Punjab
Harmanpreet Kaur: ਮਹਿਲਾ ਕ੍ਰਿਕੇਟ ਨਾਲ ਜੁੜੀ ਵੱਡੀ ਖਬਰ, ਹਰਮਨਪ੍ਰੀਤ ਕੌਰ ਨੇ ਛੱਡੀ ਸਾਰੇ ਫਾਰਮੈਟਾਂ ਦੀ ਕਪਤਾਨੀ
ਸਮ੍ਰਿਤੀ ਮੰਧਾਨਾ ਬਣ ਸਕਦੀ ਹੈ ਅਗਲੀ ਕਪਤਾਨ
ਸਪੋਰਟਸ ਡੈਸਕ। ਮਹਿਲਾ ਕ੍ਰਿਕੇਟ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਇੱਕ ਇੰਸਟਾਗ੍ਰਾਮ ਪੋਸਟ ’ਚ ਇਹ ਜਾਣਕਾਰੀ ਸਾਂਝੀ ਕੀਤੀ। ਓਪਨਰ ਸਮ੍ਰਿਤੀ ਮੰਧਾਨਾ ਦੇ ਹਰਮਨਪ੍ਰੀਤ ਦੀ ਜਗ੍ਹਾ ਕਪਤਾਨ ਬਣਨ ਦੀ ਉਮੀਦ ਹੈ। ਹਰਮਨਪ੍ਰੀਤ ਦੀ ਕਪਤਾਨੀ ਹੇਠ, ਭਾਰਤ ਨੇ 2025 ਮਹਿਲਾ ਇੱਕਰੋਜ਼ਾ ਵਿਸ਼ਵ ਕੱਪ ਜਿੱਤਿਆ। ਉਨ੍ਹਾਂ 2012, 2016, 2022 ਤੇ 2026 ਏਸ਼ੀਆ ਕੱਪ ਖਿਤਾਬ ਵੀ ਜਿੱਤੇ। 2012 ਏਸ਼ੀਆ ਕੱਪ ’ਚ, ਹਰਮਨਪ੍ਰੀਤ ਨੇ ਸਿਰਫ਼ ਫਾਈਨਲ ’ਚ ਹੀ ਕਪਤਾਨੀ ਕੀਤੀ, ਮਿਤਾਲੀ ਰਾਜ ਨੇ ਬਾਕੀ ਮੈਚਾਂ ਲਈ ਟੀਮ ਦੀ ਅਗਵਾਈ ਕੀਤੀ ਸੀ।
ਹਰਮਨਪ੍ਰੀਤ ਨੇ ਆਪਣੀ ਇੰਸਟਾਗ੍ਰਾਮ ਪੋਸ਼ਟ ’ਚ ਲਿਖਿਆ, ‘ਅੱਜ, ਮੈਂ ਸਾਰੇ ਫਾਰਮੈਟਾਂ ’ਚ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨੀ ਛੱਡ ਰਹੀ ਹਾਂ। ਇਹ ਕੋਈ ਆਸਾਨ ਫੈਸਲਾ ਨਹੀਂ ਹੈ। ਇਹ ਆਪਣੇ ਨਾਲ ਸਾਲਾਂ ਦੀਆਂ ਯਾਦਾਂ, ਭਾਵਨਾਵਾਂ, ਕੁਰਬਾਨੀਆਂ ਤੇ ਪਲਾਂ ਨੂੰ ਲੈ ਕੇ ਆਉਂਦਾ ਹੈ ਜੋ ਜ਼ਿੰਦਗੀ ਭਰ ਮੇਰੇ ਨਾਲ ਰਹਿਣਗੇ।’
ਹਰਮਨਪ੍ਰੀਤ ਕੌਰ ਦੀਆਂ ਪ੍ਰਾਪਤੀਆਂ
- 2025 ਮਹਿਲਾ ਵਨਡੇ ਵਿਸ਼ਵ ਕੱਪ : ਉਨ੍ਹਾਂ ਦੀ ਕਪਤਾਨੀ ਹੇਠ, ਭਾਰਤ ਨੇ ਪਹਿਲੀ ਵਾਰ ਮਹਿਲਾ ਵਨਡੇ ਵਿਸ਼ਵ ਕੱਪ ਜਿੱਤਿਆ। ਉਹ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਕਪਤਾਨ ਬਣੀ।
- 2017 ਵਿਸ਼ਵ ਕੱਪ : ਅਸਟਰੇਲੀਆ ਵਿਰੁੱਧ ਸੈਮੀਫਾਈਨਲ ’ਚ ਨਾਬਾਦ 171 ਦੌੜਾਂ ਦੀ ਪਾਰੀ ਖੇਡੀ। ਇਹ ਮਹਿਲਾ ਵਿਸ਼ਵ ਕੱਪ ਦੀਆਂ ਯਾਦਗਾਰੀ ਪਾਰੀਆਂ ’ਚੋਂ ਇੱਕ ਹੈ।
- ਟੀ20 ਅੰਤਰਰਾਸ਼ਟਰੀ ’ਚ ਸੈਂਕੜਾ ਲਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ : 2018 ’ਚ, ਉਹ ਨਿਊਜ਼ੀਲੈਂਡ ਵਿਰੁੱਧ ਟੀ20 ਅੰਤਰਰਾਸ਼ਟਰੀ ’ਚ ਸੈਂਕੜਾ ਲਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕੇਟਰ ਬਣੀ।
- 200 ਟੀ20 ਅੰਤਰਰਾਸ਼ਟਰੀ : 2026 ’ਚ, ਉਹ ਪੁਰਸ਼ਾਂ ਜਾਂ ਮਹਿਲਾ ਕ੍ਰਿਕੇਟ ’ਚ 200 ਟੀ20 ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਪਹਿਲੀ ਕ੍ਰਿਕੇਟਰ ਬਣ ਗਈ।
- ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ : ਫਰਵਰੀ 2026 ’ਚ ਆਪਣਾ 356ਵਾਂ ਅੰਤਰਰਾਸ਼ਟਰੀ ਮੈਚ ਖੇਡ ਕੇ, ਉਹ ਮਹਿਲਾ ਕ੍ਰਿਕੇਟ ’ਚ ਸਭ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡਣ ਵਾਲੀ ਖਿਡਾਰਨ ਬਣ ਗਈ।
- 150 ਟੀ20 ਅੰਤਰਰਾਸ਼ਟਰੀ ਮੈਚਾਂ ’ਚ ਕਪਤਾਨੀ : ਸਤੰਬਰ 2026 ’ਚ, ਉਹ 150 ਟੀ20 ਅੰਤਰਰਾਸ਼ਟਰੀ ਮੈਚਾਂ ’ਚ ਕਪਤਾਨੀ ਕਰਨ ਵਾਲੀ ਦੁਨੀਆ ਦੀ ਪਹਿਲੀ ਕ੍ਰਿਕੇਟਰ ਬਣੀ।
- ਅਰਜੁਨ ਪੁਰਸਕਾਰ : 2017 ’ਚ, ਉਨ੍ਹਾਂ ਨੂੰ ਕ੍ਰਿਕੇਟ ਲਈ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
- ਹਰਮਨਪ੍ਰੀਤ ਕੌਰ ਨੂੰ 2026 ਵਿੱਚ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ, ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : IND vs WI: ਇੱਕ ਰੋਜ਼ਾ ਤੋਂ ਬਾਅਦ ਟੀ20 ’ਚ ਵੀ ਦਮਦਾਰ ਪ੍ਰਦਰਸ਼ਨ ਕਰਨ ਉਤਰੇਗੀ Team India
ਲਗਾਤਾਰ ਦੋ ਏਸ਼ੀਆਈ ਖੇਡਾਂ ਦੇ ਸੋਨ ਤਗਮੇ ਜਿੱਤੇ
ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ, ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਲਗਾਤਾਰ ਦੋ ਏਸ਼ੀਆਈ ਖੇਡਾਂ ਦੇ ਸੋਨ ਤਗਮੇ ਜਿੱਤੇ ਹਨ। ਭਾਰਤ ਨੇ 2022 ਦੀਆਂ ਹਾਂਗਜ਼ੂ ਏਸ਼ੀਆਈ ਖੇਡਾਂ ’ਚ ਸ਼੍ਰੀਲੰਕਾ ਨੂੰ ਹਰਾ ਕੇ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ। ਫਿਰ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ 2026 ਦੀਆਂ ਨਾਗੋਆ ਏਸ਼ੀਆਈ ਖੇਡਾਂ ’ਚ ਵੀ ਸੋਨ ਤਗਮਾ ਆਪਣੇ ਨਾਂਅ ਕੀਤਾ।