Vidhan Sabha Punjab: ਵਿਧਾਨ ਸਭਾ ਹਲਕਾ ਧੂਰੀ ’ਚ ਚੋਣ ਸਰਗਰਮੀਆਂ ’ਚ ਆਉਣ ਲੱਗੀ ਗਰਮੀ
ਮੁੱਖ ਮੰਤਰੀ ਭਗਵੰਤ ਮਾਨ ਕਰਕੇ ਹਮੇਸ਼ਾ ਚਰਚਾ ’ਚ ਰਿਹਾ ਹੈ ਹਲਕਾ ਧੂਰੀ
ਧੂਰੀ (ਰਵੀ ਗੁਰਮਾ)। ਜ਼ਿਲ੍ਹਾ ਸੰਗਰੂਰ ਦਾ ਵਿਧਾਨ ਸਭਾ ਹਲਕਾ ਧੂਰੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਭ ਤੋਂ ਚਰਚਿਤ ਹਲਕਾ ਬਣ ਗਿਆ ਹੈ। ਮੌਜ਼ੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹਲਕਾ ਹੋਣ ਕਰਕੇ ਇੱਥੇ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਹਨ ਅਤੇ ਵੱਖ-ਵੱਖ ਪਾਰਟੀਆਂ ਦੇ ਦਾਅਵੇਦਾਰਾਂ ਵੱਲੋਂ ਟਿਕਟ ਲਈ ਦਾਅਵੇਦਾਰੀਆਂ ਜਤਾਈਆਂ ਜਾ ਰਹੀਆਂ ਹਨ। ਭਾਵੇਂ ਕਿ ਅਧਿਕਾਰਿਤ ਤੌਰ ’ਤੇ ਕਿਸੇ ਵੀ ਪਾਰਟੀ ਵੱਲੋਂ ਇਸ ਹਲਕੇ ਤੋਂ ਉਮੀਦਵਾਰ ਨਹੀਂ ਐਲਾਨਿਆ ਗਿਆ।
ਮੀਡੀਆ ਰਿਪੋਰਟਾਂ ਅਤੇ ਪਾਰਟੀ ਬਿਆਨਾਂ ਅਨੁਸਾਰ ਜੇਕਰ ਸੱਤਾ ਧਿਰ ਦੀ ਗੱਲ ਕੀਤੀ ਜਾਵੇ ਤਾਂ ਇਸ ਹਲਕੇ ਤੋਂ ਮੌਜ਼ੂਦਾ ਵਿਧਾਇਕ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਮੁੱਖ ਤੌਰ ਤੇ ਚੋਣ ਲੜ ਸਕਦੇ ਹਨ। ਪਾਰਟੀ ਸਮਰਥਕਾਂ ਵੱਲੋਂ ਹਾਲ ਹੀ ਵਿੱਚ ਧੂਰੀ ਤੋਂ ਪਾਰਟੀ ਦੀ ਘਰ-ਘਰ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਤੇ 2027 ਵਿੱਚ ਵੀ ਇਸ ਹਲਕੇ ਤੋਂ ਚੋਣ ਲੜਨ ਦੇ ਸੰਕੇਤ ਦਿੱਤੇ ਹਨ। ਆਪ ਇਸ ਸੀਟ ਨੂੰ ਆਪਣੀ ਤਾਕਤ ਵਜੋਂ ਪੇਸ਼ ਕਰ ਰਹੀ ਹੈ।
Read Also : ਸ਼ੋਅਰੂਮ ’ਚ ਲੱਗੀ ਅੱਗ, ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅੱਗ ਬੁਝਾਉਣ ਲਈ ਹੋਏ ਮੂਹਰੇ
ਜੇਕਰ ਗੱਲ ਭਾਰਤੀ ਜਨਤਾ ਪਾਰਟੀ ਦੀ ਕੀਤੀ ਜਾਵੇ ਤਾਂ ਪ੍ਰੋਫੈਸਰ ਉਂਕਾਰ ਸਿੰਘ ਸਿੱਧੂ ਵੱਲੋਂ ਇਸ ਹਲਕੇ ਵਿੱਚ ਸਰਗਰਮੀਆਂ ਵਿੱਢੀਆਂ ਹੋਈਆਂ ਹਨ ਸਾਬਕਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਤਾਂ ਹਾਲ ਹੀ ’ਚ ਧੂਰੀ ’ਚ ਨਸ਼ਾ ਰੋਕੂ ਯਾਤਰਾ ਦੌਰਾਨ ਉਨ੍ਹਾਂ ਨੂੰ ਇਸ ਹਲਕੇ ਤੋਂ ਉਮੀਦਵਾਰ ਵਜੋਂ ਵੀ ਐਲਾਨ ਦਿੱਤਾ ਗਿਆ ਹੈ, ਪਰ ਪਾਰਟੀ ਵੱਲੋਂ ਹਾਲੇ ਤੱਕ ਅਧਿਕਾਰਕ ਤੌਰ ’ਤੇ ਐਲਾਨ ਨਹੀਂ ਕੀਤਾ ਗਿਆ ਹੈ ਰਣਦੀਪ ਸਿੰਘ ਦਿਓਲ ਵੀ ਇਸ ਹਲਕੇ ’ਚ ਦਾਅਵੇਦਾਰੀ ਜਤਾ ਰਹੇ ਹਨ।
ਕਾਂਗਰਸ ਪਾਰਟੀ ਵੱਲੋਂ ਮੁੱਖ ਰੂਪ ਵਿੱਚ ਤਿੰਨ ਚਿਹਰੇ ਇਸ ਹਲਕੇ ਵਿੱਚ ਆਪਣੇ ਆਪ ਨੂੰ ਉਮੀਦਵਾਰ ਵਜੋਂ ਪੇਸ਼ ਕਰ ਰਹੇ ਹਨ, ਜਿਨ੍ਹਾਂ ਵਿੱਚੋ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ, ਜੋ ਕਿ ਲਗਾਤਾਰ ਹਲਕੇ ਵਿੱਚ ਵਿਚਰ ਰਹੇ ਹਨ ਅਤੇ ਇਹ ਐਲਾਨ ਕਰ ਚੁੱਕੇ ਹਨ ਕਿ ਉਹ ਧੂਰੀ ਤੋਂ ਹਰ ਹਾਲ ਵਿੱਚ ਵਿਧਾਨ ਸਭਾ ਦੀ ਚੋਣ ਲੜਨਗੇ। ਉਸ ਤੋਂ ਬਾਅਦ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ ਵੀ ਹਲਕੇ ਵਿੱਚ ਲਗਾਤਾਰ ਗਤੀਵਿਧੀਆਂ ਚਲਾ ਰਹੇ ਹਨ ਅਤੇ ਆਪਣੇ ਆਪ ਨੂੰ ਉਮੀਦਵਾਰ ਵਜੋਂ ਪੇਸ਼ ਕਰ ਰਹੇ ਹਨ।
ਉਹ ਹਲਕੇ ਵਿੱਚ ਇੱਕ ਚੰਗਾ ਆਧਾਰ ਰੱਖਦੇ ਹਨ। ਤੀਸਰਾ ਨਾਂਅ ਹਰਦੀਪ ਸਿੰਘ ਦੌਲਤਪੁਰ ਦਾ ਹੈ, ਜੋ ਪਿੰਡ ਦੌਲਤਪੁਰ ਦੇ ਮੌਜ਼ੂਦਾ ਸਰਪੰਚ ਹਨ ਅਤੇ ਹਲਕੇ ਦੇ ਪਿੰਡਾਂ ਵਿੱਚ ਉਹਨਾਂ ਵੱਲੋਂ ਵੀ ਚੰਗੀ ਪਕੜ ਬਣਾਈ ਹੋਈ ਹੈ।ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਇਸ ਵਿਧਾਨ ਸਭਾ ਹਲਕੇ ਵਿੱਚ ਰਣਜੀਤ ਸਿੰਘ ਰੰਧਾਵਾ ਆਪਣੇ ਆਪ ਨੂੰ ਉਮੀਦਵਾਰ ਵਜੋਂ ਪੇਸ਼ ਕਰ ਰਹੇ ਹਨ ਅਤੇ ਹੋਰ ਕੋਈ ਖਾਸ ਨਾਂਅ ਸਾਹਮਣੇ ਨਹੀਂ ਆਇਆ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ ਪਰ ਸੂਚੀ ਵਿਚ ਧੂਰੀ ਹਲਕਾ ਸ਼ਾਮਲ ਨਹੀਂ ਸੀ। ਚਰਚਾ ਹੈ ਕਿ ਖਡੂਰ ਸਾਹਿਬ ਦੇ ਐੱਮਪੀ ਅੰਮ੍ਰਿਤਪਾਲ ਸਿੰਘ ਦੋ ਸੀਟਾਂ ਤੋਂ ਚੋਣ ਲੜ ਸਕਦੇ ਹਨ, ਜਿਨ੍ਹਾਂ ਵਿੱਚੋਂ ਇੱਕ ਵਿਧਾਨ ਸਭਾ ਹਲਕਾ ਧੂਰੀ ਹੋ ਸਕਦਾ ਹੈ । ਹਾਲਾਂਕਿ ਪਾਰਟੀ ਨੇ ਅੰਤਿਮ ਫੈਸਲਾ ਅਜੇ ਨਹੀਂ ਕੀਤਾ।