BSF Punjab News: ਬੀਐੱਸਐੱਫ ਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ, ਪਿਸਤੌਲ ਤੇ 3 ਜ਼ਿੰਦਾ ਕਾਰਤੂਸ ਬਰਾਮਦ
ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਕੀਤੀ ਜਾ ਰਹੀ ਹੈ ਬਾਰੀਕੀ ਨਾਲ ਜਾਂਚ
BSF Punjab News: ਤਰਨਤਾਰਨ, (ਸੱਚ ਕਹੂੰ ਨਿਊਜ਼/ਹਿੰ.ਸ.)। ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਵਾਂ ਤਾਰਾ ਸਿੰਘ ਸੈਕਟਰ ਵਿੱਚ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਅਤੇ ਪੰਜਾਬ ਪੁਲਿਸ ਵੱਲੋਂ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਗਈ ਹੈ। ਪੁਲਿਸ ਅਤੇ ਬੀਐੱਸਐੱਫ ਦੇ ਜਵਾਨਾਂ ਨੂੰ ਖੇਤਾਂ ਵਿੱਚ ਲੁਕਾ ਕੇ ਰੱਖੇ ਇੱਕ ਪੀਲੇ ਰੰਗ ਦੇ ਸ਼ੱਕੀ ਪੈਕੇਟ ਵਿੱਚੋਂ ਇੱਕ ਪਿਸਤੌਲ, ਇੱਕ ਮੈਗਜ਼ੀਨ ਅਤੇ ਤਿੰਨ ਜ਼ਿੰਦਾ ਕਾਰਤੂਸ ਮਿਲੇ ਹਨ।
ਥਾਣਾ ਖਾਲੜਾ ਦੇ ਇੰਸਪੈਕਟਰ ਆਰਜ਼ੂ ਕੰਬੋਜ ਅਤੇ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਐੱਸਐੱਫ ਦੀ 142ਵੀਂ ਬਟਾਲੀਅਨ ਦੇ ਜਵਾਨਾਂ ਨਾਲ ਮਿਲ ਕੇ ਵਾਂ ਤਾਰਾ ਸਿੰਘ ਇਲਾਕੇ ਦੇ ਖੇਤਾਂ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਖੇਤਾਂ ਵਿੱਚ ਪਿਆ ਇੱਕ ਸ਼ੱਕੀ ਪੀਲੇ ਰੰਗ ਦਾ ਪੈਕੇਟ ਬਰਾਮਦ ਹੋਇਆ। ਪੈਕੇਟ ਦੀ ਜਾਂਚ ਕਰਨ ’ਤੇ ਉਸ ਵਿੱਚੋਂ ਜੰਗ ਲੱਗਿਆ .30 ਬੋਰ ਦਾ ਇੱਕ ਪਿਸਤੌਲ, ਇੱਕ ਮੈਗਜ਼ੀਨ ਅਤੇ ਤਿੰਨ ਜ਼ਿੰਦਾ ਕਾਰਤੂਸ ਮਿਲੇ। ਪਿਸਤੌਲ ’ਤੇ ‘ਆਸਟ੍ਰੇਲੀਆ ਨਿਰਮਿਤ’ ਲਿਖਿਆ ਹੋਇਆ ਹੈ। ਪੁਲਿਸ ਨੇ ਬਰਾਮਦ ਕੀਤੇ ਹਥਿਆਰਾਂ ਅਤੇ ਗੋਲੀ-ਸਿੱਕੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਇਸ ਮਾਮਲੇ ਸਬੰਧੀ ਥਾਣਾ ਖਾਲੜਾ ਵਿਖੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਬਰਾਮਦ ਕੀਤੀ ਗਈ ਹਥਿਆਰਾਂ ਦੀ ਇਹ ਖੇਪ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀ ਗਈ ਸੀ ਜਾਂ ਕਿਸੇ ਸਥਾਨਕ ਤਸਕਰ ਵੱਲੋਂ ਖੇਤਾਂ ਵਿੱਚ ਲੁਕਾਈ ਗਈ ਸੀ। ਪੁਲਿਸ ਵੱਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।