Punjab
Vidhan Sabha Election Punjab: 2027 ਦੀਆਂ ਵਿਧਾਨ ਸਭਾ ਚੋਣਾਂ ਲਈ ਦਿੜ੍ਹਬਾ ਹਲਕੇ ’ਚ ਸਿਆਸੀ ਸਰਗਰਮੀਆਂ ਹੋਈਆਂ ਤੇਜ਼
ਕਈ ਪਾਰਟੀਆਂ ਵੱਲੋਂ ਸੰਭਾਵੀ ਉਮੀਦਵਾਰਾਂ ਦੀ ਦਾਅਵੇਦਾਰੀ ਚਰਚਾ ’ਚ
ਦਿੜ੍ਹਬਾ ਮੰਡੀ (ਪ੍ਰਵੀਨ ਗਰਗ)। 2012 ਤੋਂ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਦਿੜ੍ਹਬਾ ਵਿਧਾਨ ਸਭਾ ਹਲਕੇ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਗੁਲਜ਼ਾਰ ਸਿੰਘ ਤੂਰਵੰਜਾਰਾ ਦੇ ਦਿਹਾਂਤ ਤੋਂ ਬਾਅਦ ਵੀ ਦਿੜ੍ਹਬਾ ਹਲਕਾ ਸਿਆਸੀ ਤੌਰ ’ਤੇ ਚਰਚਾ ਵਿੱਚ ਬਣਿਆ ਹੋਇਆ ਹੈ।
ਜੇਕਰ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਰਾਖਵੇਂ ਹੋਣ ਤੋਂ ਬਾਅਦ 2012 ’ਚ ਸ਼੍ਰੋਮਣੀ ਅਕਾਲੀ ਦਲ ਦੇ ਬਲਵੀਰ ਸਿੰਘ ਵਿਧਾਇਕ ਬਣੇ ਸਨ, ਜਦਕਿ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਹਰਪਾਲ ਸਿੰਘ ਚੀਮਾ ਨੇ ਜਿੱਤ ਹਾਸਲ ਕੀਤੀ। ਉਹ ਮੌਜ਼ੂਦਾ ਪੰਜਾਬ ਸਰਕਾਰ ਵਿੱਚ ਵਿੱਤ, ਆਬਕਾਰੀ ਅਤੇ ਟਰਾਂਸਪੋਰਟ ਵਿਭਾਗਾਂ ਦੇ ਮੰਤਰੀ ਹਨ। ਆਮ ਆਦਮੀ ਪਾਰਟੀ ਵੱਲੋਂ ਹਰਪਾਲ ਸਿੰਘ ਚੀਮਾ ਦਾ 2027 ’ਚ ਦਿੜ੍ਹਬਾ ਤੋਂ ਚੋਣ ਲੜਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।
Read Also : ਸਿਰਫ਼ 63 ਪੈਸੇ ਦਾ ਭੁਗਤਾਨ ਤੇ 50 ਹਜ਼ਾਰ ਦਾ ਫ਼ਾਇਦਾ, ਸਰਕਾਰ ਨੇ ਦਿੱਤਾ ਤੋਹਫ਼ਾ
ਉਨ੍ਹਾਂ ਵੱਲੋਂ ਹਲਕੇ ’ਚ ਆਪਣੀਆਂ ਸਿਆਸੀ ਸਰਗਰਮੀਆਂ ਵੀ ਜਾਰੀ ਰੱਖੀਆਂ ਜਾ ਰਹੀਆਂ ਹਨ। ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ ਦਾ ਨਾਂਅ ਮੁੱਖ ਦਾਅਵੇਦਾਰਾਂ ’ਚ ਹੈ। ਉਹ 2022 ’ਚ ਵੀ ਦਿੜ੍ਹਬਾ ਤੋਂ ਚੋਣ ਲੜ ਚੁੱਕੇ ਹਨ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ’ਤੇ ਹਨ। ਇਸ ਤੋਂ ਇਲਾਵਾ ਕਰਮਜੀਤ ਕੌਰ ਸ਼ੇਰੂ ਦਾ ਨਾਂਅ ਵੀ ਸੰਭਾਵੀ ਦਾਅਵੇਦਾਰਾਂ ਵਜੋਂ ਸਾਹਮਣੇ ਆ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੂਣਕ ਵਾਸੀ ਅਤੇ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਲਜ਼ਾਰ ਸਿੰਘ ਮੂਣਕ ਦਾ ਨਾਂਅ ਇਸ ਵਾਰ ਵੀ ਚਰਚਾ ’ਚ ਹੈ। ਉਹ 2022 ਦੀਆਂ ਚੋਣਾਂ ’ਚ ਵੀ ਦਿੜ੍ਹਬਾ ਤੋਂ ਚੋਣ ਲੜ ਚੁੱਕੇ ਹਨ ਅਤੇ ਮੁੜ ਟਿਕਟ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਭਾਜਪਾ ਵੱਲੋਂ ਵੀ ਹਲਕੇ ’ਚ ਸਰਗਰਮੀਆਂ ਤੇਜ ਹਨ। ਪਾਰਟੀ ਦੀ ਟਿਕਟ ਲਈ ਹਰਜਿੰਦਰ ਸਿੰਘ ਰੋਗਲਾ, ਸੁਖਚੈਨ ਸਿੰਘ ਕਾਲਾ ਕੜਿਆਲ, ਪਰਮਜੀਤ ਸਿੰਘ ਬਾਬਾ ਬਡਰੁੱਖਾਂ, ਰਿਸ਼ੀਪਾਲ ਖਹਿਰਾ, ਬਘੀਰ ਸਿੰਘ ਸੁਨਾਮ ਸਮੇਤ ਕਈ ਨਾਂਅ ਚਰਚਾ ਵਿੱਚ ਹਨ। ਇਸੇ ਤਰ੍ਹਾਂ ‘ਵਾਰਿਸ ਪੰਜਾਬ ਦੇ’ ਵੱਲੋਂ ਰਣਜੀਤ ਸਿੰਘ ਸ਼ੀਤਲ, ਮਾਲਵਿੰਦਰ ਸਿੰਘ ਮਾਲੀ ਕੋਹਰੀਆਂ ਤੇ ਅਮਰੀਕ ਸਿੰਘ ਖਨਾਲ ਦੀਆਂ ਸਰਗਰਮੀਆਂ ਵੀ ਹਲਕੇ ’ਚ ਦੇਖਣ ਨੂੰ ਮਿਲ ਰਹੀਆਂ ਹਨ।
ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਬੀਬੀ ਪਰਮਜੀਤ ਕੌਰ ਅਤੇ ਭਗਵਾਨ ਸਿੰਘ ਢੰਡੋਲੀ ਦੇ ਨਾਂਅ ਵੀ ਚਰਚਾ ਵਿੱਚ ਹਨ। ਦਿੜ੍ਹਬਾ ਹਲਕਾ ਰਾਖਵਾਂ ਹੋਣ ਤੋਂ ਬਾਅਦ ਹੁਣ ਤੱਕ ਵੋਟਰਾਂ ਨੇ ਵੱਖ-ਵੱਖ ਪਾਰਟੀਆਂ ਦੇ ਬਾਹਰਲੇ ਉਮੀਦਵਾਰਾਂ ਨੂੰ ਵੀ ਜਿੱਤ ਦਾ ਤਾਜ ਪਹਿਨਾਇਆ ਹੈ। ਹੁਣ ਦੇਖਣਾ ਹੋਵੇਗਾ ਕਿ ਆਗਾਮੀ ਚੋਣਾਂ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਕਿਸ ਨੂੰ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਦੀਆਂ ਹਨ। ਦਿੜ੍ਹਬਾ ਨੂੰ 2027 ਦੀਆਂ ਚੋਣਾਂ ਲਈ ਇੱਕ ਮਹੱਤਵਪੂਰਨ ਸੀਟ ਵਜੋਂ ਦੇਖਿਆ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਪਾਰਟੀਆਂ ਦੇ ਕੱਦਵਾਰ ਆਗੂਆਂ ਦੀ ਹਲਕੇ ਵਿੱਚ ਸਰਗਰਮੀ ਵਧਣ ਨਾਲ ਚੋਣ ਮੁਕਾਬਲਾ ਹੋਰ ਵੀ ਦਿਲਚਸਪ ਹੋਣ ਦੀ ਸੰਭਾਵਨਾ ਹੈ।