Punjab
Patiala News: ਮੀਂਹ ਤੋਂ ਬਾਅਦ ਮੰਡੀ ’ਚ ਸੜਕਾਂ ’ਤੇ ਰੁੜ੍ਹਿਆ ਝੋਨਾ ਖੋਲ੍ਹ ਰਿਹਾ ਪ੍ਰਬੰਧਾਂ ਦੀ ਪੋਲ
ਪਟਿਆਲਾ ਦੀ ਅਨਾਜ ਮੰਡੀ ’ਚ ਦੂਜੇ ਦਿਨ ਵੀ ਹਾਲਾਤ ਮਾੜੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੀਂਹ ਦੇ ਦੂਜੇ ਦਿਨ ਵੀ ਅਨਾਜ਼ ਮੰਡੀਆਂ ’ਚ ਹਾਲਾਤ ਮਾੜੇ ਹੀ ਦਿਖਾਈ ਦਿੱਤੇ। ਕਿਸਾਨਾਂ ਦਾ ਮੀਂਹ ਨਾਲ ਪਾਣੀ ਵਿੱਚ ਰੁੜਿਆ ਝੋਨਾ ਸੜਕਾਂ ’ਤੇ ਪਿਆ ਸਿਸਟਮ ਦੀ ਪੋਲ ਖੋਲ੍ਹ ਰਿਹਾ ਹੈ ਇਸ ਦੇ ਨਾਲ ਹੀ ਭਿੱਜੇ ਹੋਏ ਝੋਨੇ ਨੂੰ ਲੇਬਰ ਵੱਲੋਂ ਸਕਾਉਣ ਦਾ ਯਤਨ ਕੀਤਾ ਜਾ ਰਿਹਾ ਸੀ। ਮੀਂਹ ਕਾਰਨ ਖਰਾਬ ਹੋਈ ਝੋਨੇ ਦੀ ਫ਼ਸਲ ਦੇਖ ਕੇ ਕਿਸਾਨਾਂ ’ਚ ਰੋਹ ਦਿਖਾਈ ਦਿੱਤਾ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਭਰ ਦੇ ਕਈ ਖਿੱਤਿਆਂ ਵਿੱਚ ਪਏ ਭਾਰੀ ਮੀਂਹ ਨੇ ਕਿਸਾਨਾਂ ਦੇ ਅਰਮਾਨਾਂ ਨੂੰ ਧੋ ਦਿੱਤਾ, ਉੱਥੇ ਹੀ ਮੰਡੀਆਂ ਵਿੱਚ ਸਰਕਾਰੀ ਪ੍ਰਬੰਧਾਂ ਦੀਆਂ ਨਾਕਾਮੀਆਂ ਵੀ ਖੁੱਲ੍ਹ ਕੇ ਸਾਹਮਣੇ ਆਈਆਂ। ਕਿਸਾਨਾਂ ’ਚ ਇਸ ਗੱਲ ਦਾ ਗੁੱਸਾ ਹੈ ਕਿ ਕੁਦਰਤ ਅੱਗੇ ਉਹ ਕੋਈ ਵਾਅ ਨਹੀਂ ਲਾ ਸਕਦੇ, ਪਰ ਜਿੱਥੇ ਸਰਕਾਰੀ ਪ੍ਰਬੰਧਾਂ ਦੀਆਂ ਨਾਕਾਮੀਆਂ ਕਾਰਨ ਕਿਸਾਨੀ ਨੂੰ ਨੁਕਸਾਨ ਸਹਿਣਾ ਪਿਆ ਹੈ, ਉਸ ਦੀ ਜਿੰਮੇਵਾਰੀ ਕੌਣ ਲਵੇਗਾ।
Read Also : ਪੰਜਾਬ ਸਰਕਾਰ ਵਿਰੁੱਧ ਮਹਿੰਗਾਈ ਭੱਤੇ ਦੇ ਬਕਾਏ ਮਾਮਲੇ ’ਚ ਅਪਰਾਧਿਕ ਮਾਣਹਾਨੀ ਦਾ ਨੋਟਿਸ
ਪਟਿਆਲਾ ਦੀ ਅਨਾਜ ਮੰਡੀ ’ਚ ਅੱਜ ਜਦੋਂ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਦੂਜੇ ਦਿਨ ਵੀ ਮੀਂਹ ਦੇ ਨਿਸ਼ਾਨ ਅੱਜ ਸਾਫ਼ ਦਿਖਾਈ ਦੇ ਰਹੇ ਸਨ ਕਿ ਕਿਸਾਨਾਂ ਦਾ ਝੋਨਾ ਪਾਣੀ ਨਾਲ ਰੁੜ ਕੇ ਮੰਡੀ ਦੀਆਂ ਸੜਕਾਂ ’ਤੇ ਪਿਆ ਸੀ। ਭਾਵੇਂ ਕਿ ਲੇਬਰ ਵੱਲੋਂ ਇਸ ਝੋਨੇ ਨੂੰ ਇਕੱਠਾ ਕੀਤਾ ਜਾ ਰਿਹਾ ਸੀ ਪਰ ਕਿਸਾਨ ਆਪਣੇ ਬੂਰੀ ਤਰ੍ਹਾਂ ਖਰਾਬ ਹੋਏ ਝੋਨੇ ਦੀ ਫਸਲ ਨੂੰ ਦੇਖ ਕੇ ਝੁਰ ਰਹੇ ਸਨ। ਇਸ ਮੌਕੇ ਕਿਸਾਨ ਬਲਦੇਵ ਸਿੰਘ ਅਤੇ ਸਰੂਪ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਮੰਡੀ ਵਿੱਚ ਪਾਣੀ ਇਸ ਕਰਕੇ ਭਰਿਆ ਕਿਉਂਕਿ ਮੰਡੀ ਦਾ ਸੀਵਰੇਜ਼ ਜਾਮ ਸੀ, ਜਿਸ ਕਾਰਨ ਪਾਣੀ ਅੱਗੇ ਨਹੀਂ ਜਾ ਸਕਿਆ।
ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਆਪਣੇ ਸੀਵਰੇਜ਼ ਨੂੰ ਸੀਜ਼ਨ ਤੋਂ ਪਹਿਲਾ ਸਾਫ਼ ਕਰਨਾ ਸੀ। ਕਿਸਾਨਾਂ ਦਾ ਨੁਕਸਾਨ ਹੋਣ ਤੋਂ ਬਾਅਦ ਮਾਰਕੀਟ ਕਮੇਟੀ ਵੱਲੋਂ ਆਪਣਾ ਸੀਵਰੇਜ਼ ਸਿਸਟਮ ਸਾਫ਼ ਕੀਤਾ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਕੱਲ੍ਹ ਜੋ ਨੁਕਸਾਨ ਹੋਇਆ ਹੈ, ਉਸ ਦਾ ਜਿੰਮੇਵਾਰ ਕੌਣ ਹੈ। ਮੀਂਹ ਕਾਰਨ ਕਾਫ਼ੀ ਥਾਵਾਂ ਤੇ ਭਿੱਜੇ ਹੋਏ ਝੋਨੇ ਨੂੰ ਲੇਬਰ ਵੱਲੋਂ ਵਿਛਾ ਕੇ ਸੁਕਾਇਆ ਜਾ ਰਿਹਾ ਹੈ। ਮਾਰਕਿਟ ਕਮੇਟੀ ਪਟਿਆਲਾ ਦੇ ਸੈਕਟਰੀ ਜੋਨੀ ਗਰਗ ਨੇ ਦੱਸਿਆ ਕਿ 37500 ਮੀਟਰਕ ਟਨ ਪਰਚੇਜ਼ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੀਵਰੇਜ਼ ਵਿੱਚ ਫੂਸ ਫਸਣ ਕਾਰਨ ਪਾਣੀ ਦੀ ਨਿਕਾਸੀ ਵਿੱਚ ਦਿੱਕਤ ਆਈ ਸੀ। ਦੱਸਣਯੋਗ ਹੈ ਕਿ ਜ਼ਿਲ੍ਹੇ ਦੀਆਂ ਕਾਫ਼ੀ ਮੰਡੀਆਂ ਵਿੱਚ ਵੀ ਹਾਲਾਤ ਇਸੇ ਤਰ੍ਹਾਂ ਤੇ ਦਿਖਾਈ ਦਿੱਤੇ।
ਅੱਠ ਦਿਨਾਂ ਤੋਂ ਬੈਠਾ ਮੰਡੀ ’ਚ: ਕਿਸਾਨ ਮਿੰਦਰ ਸਿੰਘ
ਪਟਿਆਲਾ ਦੀ ਅਨਾਜ ਮੰਡੀ ’ਚ ਕਿਸਾਨ ਮਿੰਦਰ ਸਿੰਘ ਨੇ ਦੱਸਿਆ ਕਿ ਉਹ 8 ਦਿਨਾਂ ਤੋਂ ਆਪਣੇ ਝੋਨੇ ਦੀ ਫ਼ਸਲ ਨੂੰ ਲੈ ਕੇ ਆਇਆ ਹੋਇਆ ਹੈ। ਝੋਨਾ ਬਿਲਕੁੱਲ ਸਾਫ਼ ਅਤੇ ਸੁੱਕਾ ਹੈ ਪਰ ਫ਼ਿਰ ਵੀ ਉਸ ਵਿੱਚ ਨਮੀ ਦਾ ਮਾਤਰਾ ਵੱਧ ਦੱਸ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਈ ਹੋਰ ਮਾਊਚਰ ਮੀਟਰਾਂ ਨਾਲ ਚੈਕ ਕੀਤੀ ਗਈ ਤਾ ਉਸ ਦੀ ਨਮੀ ਬਹੁਤ ਘੱਟ ਆਈ ਜਦੋਂ ਸੈਲਰ ਵਾਲੇ ਚੈੱਕ ਕਰਦੇ ਹਨ ਤਾਂ ਉਹ ਵੱਧ ਮਾਊਚਰ ਦਾ ਬਹਾਨਾ ਲਾ ਰਹੇ ਹਨ। ਇਸੇ ਤਰ੍ਹਾਂ ਹੀ ਕਿਸਾਨ ਮਨਿੰਦਰ ਸਿੰਘ ਹਸਨਪੁਰ ਨੇ ਦੱਸਿਆ ਕਿ ਬੋਲੀ ਵਾਲੇ ਇੰਸਪੈਕਟਰ ਮੰਡੀ ਵਿੱਚੋਂ ਸਿਰਫ਼ ਦੋ-ਚਾਰ ਢੇਰੀਆਂ ਦੀ ਬੋਲੀ ਲਾਉਂਦੇ ਹਨ ਅਤੇ ਇਨ੍ਹਾਂ ਵੱਲੋਂ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਝੋਨੇ ਦਾ ਫੂਸ ਫਸਣ ਕਰਕੇ ਨਿਕਾਸੀ ’ਚ ਆਈ ਦਿੱਕਤ: ਚੇਅਰਮੈਨ ਅਸ਼ੋਕ ਸਿਰਸਵਾਲ
ਇਸ ਸਬੰਧੀ ਜਦੋਂ ਮਾਰਕਿਟ ਕਮੇਟੀ ਪਟਿਆਲਾ ਦੇ ਚੇਅਰਮੈਨ ਅਸ਼ੋਕ ਸਿਰਸਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੀਂਹ ਦੇ ਪਾਣੀ ਨਾਲ ਸੀਵਰੇਜ਼ ਵਿੱਚ ਫੂਸ ਚਲਾ ਜਾਣ ਕਰਕੇ ਸੀਵਰੇਜ਼ ਜਾਮ ਹੋ ਗਿਆ, ਜਿਸ ਕਾਰਨ ਇਹ ਦਿੱਕਤ ਆਈ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਪਹਿਲਾਂ ਕਿਉਂ ਸਫ਼ਾਈ ਨਹੀਂ ਕਰਵਾਈ ਗਈ ਤਾਂ ਉਨ੍ਹਾਂ ਕਿਹਾ ਕਿ ਝੋਨੇ ਵਿੱਚੋਂ ਜੋਂ ਰਹਿੰਦਖੂੰਹਦ ਨਿਕਲਦਾ ਹੈ, ਉਹ ਮੀਂਹ ਨਾਲ ਅੰਦਰ ਚਲਾ ਗਿਆ। ਉਨ੍ਹਾਂ ਕਿਹਾ ਕਿ ਅੱਜ ਮੰਡੀ ਵਿੱਚ ਕੋਈ ਦਿੱਕਤ ਨਹੀਂ ਹੈ ਅਤੇ ਉਨ੍ਹਾਂ ਵੱਲੋਂ ਖੁਦ ਦੌਰਾ ਕੀਤਾ ਗਿਆ ਹੈ। ਸਿਰਸਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।