Punjab
Amritsar News: ਦਿਨ ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ
ਦੇਸੀ ਪਿਸਤੌਲ ਨਾਲ 5 ਤੋਂ 6 ਫ਼ਾਇਰ
ਅੰਮ੍ਰਿਤਸਰ (ਰਾਜਨ ਮਾਨ)। ਸਥਾਨਕ ਗੇਟ ਹਕੀਮਾ ਇਲਾਕੇ ਵਿੱਚ ਐਕਟਿਵਾ ਪਾਰਕ ਕਰਨ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਦੌਰਾਨ ਇੱਕ 27 ਸਾਲਾ ਨੌਜਵਾਨ ਅਮਿਤ ਸੱਭਰਵਾਲ ਦਾ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਵਿੱਚੋਂ ਚਾਰ ਗੋਲੀਆਂ ਅਮਿਤ ਦੇ ਸਿਰ, ਕਮਰ ਅਤੇ ਲੱਤ ਵਿੱਚ ਜਾ ਵੱਜੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਅਮਿਤ ਸ਼ੁੱਕਰਵਾਰ ਦੇਰ ਰਾਤ ਆਪਣੇ ਦੋਸਤਾਂ ਨਾਲ ਪਾਰਟੀ ਤੋਂ ਵਾਪਸ ਪਰਤਿਆ ਸੀ ਅਤੇ ਉਸਨੇ ਆਪਣੀ ਐਕਟਿਵਾ ਘਰ ਦੇ ਬਾਹਰ ਗਲੀ ਵਿੱਚ ਖੜ੍ਹੀ ਕੀਤੀ ਸੀ। ਇਸ ਦੌਰਾਨ ਗੁਆਂਢ ਵਿੱਚ ਰਹਿਣ ਵਾਲੇ ਤਿੰਨ ਸਕੇ ਭਰਾ, ਅਭੀ ਸ਼ਾਹ, ਸੰਨੀ ਸ਼ਾਹ ਅਤੇ ਰਿਤਿਕ ਸ਼ਾਹ ਉੱਥੇ ਆਏ ਅਤੇ ਐਕਟਿਵਾ ਹਟਾਉਣ ਨੂੰ ਲੈ ਕੇ ਬਹਿਸ ਸ਼ੁਰੂ ਕਰ ਦਿੱਤੀ।
Read Also ; ਫਿਲੀਪੀਨਜ਼ ’ਚ 2 ਸਿਖਲਾਈ ਜਹਾਜ਼ ਟਕਰਾਏ, 4 ਪਾਇਲਟਾਂ ਦੀ ਮੌਤ
ਬਹਿਸ ਇੰਨੀ ਵਧ ਗਈ ਕਿ ਮੁਲਜ਼ਮ ਅਭੀ ਸ਼ਾਹ ਨੇ ਆਪਣੇ ਦੇਸੀ ਪਿਸਤੌਲ ਨਾਲ ਅਮਿਤ 'ਤੇ 5 ਤੋਂ 6 ਫ਼ਾਇਰ ਕਰ ਦਿੱਤੇ। ਘਰ ਦੇ ਅੰਦਰ ਪਰਿਵਾਰਕ ਮੈਂਬਰਾਂ ਨੇ ਪਟਾਕਿਆਂ ਵਰਗੀ ਆਵਾਜ਼ ਸੁਣੀ ਅਤੇ ਜਦੋਂ ਉਹ ਬਾਹਰ ਆਏ ਤਾਂ ਅਮਿਤ ਜ਼ਖਮੀ ਹਾਲਤ ਵਿੱਚ ਕਰਾਹ ਰਿਹਾ ਸੀ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਪੁਲਿਸ ਵਲੋਂ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਥਾਣਾ ਗੇਟ ਹਕੀਮਾ ਦੇ SHO ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਨੀਲ ਕੁਮਾਰ ਸੱਭਰਵਾਲ ਦੇ ਬਿਆਨਾਂ ਦੇ ਆਧਾਰ 'ਤੇ ਤਿੰਨਾਂ ਮੁਲਜ਼ਮ ਭਰਾਵਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੌਕੇ 'ਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।