Sukhveer Singh Maiserkhana: ਟਿਕਟ ਦੇ ਦਾਅਵੇਦਾਰਾਂ ਦੀ ‘ਚੜ੍ਹਤ’ ਵੀ ਬਣੀ ਵਿਧਾਇਕ ਮਾਈਸਰਖਾਨਾ ਲਈ ‘ਨਮੋਸ਼ੀ’

ਵਿਧਾਇਕ ਸੁਖਵੀਰ ਸਿੰਘ ਮਾਈਸਰ ਖਾਨਾ ਆਮ ਆਦਮੀ ਪਾਰਟੀ ਨੇ ਬਾਹਰ ਕੀਤਾ

Ravinder Sharma Picture
Published On

Sukhveer Singh Maiserkhana: ਬਠਿੰਡਾ/ਮੌੜ ਮੰਡੀ (ਸੁਖਜੀਤ ਮਾਨ)। ਹਲਕਾ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰ ਖਾਨਾ ਨੂੰ ਭਾਵੇਂ ਹੀ ਅੱਜ ਸੋਸ਼ਲ ਮੀਡੀਆ ’ਤੇ ਆਪਣੀ ਹੀ ਸਰਕਾਰ ਖਿਲਾਫ਼ ਬੋਲਣ ਦੇ ਮਾਮਲੇ ’ਚ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ ਪਰ ਉਹ ਪਿਛਲੇ ਕਾਫੀ ਸਮੇਂ ਤੋਂ ਹਲਕੇ ’ਚ ਟਿਕਟ ਦੇ ਦਾਅਵੇਦਾਰਾਂ ਦੀਆਂ ਵਧਦੀਆਂ ਸਰਗਰਮੀਆਂ ਤੋਂ ਵੀ ਪ੍ਰੇਸ਼ਾਨੀ ’ਚ ਸੀ। ਅੱਜ ਦੇ ਸੋਸ਼ਲ ਮੀਡੀਆ ਲਾਈਵ ’ਚ ਵਿਧਾਇਕ ਨੇ ਇਸ ਗੱਲ ਦਾ ਜ਼ਿਕਰ ਤਾਂ ਨਹੀਂ ਕੀਤਾ ਪਰ ਵਿਧਾਇਕ ਨੇੜਲਿਆਂ ਨੇ ਇਹ ਗੱਲ ਜ਼ਰੂਰ ਆਖੀ ਹੈ ਕਿ ਉਸਦੀ ਲੰਮੇ ਸਮੇਂ ਤੋਂ ਅਣਦੇਖੀ ਇਸੇ ਕਾਰਨ ਕੀਤੀ ਜਾ ਰਹੀ ਸੀ।  

ਵੇਰਵਿਆਂ ਮੁਤਾਬਿਕ ਵਿਧਾਇਕ ਸੁਖਵੀਰ ਸਿੰਘ ਮਾਈਸਰ ਖਾਨਾ ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰਾਂ ’ਚ ਸ਼ਾਮਲ ਸੀ, ਜਿਸ ਨੂੰ ਅੱਜ ਪਾਰਟੀ ਨੇ ਬਾਹਰ ਕਰ ਦਿੱਤਾ। ਪਾਰਟੀ ਵੱਲੋਂ ਹਲਕਾ ਮੌੜ ਤੋਂ ਉਮੀਦਵਾਰ ਬਦਲਣ ਸਬੰਧੀ ਫ਼ੈਸਲਾ ਪਹਿਲਾਂ ਹੀ ਲੈ ਲਿਆ ਗਿਆ ਸੀ, ਜਿਸ ਕਾਰਨ ਹਲਕੇ ’ਚ ਕਰੀਬ ਇੱਕ ਦਰਜ਼ਨ ਦਾਅਵੇਦਾਰ ਵਿਚਰ ਰਹੇ ਹਨ। ਕੱਲ੍ਹ ਮੌੜ ਮੰਡੀ ’ਚ ਸ਼ੂਗਰਫ਼ੈੱਡ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਵੱਲੋਂ ਵੀ ਆਪਣੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਦਫ਼ਤਰ ਦੇ ਇਸ ਉਦਘਾਟਨ ’ਚ ਵਿਧਾਇਕ ਮਾਈਸਰ ਖਾਨਾ ਦੇ ਨਾਲ ਪਰਛਾਵੇਂ ਵਾਂਗ ਰਹਿਣ ਵਾਲੇ ਵਿਅਕਤੀ ਵੀ ਸ਼ਾਮਲ ਹੋਏ ਤਾਂ ਸੁਭਾਵਿਕ ਤੌਰ ’ਤੇ ਵਿਧਾਇਕ ਨੂੰ ਇਸਦਾ ਮਾਨਸਿਕ ਤੌਰ ’ਤੇੇ ਝਟਕਾ ਲੱਗਿਆ ਹੋਵੇਗਾ।

Read Also : ਵਿਧਾਨ ਸਭਾ ਹਲਕਾ ਧੂਰੀ ’ਚ ਚੋਣ ਸਰਗਰਮੀਆਂ ’ਚ ਆਉਣ ਲੱਗੀ ਗਰਮੀ

ਵਿਧਾਇਕ ਨੇੜਲਿਆਂ ’ਚੋਂ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਉਹ ਤਾਂ ਪਾਰਟੀ ਦੇ ਹੁਕਮਾਂ ਤਹਿਤ ਚਲਦੇ ਹਨ, ਉਨ੍ਹਾਂ ਲਈ ਵਿਅਕਤੀ ਨਹੀਂ, ਸਗੋਂ ਸੰਗਠਨ ਵੱਡਾ ਹੈ ਤੇ ਸੰਗਠਨ ਦੀ ਮਜ਼ਬੂਤੀ ਲਈ ਉਹ ਪਾਰਟੀ ’ਚ ਕੰਮ ਕਰਦੇ ਹਨ। ਵਿਧਾਇਕ ਸੁਖਵੀਰ ਸਿੰਘ ਮਾਈਸਰਾਖਾਨਾ ਦੇ ਸਿਆਸੀ ਕੈਰੀਅਰ ’ਤੇ ਝਾਤ ਮਾਰੀਏ ਤਾਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਵੀ ਸੁਖਵੀਰ ਮਾਈਸਰ ਖਾਨਾ ਹਲਕਾ ਮੌੜ ਤੋਂ ਟਿਕਟ ਦੇ ਮੁੱਖ ਦਾਅਵੇਦਾਰਾਂ ’ਚ ਪਰ ਉਸ ਵੇਲੇ ਪਾਰਟੀ ਨੇ ਟਿਕਟ ਜਗਦੇਵ ਸਿੰਘ ਕਮਾਲੂ ਨੂੰ ਦਿੱਤੀ।

ਟਿਕਟ ਨਾ ਮਿਲਣ ’ਤੇ ਘਰ ਬੈਠਣ ਦੀ ਥਾਂ ਪਾਰਟੀ ਲਈ ਕੰਮ ਕਰਦੇ ਰਹਿਣ ਦੇ ਇਨਾਮ ਵਜੋਂ ਹੀ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪਾਰਟੀ ਨੇ ਸੁਖਵੀਰ ਨੂੰ ਸਿਆਸੀ ਮੈਦਾਨ ’ਚ ਉਮੀਦਵਾਰ ਵਜੋਂ ਉਤਾਰਿਆਂ ਤਾਂ ਉਹ ਜਿੱਤ ਕੇ ਵਿਧਾਇਕ ਬਣ ਗਏ। ਵਿਧਾਇਕ ਨੇੜਲੇ ਦੱਸਦੇ ਹਨ ਕਿ ਪਾਰਟੀ ਹਾਈ ਕਮਾਂਡ ਵੱਲੋਂ ਜ਼ਿਮਨੀ ਚੋਣਾਂ, ਲੋਕ ਸਭਾ ਚੋਣਾਂ ’ਚ ਤੇ ਪਾਰਟੀ ਦੀਆਂ ਹੋਰ ਗਤੀਵਿਧੀਆਂ ’ਚ ਵਿਧਾਇਕਾਂ ਦੀ ਜੋ ਡਿਊਟੀ ਲਗਾਈ ਜਾਂਦੀ ਸੀ ਉਸ ’ਚ ਸੁਖਵੀਰ ਸਿੰਘ ਮਾਈਸਰ ਖਾਨਾ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਂਦੇ ਸੀ। ਉਸਦੇ ਪਾਰਟੀ ਦੀ ਸੂਬਾ ਲੀਡਰਸ਼ਿਪ ਤੋਂ ਇਲਾਵਾ ਹਾਈ ਕਮਾਂਡ ਨਾਲ ਚੰਗੇ ਸਬੰਧ ਵੀ ਕਿਸੇ ਤੋਂ ਲੁਕੇ-ਛਿਪੇ ਨਹੀਂ ਸੀ ਪਰ ਅੱਜ ਵਿਧਾਇਕ ਵੱਲੋਂ ਹਲਕੇ ਦੇ ਸਕੂਲਾਂ ਦਾ ਜ਼ਿਕਰ ਕਰਨ ’ਤੇ ਪਾਰਟੀ ਵੱਲੋਂ ਇੱਕ ਦਮ ਕੀਤੀ ਗਈ ਕਾਰਵਾਈ ਹੈਰਾਨੀਜਨਕ ਹੈ। 

ਟਿਕਟ ਦਾ ਕੋਈ ਮਸਲਾ ਨਹੀਂ : ਵਿਧਾਇਕ

ਫੇਸਬੁੱਕ ਲਾਈਵ ਦੌਰਾਨ ਵਿਧਾਇਕ ਸੁਖਵੀਰ ਸਿੰਘ ਮਾਈਸਰ ਖਾਨਾ ਨੇ ਕਿਹਾ ਕਿ ਉਸ ਨੂੰ ਟਿਕਟ ਵਗੈਰਾ ਦਾ ਕੋਈ ਡਰ ਨਹੀਂ ਮਿਲੇ ਜਾਂ ਨਾ। ਵਿਧਾਇਕ ਦੇ ਇਸ ਜ਼ਿਕਰ ਤੋਂ ਜਾਪਦਾ ਹੈ ਕਿ ਉਨ੍ਹਾਂ ਨੂੰ ਟਿਕਟ ਕੱਟੇ ਜਾਣ ਦਾ ਪਹਿਲਾਂ ਤੋਂ ਹੀ ਸ਼ੰਕਾ ਪੈਦਾ ਹੋ ਗਈ ਸੀ, ਜਿਸ ਕਰਕੇ ਹੀ ਉਨ੍ਹਾਂ ਨੇ ‘ਸਿੱਖਿਆ ਕ੍ਰਾਂਤੀ’ ਦਾ ਜ਼ਿਕਰ ਕਰਦਿਆਂ ਆਪਣੀ ਹੀ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਪਾਰਟੀ ’ਚੋਂ ਬਾਹਰ ਕੱਢ ਦਿੱਤੇ ਜਾਣ ਮਗਰੋਂ ਜਦੋਂ ਦੇਰ ਸ਼ਾਮ ਵਿਧਾਇਕ ਦੀ ਟਿੱਪਣੀ ਜਾਣਨ ਸਬੰਧੀ ਉਨ੍ਹਾਂ ਦੇ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਵਟਸਐਪ ’ਤੇ ਕਾਲ ਜਾਣ ਦੇ ਬਾਵਜੂਦ ਵਿਧਾਇਕ ਵੱਲੋਂ ਕਾਲ ਰਸੀਵ ਨਹੀਂ ਕੀਤੀ ਗਈ।

About The Author

Related Posts