Parvinder Singh Jhota ਕਤਲ ਮਾਮਲਾ: ਸਿਆਸੀ ਆਗੂਆਂ ਨੂੰ ਧਰਨੇ ’ਚ  ਸੁਣਨੀਆਂ ਪਈਆਂ ਤਲਖ ਟਿੱਪਣੀਆਂ

ਮ੍ਰਿਤਕ ਦੇ ਪਿਓ ਵੱਲੋਂ ਸਿਆਸੀ ਆਗੂਆਂ ਦਾ ਅਪਮਾਨ ਨਾ ਕਰਨ ਦੀ ਅਪੀਲ

Ravinder Sharma Picture
Published On

ਮਾਨਸਾ (ਸੁਖਜੀਤ ਮਾਨ)। ਲੰਘੇ ਦਿਨੀਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਮਾਨਸਾ ਵਾਸੀ ਪਰਵਿੰਦਰ ਸਿੰਘ ਝੋਟੇ ਦੇ ਮਾਮਲੇ ’ਚ ਇਨਸਾਫ਼ ਲਈ ਲਾਇਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਸ਼ਹਿਰ ’ਚ ਅੱਜ ਵੀ ਬੰਦ ਵਰਗਾ ਮਹੌਲ ਹੀ ਰਿਹਾ। ਧਰਨੇ ’ਚ ਮੁੱਖ ਮੰਚ ਤੋਂ ਆਮ ਲੋਕਾਂ ਦੇ ਨਾਲ-ਨਾਲ ਸਿਆਸੀ ਲੋਕਾਂ ਵੱਲੋਂ ਵੀ ਸੰਬੋਧਨ ਕੀਤਾ ਜਾ ਰਿਹਾ ਹੈ। ਹਾਲਾਂਕਿ ਕੁਝ ਸਿਆਸੀ ਬੁੁਲਾਰਿਆਂ ਨੂੰ ਧਰਨੇ ’ਚ ਮੌਜ਼ੂਦ ਕੁਝ ਲੋਕਾਂ ਦੀਆਂ ਸਖਤ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪਿਆ।

ਵੇਰਵਿਆਂ ਮੁਤਾਬਿਕ ਅੱਜ ਜਦੋਂ ਧਰਨੇ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਝੋਟੇ ਨੂੰ ਗੋਲੀਆਂ ਮਾਰਨ ਵਾਲੇ ਅਸ਼ਵਨੀ ਕੁਮਾਰ ਦਾ ਘਰ ਅਤੇ ਦੁਕਾਨ ਢਾਹੇ ਜਾਣ ਦੇ ਮਾਮਲੇ ’ਚ ਬੋਲਦਿਆਂ ਕਿਹਾ ਕਿ ‘ਉਨ੍ਹਾਂ ਨੂੰ ਹੁਣੇ ਪਤਾ ਲੱਗਿਆ ਹੈ ਕਿ ਉਸ ਦਾ ਘਰ ਤੇ ਦੁਕਾਨ ਢਾਹੁਣ ਲੱਗੇ ਨੇ, ਇਹ ਕੋਈ ਕਾਨੂੰਨ ਹੈ’। ਪਰਗਟ ਸਿੰਘ ਦੇ ਐਨਾਂ ਕਹਿਣ ਦੀ ਦੇਰ ਸੀ ਕਿ ਧਰਨੇ ’ਚੋਂ ਇਸ ਗੱਲ ਦਾ ਵਿਰੋਧ ਪੈਦਾ ਹੋ ਗਿਆ ਕਿ ਕਿਉਂ ਨਾ ਢਾਹਿਆ ਜਾਵੇ ਘਰ। ਇਸ ਮੌਕੇ ਉੱਥੇ ਕਾਫੀ ਰੌਲਾ-ਰੱਪਾ ਪਿਆ।

Read Also : ਗੈਰ-ਕਾਨੂੰਨੀ ਪਟਾਕੇ ਬਣਾਉਣ ਵਾਲੀ ਇਕਾਈ ਦਾ ਪਰਦਾਫਾਸ਼, ਵਿਸਫੋਟਕ ਸਮੱਗਰੀ ਬਰਾਮਦ

ਕਈ ਲੋਕਾਂ ਨੇ ਧਰਨੇ ’ਚ ਮੰਚ ਤੋਂ ਸਿਆਸੀ ਆਗੂਆਂ ਨਾ ਬੋਲਣ ਦਾ ਵੀ ਤਰਕ ਦਿੱਤਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਧਰਨੇ ’ਚ ਪੁੱਜੇ ਤਾਂ ਪਰਵਿੰਦਰ ਸਿੰਘ ਝੋਟੇ ਦੀ ਪਤਨੀ ਨੇ ਵੜਿੰਗ ਨੂੰ ਸਵਾਲ ਕੀਤਾ ਕਿ ‘ਤੁਸੀਂ ਇਸ ਗੱਲ ਦੀ ਹਾਮੀ ਭਰਦੇ ਹੋਂ ਕਿ ਜੇਕਰ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਤੁਸੀਂ ਨਸ਼ਾ ਮੁਕੰਮਲ ਬੰਦ ਕਰ ਦਿਉਂਗੇ। ਕੱਲ੍ਹ ਨੂੰ ਉਸ ਦੇ ਬੱਚੇ ਵੱਡੇ ਹੋ ਜਾਣਗੇ ਕੀ ਉਨ੍ਹਾਂ ਨੂੰ ਨਸ਼ੇ ਤੋਂ ਬਚਾ ਲਵੋਂਗੇ’। ਵੜਿੰਗ ਨੇ ਕਿਹਾ ਕਿ ਉਨ੍ਹਾਂ ਦਾ ਮਨ ਹੈ ਕਿ ਨਸ਼ਿਆਂ ਨੂੰ ਖਤਮ ਕੀਤਾ ਜਾਵੇ।

ਇਸ ਤੋਂ ਪਹਿਲਾਂ ਪਰਗਟ ਸਿੰਘ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ ਅਤੇ ਸੱਤਾਧਿਰ ਵੱਲੋਂ ਇਸ ਨੂੰ ਠੀਕ ਕਰਨ ਲਈ ਕੋਈ ਵੀ ਸਾਰਥਿਕ ਕਦਮ ਨਹੀਂ ਚੁੱਕਿਆ ਜਾ ਰਿਹਾ। ਰਾਜਾ ਵੜਿੰਗ ਨੇ ਕਿਹਾ ਕਿ ਪਰਵਿੰਦਰ ਝੋਟਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਅੱਗੇ ਆਇਆ ਸੀ। ਉਹ ਖਿਡਾਰੀ ਵੀ ਸੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬਚਾਉਣ ਲਈ ਡਟਿਆ ਰਿਹਾ।

ਸੀਨੀਅਰ ਅਕਾਲੀ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਵਿੱਚ ਅਮਨ-ਕਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋਇਆ ਹੈ ਤੇ ਉਸਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਧਰਨੇ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸੀ ਆਗੂ ਵਿਜੇ ਇੰਦਰ ਸਿੰਗਲਾ, ਸ੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਤਰਸੇਮ ਸਿੰਘ,  ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਮਾਨਸ਼ਾਹੀਆ , ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ, ਬਸਪਾ ਦੇ ਅਵਤਾਰ ਸਿੰਘ ਕਰੀਮਪੁਰੀ, ਭਾਜਪਾ ਦੇ ਸੂਬਾ ਸਕੱਤਰ ਮੰਗਤ ਰਾਏ ਬਾਂਸਲ, ਸੀਪੀਆਈ ਦੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਵੀ ਸੰਬੋਧਨ ਕੀਤਾ। 

ਆਪਣੇ ਬੱਚਿਆਂ ਨੂੰ ਬਚਾਉਣ ਲਈ ਪੰਜਾਬ ਬੰਦ ਨੂੰ ਸਫ਼ਲ ਬਣਾਓ : ਭੀਮ ਸਿੰਘ

ਮ੍ਰਿਤਕ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਉਸ ਦਾ ਜਵਾਨ ਪੁੱਤ ਲੋਕਾਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਲੜਾਈ ਲੜਦਾ ਹੋਇਆ ਚਲਾ ਗਿਆ, ਪਰ ਹੁਣ ਉਸ ਦੀ ਬਾਕੀ ਰਹਿੰਦੀ ਲੜਾਈ ਉਸ ਦੀ ਥਾਂ ਉਹ ਲੜਨਗੇ।  ਭੀਮ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਨਸਾਫ਼ ਦੀ ਇਸ ਲੜਾਈ  ’ਚ ਸਾਥ ਦੇਣ ਲਈ ਕਿਸੇ ਵੀ ਪਾਰਟੀ ਦਾ ਕੋਈ ਆਗੂ ਆਉਂਦਾ ਹੈ ਤਾਂ ਉਸਦਾ ਅਪਮਾਨ ਨਾ ਕੀਤਾ ਜਾਵੇ। 

About The Author

Related Posts