Mohali Trophy Tour: ਹੀਰੋ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦਾ ਟਰਾਫ਼ੀ ਟੂਰ ਮੋਹਾਲੀ ਤੋਂ ਸ਼ੁਰੂ

ਟੂਰਨਾਮੈਂਟ ਵਿੱਚ ਭਾਰਤ, ਬੰਗਲਾਦੇਸ਼, ਜਾਪਾਨ, ਚੀਨ, ਦੱਖਣੀ ਕੋਰੀਆ ਅਤੇ ਮਲੇਸ਼ੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ

Satinder Mathur  Picture
Published On

Mohali Trophy Tour: ਮੋਹਾਲੀ, (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ਦੀ ਧਰਤੀ ਉਤੇ ਪਹਿਲੀ ਵਾਰ ਖੇਡੇ ਜਾਣ ਵਾਲੇ ਹਾਕੀ ਟੂਰਨਾਮੈਂਟ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦਾ ਟਰਾਫ਼ੀ ਟੂਰ ਐਤਵਾਰ ਨੂੰ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ, ਫੇਜ਼-10, ਮੋਹਾਲੀ ਤੋਂ ਸ਼ੁਰੂ ਹੋਇਆ। ਇਸ ਮੌਕੇ ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਅਰਜੁਨ ਐਵਾਰਡੀ ਰਾਜਪਾਲ ਸਿੰਘ ਹੁੰਦਲ ਅਤੇ ਓਲੰਪੀਅਨ ਤੇ ਅਰਜੁਨ ਐਵਾਰਡੀ ਪ੍ਰਭਜੋਤ ਸਿੰਘ ਮੌਜੂਦ ਸਨ।

ਇਹ ਵੀ ਪੜ੍ਹੋ: Action Against Illegal Hoardings: ਧਾਰਮਿਕ ਸਥਾਨਾਂ, ਬਿਜਲੀ ਦੇ ਖੰਭਿਆਂ ਤੇ ਸਰਕਾਰੀ ਕੰਧਾਂ ’ਤੇ ਲੱਗੇ ਗੈਰ-ਕਾਨੂੰਨੀ ਫਲੈਕਸਾਂ ਖ਼ਿਲਾਫ਼ ਕਾਰਵਾਈ ਦੇ ਹੁਕਮ

ਇਸ ਟਰਾਫ਼ੀ ਟੂਰ ਦਾ ਉਦੇਸ਼ ਪੰਜਾਬ ਵਿੱਚ ਹੋਣ ਜਾ ਰਹੇ ਵੱਕਾਰੀ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਪ੍ਰਤੀ ਖੇਡ ਪ੍ਰੇਮੀਆਂ ਵਿੱਚ ਉਤਸ਼ਾਹ ਪੈਦਾ ਕਰਨਾ ਅਤੇ ਨੌਜਵਾਨਾਂ ਨੂੰ ਹਾਕੀ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਹੈ। ਪਹਿਲੇ ਦਿਨ ਟਰਾਫ਼ੀ ਟੂਰ ਐਸ.ਏ.ਐਸ. ਨਗਰ ਤੋਂ ਫਤਹਿਗੜ੍ਹ ਸਾਹਿਬ ਰਾਹੀਂ ਪਟਿਆਲਾ ਪਹੁੰਚੇਗਾ, ਜਿੱਥੇ ਰਾਤ ਦਾ ਠਹਿਰਾਅ ਹੋਵੇਗਾ। 19 ਅਕਤੂਬਰ ਨੂੰ ਟਰਾਫ਼ੀ ਸਵੇਰੇ 8 ਵਜੇ ਮਲੇਰਕੋਟਲਾ, ਦੁਪਹਿਰ 12 ਵਜੇ ਬਰਨਾਲਾ ਅਤੇ ਸ਼ਾਮ 5 ਵਜੇ ਸੰਗਰੂਰ ਪਹੁੰਚੇਗੀ, ਜਿੱਥੇ ਰਾਤ ਦਾ ਠਹਿਰਾਅ ਹੋਵੇਗਾ। ਸੂਬੇ ਭਰ ਦਾ ਇਹ ਟੂਰ 26 ਅਕਤੂਬਰ ਨੂੰ ਜਲੰਧਰ ਵਿਖੇ ਸਮਾਪਤ ਹੋਵੇਗਾ।

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀ ਮੇਜ਼ਬਾਨੀ ਪੰਜਾਬ ਵਿੱਚ ਕਰਵਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੂਬੇ ਦੇ ਹਾਕੀ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ 27 ਅਕਤੂਬਰ ਤੋਂ 5 ਨਵੰਬਰ, 2026 ਤੱਕ ਹੋਣ ਵਾਲੇ ਇਸ ਵੱਕਾਰੀ ਟੂਰਨਾਮੈਂਟ ਦੇ ਮੁਕਾਬਲੇ ਜਲੰਧਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਕਰਵਾਏ ਜਾਣਗੇ। ਜਲੰਧਰ ਵਿਖੇ 27 ਅਕਤੂਬਰ ਤੋਂ 2 ਨਵੰਬਰ ਤੱਕ ਛੇ ਦੇਸ਼ਾਂ ਦੀਆਂ ਟੀਮਾਂ ਦੇ ਲੀਗ ਮੁਕਾਬਲੇ ਹੋਣਗੇ, ਜਦਕਿ ਮੋਹਾਲੀ ਵਿਖੇ 4 ਨਵੰਬਰ ਨੂੰ ਦੋਵੇਂ ਸੈਮੀਫਾਈਨਲ ਅਤੇ 5 ਨਵੰਬਰ ਨੂੰ ਤੀਜੇ ਸਥਾਨ ਲਈ ਮੁਕਾਬਲਾ ਅਤੇ ਫਾਈਨਲ ਖੇਡਿਆ ਜਾਵੇਗਾ।

ਇਸ ਟੂਰਨਾਮੈਂਟ ਵਿੱਚ ਭਾਰਤ, ਬੰਗਲਾਦੇਸ਼, ਜਾਪਾਨ, ਚੀਨ, ਦੱਖਣੀ ਕੋਰੀਆ ਅਤੇ ਮਲੇਸ਼ੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਅਜਿਹੇ ਕੌਮਾਂਤਰੀ ਮੁਕਾਬਲੇ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨਗੇ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਟੇਡੀਅਮ ਵਿਖੇ ਚੱਲ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਖੇਡ ਵਿਭਾਗ ਦੇ ਸਹਿਯੋਗ ਨਾਲ ਸਟੇਡੀਅਮ ਵਿੱਚ ਮੁੱਢਲੇ ਨਵੀਨੀਕਰਨ ਅਤੇ ਮੁਰੰਮਤ ਦੇ ਕੰਮ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਠਹਿਰਨ ਅਤੇ ਸਟੇਡੀਅਮ ਅੰਦਰ ਲੋੜੀਂਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਤਾਂ ਜੋ ਟੂਰਨਾਮੈਂਟ ਦੌਰਾਨ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਸੁਚੱਜੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।

ਉਨ੍ਹਾਂ ਕਿਹਾ ਕਿ ਏਸ਼ੀਅਨ ਹਾਕੀ ਸੰਸਥਾ ਵੱਲੋਂ ਬੇਹਤਰ ਪ੍ਰਦਰਸ਼ਨ ਦੇ ਆਧਾਰ ’ਤੇ ਚੁਣੀਆਂ ਗਈਆਂ ਕੌਮਾਂਤਰੀ ਟੀਮਾਂ ਦੀ ਮੇਜ਼ਬਾਨੀ ਕਰਨਾ ਮੋਹਾਲੀ ਲਈ ਮਾਣ ਵਾਲੀ ਗੱਲ ਹੋਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਮੋਹਾਲੀ ਤੋਂ ਸ਼ੁਰੂ ਹੋਇਆ ਟਰਾਫ਼ੀ ਟੂਰ ਨੌਜਵਾਨਾਂ ਵਿੱਚ ਹਾਕੀ ਪ੍ਰਤੀ ਦਿਲਚਸਪੀ ਵਧਾਏਗਾ ਅਤੇ ਉਨ੍ਹਾਂ ਨੂੰ ਜਲੰਧਰ ਤੇ ਮੋਹਾਲੀ ਵਿਖੇ ਹੋਣ ਵਾਲੇ ਮੁਕਾਬਲੇ ਦੇਖਣ ਲਈ ਪ੍ਰੇਰਿਤ ਕਰੇਗਾ।

ਸਾਲ 2011 ਵਿੱਚ ਚੀਨ ਵਿਖੇ ਹੋਈ ਪਹਿਲੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਅਤੇ ਅਰਜੁਨ ਐਵਾਰਡੀ ਰਾਜਪਾਲ ਸਿੰਘ ਹੁੰਦਲ ਨੇ ਕਿਹਾ ਕਿ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੂਬੇ ਨੂੰ ਅਜਿਹੇ ਵੱਕਾਰੀ ਹਾਕੀ ਮੁਕਾਬਲੇ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਨੇ ਇਹ ਖ਼ਿਤਾਬ ਚਾਰ ਵਾਰ ਆਪਣੇ ਨਾਂ ਕੀਤਾ ਹੈ ਅਤੇ ਇੱਕ ਵਾਰ ਸਾਂਝੇ ਤੌਰ ’ਤੇ ਜਿੱਤਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਵਾਰ ਵੀ ਮੁਕਾਬਲੇ ਬੇਹੱਦ ਰੋਮਾਂਚਕ ਹੋਣਗੇ ਅਤੇ ਭਾਰਤੀ ਟੀਮ ਮੁੜ ਇਤਿਹਾਸ ਸਿਰਜੇਗੀ।

ਓਲੰਪੀਅਨ ਅਤੇ ਅਰਜੁਨ ਐਵਾਰਡੀ ਪ੍ਰਭਜੋਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਦੁਨੀਆ ਦੀਆਂ ਨਾਮਵਰ ਹਾਕੀ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਦਾ ਸਫ਼ਲ ਆਯੋਜਨ ਪੰਜਾਬ ਵਿੱਚ ਭਵਿੱਖ ਵਿੱਚ ਹੋਰ ਵੱਡੇ ਕੌਮਾਂਤਰੀ ਹਾਕੀ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਨਵੇਂ ਰਾਹ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਟਰਾਫ਼ੀ ਟੂਰ ਨੌਜਵਾਨਾਂ ਨੂੰ ਹਾਕੀ ਵੱਲ ਆਕਰਸ਼ਿਤ ਕਰੇਗਾ ਅਤੇ ਉਨ੍ਹਾਂ ਨੂੰ ਟੈਲੀਵਿਜ਼ਨ ਦੀ ਬਜਾਏ ਸਟੇਡੀਅਮ ਵਿੱਚ ਜਾ ਕੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਸਿੱਧਾ ਦੇਖਣ ਲਈ ਪ੍ਰੇਰਿਤ ਕਰੇਗਾ।

ਟਰਾਫ਼ੀ ਟੂਰ ਦੀ ਸ਼ੁਰੂਆਤ ਤੋਂ ਪਹਿਲਾਂ ਪੀ.ਆਈ.ਐੱਸ. ਵਾਰੀਅਰਜ਼ ਅਤੇ ਪੀ.ਆਈ.ਐੱਸ. ਮੋਹਾਲੀ ਵਿਚਕਾਰ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ। ਮੈਚ ਤੋਂ ਪਹਿਲਾਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਰਾਜਪਾਲ ਸਿੰਘ ਹੁੰਦਲ ਅਤੇ ਪ੍ਰਭਜੋਤ ਸਿੰਘ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਹ ਮੈਚ ਪੀ.ਆਈ.ਐੱਸ. ਵਾਰੀਅਰਜ਼ ਨੇ 2-0 ਨਾਲ ਜਿੱਤਿਆ।

ਇਸ ਮੌਕੇ ਅਕਾਲ ਪੁਰਖ ਕੀ ਫ਼ੌਜ ਵੱਲੋਂ ਗਤਕੇ ਦੀ ਪੇਸ਼ਕਾਰੀ ਕੀਤੀ ਗਈ ਅਤੇ ਸ਼ਿਵਾਲਿਕ ਸਕੂਲ, ਮੋਹਾਲੀ ਦੇ ਵਿਦਿਆਰਥੀਆਂ ਨੇ ਭੰਗੜਾ ਪੇਸ਼ ਕੀਤਾ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ ਦੇ ਬੈਂਡ ਨੇ ਵੀ ਸਮਾਗਮ ਦੀ ਰੌਣਕ ਵਧਾਈ ਅਤੇ ਪਤਵੰਤਿਆਂ ਤੇ ਹਾਕੀ ਦੀਆਂ ਮਹਾਨ ਹਸਤੀਆਂ ਨੂੰ ਸਨਮਾਨ ਦੇਣ ਦੇ ਨਾਲ ਟਰਾਫ਼ੀ ਟੂਰ ਨੂੰ ਸੂਬੇ ਭਰ ਲਈ ਰਵਾਨਾ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਖੇਡਾਂ ਸੁਖਚੈਨ ਸਿੰਘ ਅਤੇ ਜ਼ਿਲ੍ਹਾ ਖੇਡ ਅਫਸਰ ਉਮੇਸ਼ਵਰੀ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਖੇਡਾਂ ਦੇ ਕੋਚ ਅਤੇ ਖਿਡਾਰੀ ਸਟੇਡੀਅਮ ਵਿੱਚ ਮੌਜੂਦ ਸਨ।

About The Author

Related Posts