ ਪੜ੍ਹੋ: Punjab State Level Sports : ਵਿਧਾਇਕ ਲਖਵੀਰ ਸਿੰਘ ਰਾਏ ਨੇ ਜੂਡੋ ਤੇ ਸਾਫਟਬਾਲ ਦੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ
ਉਨ੍ਹਾਂ ਕਿਹਾ ਕਿ ਪੋਰਟਲ ਰਾਹੀਂ ਕੈਂਪਸ ਪਲੇਸਮੈਂਟ ਡਰਾਈਵ ਵੀ ਸ਼ੁਰੂ ਹੋ ਚੁੱਕੀਆਂ ਹਨ ਅਤੇ ਵਿਦਿਆਰਥੀਆਂ ਨੂੰ ਨੌਕਰੀਆਂ ਦੀਆਂ ਪੇਸ਼ਕਸ਼ਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਰੁਜ਼ਗਾਰ ਪ੍ਰਾਪਤ ਕਰਨ ਦੇ ਮੌਕੇ ਮਿਲਣਗੇ। ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 8 ਅਕਤੂਬਰ ਨੂੰ ਸ਼ੁਰੂ ਕੀਤਾ ਗਿਆ ‘ਹੁਨਰ’ (ਹੱਬ ਫਾਰ ਅੱਪਸਕਿਲਿੰਗ, ਨੈੱਟਵਰਕਿੰਗ ਐਂਡ ਐਕਸੈੱਸ ਟੂ ਰੁਜ਼ਗਾਰ) ਇੱਕ ਸਾਂਝਾ ਡਿਜੀਟਲ ਪਲੇਟਫਾਰਮ ਹੈ। ਇਸ ਦਾ ਉਦੇਸ਼ ਉਦਯੋਗਾਂ ਨੂੰ ਲੋੜ ਅਨੁਸਾਰ ਹੁਨਰਮੰਦ ਨੌਜਵਾਨ ਮੁਹੱਈਆ ਕਰਵਾਉਣਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਜੋੜਨਾ ਹੈ।
ਉਨ੍ਹਾਂ ਕਿਹਾ ਕਿ ‘ਹੁਨਰ’ ਮਹਿਜ਼ ਇੱਕ ਪੋਰਟਲ ਨਹੀਂ, ਸਗੋਂ ਨੌਜਵਾਨਾਂ ਅਤੇ ਉਦਯੋਗਾਂ ਵਿਚਕਾਰ ਪੁਲ ਹੈ। ਕੰਪਨੀਆਂ ਇਸ ਰਾਹੀਂ ਵਿੱਦਿਅਕ ਸੰਸਥਾਵਾਂ ਵਿੱਚ ਉਪਲਬਧ ਕੋਰਸਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਬਾਰੇ ਜਾਣਕਾਰੀ ਹਾਸਲ ਕਰਕੇ ਸਿੱਧੇ ਭਰਤੀ ਲਈ ਅਰਜ਼ੀਆਂ ਭੇਜ ਸਕਦੀਆਂ ਹਨ। ਮੰਤਰੀ ਨੇ ਦੱਸਿਆ ਕਿ ‘ਹੁਨਰ’ ਪੋਰਟਲ ਨੂੰ ਸਰਕਾਰ ਦੇ ਨਿਵੇਸ਼ ਸਹੂਲਤ ਪਲੇਟਫਾਰਮ ‘ਫਾਸਟਟਰੈਕ ਪੰਜਾਬ’ ਨਾਲ ਵੀ ਜੋੜਿਆ ਗਿਆ ਹੈ। ਇਸ ਨਾਲ ਉਦਯੋਗਾਂ ਨੂੰ ਨਿਵੇਸ਼ ਸਬੰਧੀ ਸਹੂਲਤਾਂ ਦੇ ਨਾਲ-ਨਾਲ ਹੁਨਰਮੰਦ ਕਿਰਤ ਸ਼ਕਤੀ ਤੱਕ ਆਸਾਨ ਪਹੁੰਚ ਮਿਲੇਗੀ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਪਲੇਟਫਾਰਮ ਰਾਹੀਂ ਇੰਟਰਨਸ਼ਿਪ, ਉਦਯੋਗਿਕ ਸਿਖਲਾਈ, ਉਦਯੋਗਾਂ ਦੀ ਲੋੜ ਅਨੁਸਾਰ ਪਾਠਕ੍ਰਮ ਵਿੱਚ ਤਬਦੀਲੀਆਂ, ਫੈਕਲਟੀ ਡਿਵੈਲਪਮੈਂਟ ਅਤੇ ਮਾਹਿਰਾਂ ਦੇ ਲੈਕਚਰ ਵਰਗੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਦੇਣ ਦੇ ਨਾਲ-ਨਾਲ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਵਰਕਫੋਰਸ ਤਿਆਰ ਕਰਨਾ ਹੈ, ਜਿਸ ਨਾਲ ਸਥਾਨਕ ਰੁਜ਼ਗਾਰ, ਉਦਯੋਗਿਕ ਵਿਕਾਸ ਅਤੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ।
Comments