ਸ਼ੋਅਰੂਮ ’ਚ ਲੱਗੀ ਅੱਗ, ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅੱਗ ਬੁਝਾਉਣ ਲਈ ਹੋਏ ਮੂਹਰੇ
ਸ਼ਾਰਟ ਸਰਕਟ ਕਾਰਨ ਪਹਿਲੀ ਮੰਜ਼ਿਲ ’ਤੇ ਲੱਗੀ ਅੱਗ ’ਤੇ ਕਈ ਘੰਟਿਆਂ ਦੀ ਜੱਦੋ- ਜਹਿਦ ਮਗਰੋਂ ਪਾਇਆ ਕਾਬੂ
ਭਦੌੜ (ਰਮਨੀਕ ਬੱਤਾ)। ਭਦੌੜ ਵਿਖੇ ਕੈਪਸਨਸ ਨਾਮੀ ਕੱਪੜਿਆਂ ਦੇ ਸ਼ੋਅਰੂਮ ਦੀ ਪਹਿਲੀ ਮੰਜ਼ਿਲ ’ਤੇ ਅਚਾਨਕ ਅੱਗ ਲੱਗ ਗਈ, ਜਿਸ ਨੇ ਕੁਝ ਸਮੇਂ ਵਿੱਚ ਹੀ ਭਿਆਨਕ ਰੂਪ ਧਾਰਨ ਕਰ ਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਚਾਅ ਕਰਮੀਆਂ ਦੇ ਨਾਲ-ਨਾਲ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਇਨਸਾਨੀਅਤ ਦਾ ਫ਼ਰਜ਼ ਨਿਭਾਉਂਦਿਆਂ ਅੱਗ ਬੁਝਾਉਣ ਵਿੱਚ ਮੋਹਰੀ ਰੋਲ ਨਿਭਾਇਆ।
ਜਾਣਕਾਰੀ ਦਿੰਦਿਆਂ ਸ਼ੋਅਰੂਮ ਦੇ ਮਾਲਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਬਜ਼ਾਰ ਵਿੱਚ ਉਨ੍ਹਾਂ ਦਾ ਕੱਪੜਿਆਂ ਦਾ ਸ਼ੋਅਰੂਮ ਹੈ, ਜਿਸ ਦੀ ਪਹਿਲੀ ਮੰਜ਼ਿਲ ’ਤੇ ਅਚਾਨਕ ਅੱਗ ਲੱਗ ਗਈ। ਅੱਗ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਜਿਸ ਦੀ ਸੂਚਨਾ ਤੁਰੰਤ ਪੁਲਿਸ ਥਾਣੇ ਤੋਂ ਇਲਾਵਾ ਫਾਇਰ ਬਿਗ੍ਰੇਡ ਵਿਭਾਗ ਨੂੰ ਦਿੱਤੀ ਗਈ ਜੋ ਸੂਚਨਾ ਮਿਲਦਿਆਂ ਹੀ ਘਟਨਾ ਸਥਾਨ ’ਤੇ ਪੁੱਜ ਗਏ। ਇਸ ਦੇ ਨਾਲ ਹੀ ਘਟਨਾ ਸਬੰਧੀ ਪਤਾ ਲੱਗਣ ’ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਅਤੇ ਇਲਾਕੇ ਦੇ ਲੋਕ ਵੀ ਇਨਸਾਨੀਅਤ ਨਾਤੇ ਸਹਾਇਤਾ ਲਈ ਪੁੱਜ ਗਏ ਅਤੇ ਉਨ੍ਹਾਂ ਆਪਣੀ ਜਾਨ ਤਲੀ ’ਤੇ ਰੱਖ ਕੇ ਫਾਇਰ ਬਿਗ੍ਰੇਡ ਕਰਮੀਆਂ ਦੇ ਨਾਲ ਅੱਗ ਬੁਝਾਉਣ ਵਿੱਚ ਜੁਟ ਗਏ।
Read Also : ਨੀਲੋਵਾਲ ਨਹਿਰ ’ਚ ਪਏ ਪਾੜ ਨੂੰ ਪੂਰਨ ’ਚ ਜੁਟੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ
ਮੌਕੇ ’ਤੇ ਫਾਇਰ ਬਿਗ੍ਰੇਡ ਦੀਆਂ ਦੋ ਗੱਡੀਆਂ ਪੁੱਜੀਆਂ ਸਨ, ਜਿਨ੍ਹਾਂ ਵੱਲੋਂ ਫੌਰੀ ਤੌਰ ’ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦੀ ਦੁਕਾਨ ’ਚ ਪਿਆ ਕੱਪੜਾ ਅਤੇ ਫ਼ਰਨੀਚਰ ਆਦਿ ਬੁਰੀ ਤਰ੍ਹਾਂ ਸੜ ਗਿਆ ਹੈ। ਜਿਸ ਦੇ ਨੁਕਸਾਨ ਦਾ ਅੰਦਾਜਾ ਪੜਤਾਲ ਉਪਰੰਤ ਹੀ ਲਾਇਆ ਜਾ ਸਕੇਗਾ। ਉਨ੍ਹਾਂ ਅੱਗ ਬੁਝਾਉਣ ’ਚ ਮੱਦਦ ਕਰਨ ਬਦਲੇ ਵਿਭਾਗ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਵੀ ਉਚੇਚੇ ਤੌਰ ’ਤੇ ਧੰਨਵਾਦ ਕੀਤਾ। ਮੌਕੇ ’ਤੇ ਐੱਸਐੱਚਓ ਹਰਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੀ ਮੌਜ਼ੂਦ ਰਹੀ।