Ludhiana News: ਲੁਧਿਆਣਾ ਦੀ ਪ੍ਰਿੰਟਿੰਗ ਫੈਕਟਰੀ ’ਚ ਭਿਆਨਕ ਅੱਗ, ਤਿੰਨ ਘੰਟਿਆਂ ਦੀ ਮੁਸ਼ੱਕਤ ਮਗਰੋਂ ਪਾਇਆ ਕਾਬੂ
ਫਾਇਰ ਸੇਫਟੀ ਉਪਕਰਨਾਂ ਦੀ ਘਾਟ ਆਈ ਸਾਹਮਣੇ, ਅੱਗ ਬੁਝਾਉਣ ਲਈ ਬੁਲਾਉਣੀਆਂ ਪਈਆਂ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ
Ludhiana News: ਲੁਧਿਆਣਾ (ਸੱਚ ਕਹੂੰ ਨਿਊਜ਼/ਹਿੰ.ਸ.)। ਲੁਧਿਆਣਾ ਦੇ ਬਹਾਦੁਰਕੇ ਇਲਾਕੇ ਦੀ ਖਜੂਰ ਵਾਲੀ ਗਲੀ ਵਿੱਚ ਐਤਵਾਰ ਨੂੰ ਇੱਕ ਪ੍ਰਿੰਟਿੰਗ ਫੈਕਟਰੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਆਰਵੀ ਨਿਟਸ ਇੰਡੀਆ ਦੀ ਫੈਕਟਰੀ ਦੀ ਇਮਾਰਤ ਦੀ ਹੇਠਲੀ ਮੰਜ਼ਿਲ ’ਤੇ ਲੱਗੀ, ਜਿਸ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਅਸਮਾਨ ਵਿੱਚ ਧੂੰਏਂ ਦਾ ਗੁਬਾਰ ਛਾ ਗਿਆ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਕਰੀਬ ਤਿੰਨ ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਫਾਇਰ ਅਫ਼ਸਰ ਰਾਜਨ ਅਨੁਸਾਰ, ਵਿਭਾਗ ਨੂੰ ਦੁਪਹਿਰ ਕਰੀਬ 1:30 ਵਜੇ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਲੋੜੀਂਦੇ ਸਾਜ਼ੋ-ਸਾਮਾਨ ਸਮੇਤ ਮੌਕੇ ’ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਅੱਗ ਦੀ ਗੰਭੀਰਤਾ ਨੂੰ ਦੇਖਦਿਆਂ ਫਾਇਰ ਬ੍ਰਿਗੇਡ ਦੀਆਂ ਕਰੀਬ ਸੱਤ ਗੱਡੀਆਂ ਮੌਕੇ ’ਤੇ ਬੁਲਾਉਣੀਆਂ ਪਈਆਂ। ਅੱਗ ’ਤੇ ਜਲਦੀ ਕਾਬੂ ਪਾਉਣ ਲਈ ਨੇੜਲੀਆਂ ਫੈਕਟਰੀਆਂ ਤੋਂ ਵੀ ਪਾਣੀ ਲਿਆ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਲਗਾਤਾਰ ਕੋਸ਼ਿਸ਼ਾਂ ਕਰਦਿਆਂ ਤਿੰਨ ਘੰਟਿਆਂ ਬਾਅਦ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ। ਫਾਇਰ ਅਫ਼ਸਰ ਰਾਜਨ ਨੇ ਦੱਸਿਆ ਕਿ ਫੈਕਟਰੀ ਵਿੱਚ ਅੱਗ ਬੁਝਾਉਣ ਲਈ ਲੋੜੀਂਦੇ ਸੁਰੱਖਿਆ ਉਪਕਰਨ ਮੌਜ਼ੂਦ ਨਹੀਂ ਸਨ। ਉਨ੍ਹਾਂ ਮੁਤਾਬਕ, ਜੇਕਰ ਫਾਇਰ ਸੇਫਟੀ ਦੇ ਪ੍ਰਬੰਧ ਹੁੰਦੇ ਤਾਂ ਅੱਗ ’ਤੇ ਹੋਰ ਜਲਦੀ ਕਾਬੂ ਪਾਇਆ ਜਾ ਸਕਦਾ ਸੀ।
ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਰਾਹਤ ਦੀ ਗੱਲ ਇਹ ਰਹੀ ਕਿ ਅੱਗ ਇਮਾਰਤ ਦੀ ਹੇਠਲੀ ਮੰਜ਼ਿਲ ਤੱਕ ਹੀ ਸੀਮਤ ਰਹੀ ਅਤੇ ਉੱਪਰਲੀਆਂ ਮੰਜ਼ਿਲਾਂ ਤੱਕ ਨਹੀਂ ਫੈਲੀ। ਇਸ ਨਾਲ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ। ਫਿਲਹਾਲ ਅੱਗ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।