Ludhiana News: ਲੁਧਿਆਣਾ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਸਰਕਾਰੀ ਪੋਸਟਰ ਪਾੜਨ ਦੇ ਦੋਸ਼ ਹੇਠ ਕੇਸ ਦਰਜ
ਫੇਸਬੁੱਕ ’ਤੇ ਵੀਡੀਓ ਪਾ ਕੇ ਪੋਸਟਰ ਪਾੜਨ ਦੀ ਗੱਲ ਕਬੂਲਣ ਦਾ ਦਾਅਵਾ, ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਜਾਰੀ
ਲੁਧਿਆਣਾ (ਸੱਚ ਕਹੂੰ ਨਿਊਜ਼/ਹਿੰ.ਸ.)। Bhagwant Mann: ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਸਰਕਾਰੀ ਪੋਸਟਰ ਪਾੜਨ ਦੇ ਦੋਸ਼ ਹੇਠ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਕੁਲਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਨੇ ਪੋਸਟਰ ਪਾੜਨ ਦੀ ਵੀਡੀਓ ਫੇਸਬੁੱਕ ’ਤੇ ਅਪਲੋਡ ਕੀਤੀ ਸੀ, ਜਿਸ ’ਚ ਉਸ ਨੇ ਕਥਿਤ ਤੌਰ ’ਤੇ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਅੱਗੇ ਵੀ ਅਜਿਹਾ ਕਰਨ ਦੀ ਚੁਣੌਤੀ ਦਿੱਤੀ।
ਪੁਲਿਸ ਮੁਤਾਬਕ ਇਹ ਘਟਨਾ 15 ਅਕਤੂਬਰ ਨੂੰ ਪੰਜਾਬ ਬੰਦ ਦੌਰਾਨ ਵਾਪਰੀ ਸੀ। ਮੁਲਜ਼ਮ ਕਥਿਤ ਤੌਰ ’ਤੇ ਆਪਣੇ ਆਪ ਨੂੰ ‘ਵਾਰਿਸ ਪੰਜਾਬ ਦੇ’ ਦਾ ਸਮਰਥਕ ਦੱਸ ਰਿਹਾ ਹੈ। ਐੱਫਆਈਆਰ ਅਨੁਸਾਰ ਸਬ-ਇੰਸਪੈਕਟਰ ਸ਼ਿੰਗਾਰਾ ਸਿੰਘ ਪੁਲਿਸ ਟੀਮ ਨਾਲ ਜਲੰਧਰ ਬਾਈਪਾਸ ਚੌਕ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪੁਲਿਸ ਦੇ ਧਿਆਨ ’ਚ ਫੇਸਬੁੱਕ ’ਤੇ ਅਪਲੋਡ ਕੀਤੀ ਗਈ ਇੱਕ ਵੀਡੀਓ ਆਈ। ਵੀਡੀਓ ਵਿੱਚ ਇੱਕ ਵਿਅਕਤੀ ਆਪਣਾ ਨਾਂਅ ਕੁਲਦੀਪ ਸਿੰਘ ਤੇ ਵਾਸੀ ਪਿੰਡ ਕਲਾਂ ਬਾਵਾ, ਲਾਡੋਵਾਲ, ਲੁਧਿਆਣਾ ਦੱਸਦਿਆਂ ਸਰਕਾਰੀ ਪੋਸਟਰ ਪਾੜਨ ਦੀ ਗੱਲ ਕਰਦਾ ਦਿਖਾਈ ਦਿੱਤਾ। Bhagwant Mann
ਵੀਡੀਓ ਦੇ ਆਧਾਰ ’ਤੇ ਪੁਲਿਸ ਟੀਮ ਨੇ ਜਲੰਧਰ ਬਾਈਪਾਸ ਚੌਕ ਨੇੜੇ ਜਾਂਚ ਕੀਤੀ ਤਾਂ ਉੱਥੇ ਮੁੱਖ ਮੰਤਰੀ ਦਾ ਸਰਕਾਰੀ ਪੋਸਟਰ ਪਾਟਿਆ ਹੋਇਆ ਮਿਲਿਆ। ਪੁਲਿਸ ਨੇ ਮੌਕੇ ਤੋਂ ਪੋਸਟਰ ਦੇ ਟੁਕੜੇ ਬਰਾਮਦ ਕੀਤੇ ਤੇ ਫੇਸਬੁੱਕ ’ਤੇ ਅਪਲੋਡ ਵੀਡੀਓ ਨੂੰ ਪੈਨ ਡਰਾਈਵ ’ਚ ਸੁਰੱਖਿਅਤ ਕਰ ਲਿਆ। ਪੁਲਿਸ ਨੇ ਸ਼ਨਿੱਚਰਵਾਰ ਦੇਰ ਸ਼ਾਮ ਕੁਲਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : Fake Paneer Seizure: ਲੁਧਿਆਣਾ ’ਚ ਸਿਹਤ ਵਿਭਾਗ ਦੀ ਕਾਰਵਾਈ, 650 ਕਿੱਲੋ ਪਨੀਰ ਜ਼ਬਤ