MGNREGA Workers Accident: ਪਿੰਡ ਅਲੀਸ਼ੇਰ ਵਿਖੇ ਵੱਡਾ ਹਾਦਸਾ: ਨਰੇਗਾ ਮਜ਼ਦੂਰਾਂ ’ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ, 8 ਅੱਠ ਮੌਤਾਂ

ਹਾਦਸੇ ’ਚ ਦਰਜਨ ਤੋਂ ਵੱਧ ਮਜ਼ਦੂਰ ਜ਼ਖ਼ਮੀ

Satinder Mathur  Picture
Published On

MGNREGA Workers Accident: (ਨੈਨਸੀ/ਰਾਜ ਸਿੰਗਲਾ) ਲਹਿਰਾਗਾਗਾ। ਜਾਖਲ ਰੋਡ ’ਤੇ ਪਿੰਡ ਅਲੀਸ਼ੇਰ ਵਿਖੇ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਿਆ। ਸੜਕ ਕਿਨਾਰੇ ਕੰਮ ਕਰ ਰਹੇ ਨਰੇਗਾ ਮਜ਼ਦੂਰਾਂ ਨੂੰ ਜਾਖਲ ਵਾਲੇ ਪਾਸਿਓਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਦੌਰਾਨ 8 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਦਰਜਨ ਤੋਂ ਵੱਧ ਮਜ਼ਦੂਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ, ਨਰੇਗਾ ਮਜ਼ਦੂਰ ਸੜਕ ਦੇ ਕਿਨਾਰੇ ਕੰਮ ਕਰ ਰਹੇ ਸਨ ਕਿ ਅਚਾਨਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਸਥਾਨਕ ਲੋਕ ਹਰਕਤ ਵਿੱਚ ਆ ਗਏ ਅਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ ਗਿਆ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਹਰ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮੈਡੀਕਲ ਮਦਦ ਦੇ ਨਾਲ-ਨਾਲ ਪੀੜਤਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ।

ਇਹ ਵੀ ਪੜ੍ਹੋ: Neeru Bajwa Latest News: ਝੋਟਾ ਦੀ ਮੌਤ- ਨੀਰੂ ਬਾਜਵਾ ਨੇ ਆਪਣੀ ਫਿਲਮ 'ਥਾਪੀ' ਨੂੰ ਸਿਨੇਮਾ ਘਰਾਂ ’ਚ ਕੀਤਾ ਹੋਲਡ

ਚੌਂਕੀ ਇੰਚਾਰਜ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਨਰੇਗਾ ਮਜ਼ਦੂਰ ਸੜਕ ਦੇ ਕਿਨਾਰੇ ਕੰਮ ਕਰ ਰਹੇ ਸਨ, ਜਦੋਂ ਜਾਖਲ ਵਾਲੇ ਪਾਸਿਓਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਹੈ।

ਨਰੇਗਾ ਮੇਟ ਬਲਵਿੰਦਰ ਸਿੰਘ ਬਿੱਲੂ ਨੇ ਦੱਸਿਆ ਕਿ ਉਸ ਨੇ ਸਵੇਰੇ 24 ਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਲਗਵਾਈ ਸੀ। ਉਸ ਅਨੁਸਾਰ ਹਾਦਸਾ ਦੁਪਹਿਰ ਤੋਂ ਬਾਅਦ ਵਾਪਰਿਆ। ਮਜ਼ਦੂਰਾਂ ਵਿੱਚ 22 ਔਰਤਾਂ ਅਤੇ ਦੋ ਮਰਦ ਸ਼ਾਮਲ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਵਡੇਰੀ ਉਮਰ ਦੀਆਂ ਔਰਤਾਂ ਸਨ। ਮੁੱਢਲੀ ਜਾਣਕਾਰੀ ਅਨੁਸਾਰ, 24 ਨਰੇਗਾ ਮਜ਼ਦੂਰਾਂ ਤੋਂ ਇਲਾਵਾ ਇੱਕ ਰਾਹਗੀਰ ਵੀ ਹਾਦਸੇ ਦੀ ਲਪੇਟ ਵਿੱਚ ਆਇਆ।

ਅੱਠ ਜ਼ਖ਼ਮੀਆਂ ਨੂੰ ਸੁਨਾਮ ਅਤੇ ਸੰਗਰੂਰ ਕੀਤਾ ਰੈਫ਼ਰ

ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਦੀਆਂ ਟੀਮਾਂ ਵੱਲੋਂ ਇਲਾਜ ਸ਼ੁਰੂ ਕੀਤਾ ਗਿਆ। ਹਸਪਤਾਲ ਵਿੱਚ ਮੌਜੂਦ ਐਸ.ਐਮ.ਓ. ਡਾ. ਆਕਾਸ਼, ਡਾ. ਰਾਘਵ, ਡਾ. ਟਿਪਸੀ ਅਤੇ ਆਚਾਰੀਆ ਵਿਦਿਆ ਨੰਦ ਜੈਨ ਹਸਪਤਾਲ ਦੇ ਡਾ. ਮੁਹੰਮਦ ਤਾਰਿਕ, ਡਾ. ਕਾਰਤਿਕ ਅਤੇ ਸੁਪਰਵਾਈਜ਼ਰ ਦਵਿੰਦਰਪਾਲ ਸ਼ਰਮਾ ਵਿੱਕੀ ਨੇ ਦੱਸਿਆ ਕਿ ਹੁਣ ਤੱਕ ਹਸਪਤਾਲ ਪਹੁੰਚੇ ਜ਼ਖ਼ਮੀਆਂ ਵਿੱਚੋਂ ਅੱਠ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸੁਨਾਮ ਅਤੇ ਸੰਗਰੂਰ ਦੇ ਹਸਪਤਾਲਾਂ ਵਿੱਚ ਰੈਫ਼ਰ ਕੀਤਾ ਗਿਆ ਹੈ।

ਜ਼ਖ਼ਮੀਆਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਰਾਜਨੀਤਿਕ ਆਗੂ

ਇਸ ਦਰਦਨਾਕ ਹਾਦਸੇ ਦੀ ਖ਼ਬਰ ਫੈਲਦਿਆਂ ਹੀ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਬੇਟੇ ਗੌਰਵ ਗੋਇਲ, ਉਨ੍ਹਾਂ ਦੀ ਪਤਨੀ ਸੀਮਾ ਗੋਇਲ, ਨਗਰ ਕੌਂਸਲ ਦੀ ਪ੍ਰਧਾਨ ਮੈਡਮ ਕਾਂਤਾ ਗੋਇਲ, ਕਾਂਗਰਸੀ ਆਗੂ ਰਾਹੁਲ ਇੰਦਰ ਸਿੰਘ ਅਤੇ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਤੇ ਮੌਜੂਦਾ ਕੌਂਸਲਰ ਮੈਡਮ ਬਲਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਰਾਜਨੀਤਿਕ ਆਗੂ ਅਤੇ ਆਮ ਲੋਕ ਹਸਪਤਾਲ ਪਹੁੰਚੇ। ਸਾਰੇ ਆਗੂਆਂ ਅਤੇ ਲੋਕਾਂ ਨੇ ਜ਼ਖ਼ਮੀਆਂ ਦਾ ਹਾਲ ਜਾਣਿਆ।

About The Author

Related Posts