Railway News Today: ਤਿਉਹਾਰੀ ਸੀਜ਼ਨ 'ਚ ਰੇਲਵੇ ਨੇ ਦਿੱਤਾ ਤੋਹਫ਼ਾ, ਚੰਡੀਗੜ੍ਹ ਤੋਂ ਚੱਲਣਗੀਆਂ ਵਿਸ਼ੇਸ਼ ਟਰੇਨਾਂ

ਤਿਉਹਾਰੀ ਸੀਜ਼ਨ ’ਚ ਚੰਡੀਗੜ੍ਹ ਤੋਂ ਪਟਨਾ ਤੇ ਵਾਰਾਣਸੀ ਲਈ ਚੱਲਣਗੀਆਂ ਵਿਸ਼ੇਸ਼ ਟਰੇਨਾਂ

Ravinder Sharma Picture
Published On

ਚੰਡੀਗੜ੍ਹ (ਹਿੰ.ਸ.)। ਤਿਉਹਾਰੀ ਸੀਜ਼ਨ ਦੌਰਾਨ ਬਿਹਾਰ ਅਤੇ ਉੱਤਰ ਪ੍ਰਦੇਸ਼ ਜਾਣ ਵਾਲੇ ਯਾਤਰੀਆਂ ਲਈ ਰਾਹਤ ਦੀ ਖ਼ਬਰ ਹੈ। ਦਸਹਿਰਾ, ਦੀਵਾਲੀ ਅਤੇ ਛੱਠ ਮੌਕੇ ਨਿਯਮਤ ਲੰਬੀ ਦੂਰੀ ਦੀਆਂ ਟਰੇਨਾਂ ਵਿੱਚ ਵਧਣ ਵਾਲੀ ਭੀੜ ਅਤੇ ਲੰਬੀ ਵੇਟਿੰਗ ਲਿਸਟ ਨੂੰ ਦੇਖਦਿਆਂ ਰੇਲਵੇ ਵੱਲੋਂ ਚੰਡੀਗੜ੍ਹ ਤੋਂ ਪਟਨਾ ਅਤੇ ਵਾਰਾਣਸੀ ਲਈ ਦੋ ਵਿਸ਼ੇਸ਼ ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਟਰੇਨਾਂ ਅਕਤੂਬਰ ਤੋਂ ਨਵੰਬਰ ਦੇ ਅੰਤ ਤੱਕ ਚੱਲਣਗੀਆਂ।

ਰੇਲਵੇ ਅਧਿਕਾਰੀਆਂ ਮੁਤਾਬਕ ਤਿਉਹਾਰਾਂ ਦੌਰਾਨ ਬਿਹਾਰ ਅਤੇ ਉੱਤਰ ਪ੍ਰਦੇਸ਼ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੁੰਦਾ ਹੈ। ਵਿਸ਼ੇਸ਼ ਟਰੇਨਾਂ ਚਲਾਉਣ ਨਾਲ ਯਾਤਰੀਆਂ ਨੂੰ ਕਨਫ਼ਰਮ ਟਿਕਟ ਮਿਲਣ ਦੀ ਸੰਭਾਵਨਾ ਵਧੇਗੀ ਅਤੇ ਨਿਯਮਤ ਟਰੇਨਾਂ ਵਿੱਚ ਵੀ ਭੀੜ ਘਟੇਗੀ। ਟਰੇਨ ਨੰਬਰ 04512 ਚੰਡੀਗੜ੍ਹ-ਪਟਨਾ ਜੰਕਸ਼ਨ ਵਿਸ਼ੇਸ਼ ਐਕਸਪ੍ਰੈਸ 1 ਅਕਤੂਬਰ ਤੋਂ 26 ਨਵੰਬਰ ਤੱਕ ਹਰ ਵੀਰਵਾਰ ਚੱਲੇਗੀ। ਇਹ ਟਰੇਨ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰਾਤ 11:35 ਵਜੇ ਰਵਾਨਾ ਹੋ ਕੇ ਅਗਲੇ ਦਿਨ ਰਾਤ 9:15 ਵਜੇ ਪਟਨਾ ਜੰਕਸ਼ਨ ਪਹੁੰਚੇਗੀ। ਇਸ ਦੇ ਕੁੱਲ 18 ਫੇਰੇ ਹੋਣਗੇ। ਵਾਪਸੀ ਵਿੱਚ ਟਰੇਨ ਨੰਬਰ 04511 ਪਟਨਾ ਜੰਕਸ਼ਨ-ਚੰਡੀਗੜ੍ਹ ਵਿਸ਼ੇਸ਼ ਐਕਸਪ੍ਰੈਸ 2 ਅਕਤੂਬਰ ਤੋਂ 27 ਨਵੰਬਰ ਤੱਕ ਹਰ ਸ਼ੁੱਕਰਵਾਰ ਚੱਲੇਗੀ। ਇਹ ਪਟਨਾ ਤੋਂ ਰਾਤ 11:15 ਵਜੇ ਰਵਾਨਾ ਹੋ ਕੇ ਅਗਲੇ ਦਿਨ ਰਾਤ 9:20 ਵਜੇ ਚੰਡੀਗੜ੍ਹ ਪਹੁੰਚੇਗੀ।

Read Also ; ਦੱਖਣੀ ਅਫਰੀਕਾ ਦੌਰੇ ਲਈ ਅਸਟਰੇਲੀਆਈ ਟੈਸਟ ਟੀਮ ਦਾ ਐਲਾਨ

ਚੰਡੀਗੜ੍ਹ-ਪਟਨਾ ਵਿਸ਼ੇਸ਼ ਟਰੇਨ ਦੇ ਰਸਤੇ ਵਿੱਚ ਅੰਬਾਲਾ ਕੈਂਟ, ਸਹਾਰਨਪੁਰ, ਰੁੜਕੀ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਹਰਦੋਈ, ਆਲਮਨਗਰ, ਲਖਨਊ ਜੰਕਸ਼ਨ, ਸੁਲਤਾਨਪੁਰ, ਵਾਰਾਣਸੀ, ਪੰਡਿਤ ਦੀਨ ਦਿਆਲ ਉਪਾਧਿਆਏ ਜੰਕਸ਼ਨ, ਬਕਸਰ, ਆਰਾ ਅਤੇ ਦਾਨਾਪੁਰ ਸਮੇਤ ਹੋਰ ਨਿਰਧਾਰਤ ਸਟੇਸ਼ਨਾਂ ’ਤੇ ਠਹਿਰਾਅ ਹੋਵੇਗਾ। ਟਰੇਨ ਵਿੱਚ ਏਸੀ ਥ੍ਰੀ ਟੀਅਰ, ਏਸੀ ਥ੍ਰੀ ਟੀਅਰ ਇਕਾਨਮੀ, ਸਲੀਪਰ ਅਤੇ ਜਨਰਲ ਸ਼੍ਰੇਣੀ ਦੇ ਕੋਚ ਹੋਣਗੇ। ਚੰਡੀਗੜ੍ਹ ਅਤੇ ਵਾਰਾਣਸੀ ਵਿਚਕਾਰ ਚੱਲਣ ਵਾਲੀ ਵਿਸ਼ੇਸ਼ ਟਰੇਨ ਕੁੱਲ 36 ਗੇੜੇ ਲਗਾਵੇਗੀ। ਟਰੇਨ ਨੰਬਰ 04227 ਵਾਰਾਣਸੀ ਜੰਕਸ਼ਨ-ਚੰਡੀਗੜ੍ਹ ਵਿਸ਼ੇਸ਼ ਐਕਸਪ੍ਰੈਸ 1 ਅਕਤੂਬਰ ਤੋਂ 29 ਨਵੰਬਰ ਤੱਕ ਹਰ ਵੀਰਵਾਰ ਅਤੇ ਐਤਵਾਰ ਚੱਲੇਗੀ। ਇਹ ਵਾਰਾਣਸੀ ਤੋਂ ਸਵੇਰੇ 11:05 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 4:20 ਵਜੇ ਚੰਡੀਗੜ੍ਹ ਪਹੁੰਚੇਗੀ। ਵਾਪਸੀ ਵਿੱਚ ਟਰੇਨ ਨੰਬਰ 04228 ਚੰਡੀਗੜ੍ਹ-ਵਾਰਾਣਸੀ ਜੰਕਸ਼ਨ ਵਿਸ਼ੇਸ਼ ਐਕਸਪ੍ਰੈਸ 2 ਅਕਤੂਬਰ ਤੋਂ 30 ਨਵੰਬਰ ਤੱਕ ਹਰ ਸ਼ੁੱਕਰਵਾਰ ਅਤੇ ਸੋਮਵਾਰ ਚੱਲੇਗੀ। ਇਹ ਚੰਡੀਗੜ੍ਹ ਤੋਂ ਸਵੇਰੇ 6 ਵਜੇ ਰਵਾਨਾ ਹੋ ਕੇ ਅਗਲੇ ਦਿਨ ਰਾਤ 12:55 ਵਜੇ ਵਾਰਾਣਸੀ ਜੰਕਸ਼ਨ ਪਹੁੰਚੇਗੀ।

ਚੰਡੀਗੜ੍ਹ-ਵਾਰਾਣਸੀ ਵਿਸ਼ੇਸ਼ ਟਰੇਨ ਵਿੱਚ ਏਸੀ ਟੂ ਟੀਅਰ, ਏਸੀ ਥ੍ਰੀ ਟੀਅਰ, ਸਲੀਪਰ ਅਤੇ ਜਨਰਲ ਸ਼੍ਰੇਣੀ ਦੇ ਕੋਚ ਹੋਣਗੇ। ਇਹ ਟਰੇਨ ਮਾਂ ਬੇਲ੍ਹਾ ਦੇਵੀ ਧਾਮ, ਪ੍ਰਤਾਪਗੜ੍ਹ ਜੰਕਸ਼ਨ, ਰਾਏਬਰੇਲੀ ਜੰਕਸ਼ਨ, ਲਖਨਊ, ਸ਼ਾਹਜਹਾਂਪੁਰ, ਬਰੇਲੀ, ਮੁਰਾਦਾਬਾਦ, ਰੁੜਕੀ, ਸਹਾਰਨਪੁਰ ਅਤੇ ਅੰਬਾਲਾ ਕੈਂਟ ਸਮੇਤ ਕਈ ਪ੍ਰਮੁੱਖ ਸਟੇਸ਼ਨਾਂ ’ਤੇ ਰੁਕੇਗੀ। ਅੰਬਾਲਾ ਮੰਡਲ ਦੇ ਸੀਨੀਅਰ ਡੀਸੀਐਮ ਯਸ਼ਜੀਤ ਸਿੰਘ ਨੇ ਦੱਸਿਆ ਕਿ ਦੀਵਾਲੀ ਅਤੇ ਛੱਠ ਦੌਰਾਨ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ ਨਿਯਮਤ ਟਰੇਨਾਂ ਵਿੱਚ ਯਾਤਰੀਆਂ ਦੀ ਗਿਣਤੀ ਕਾਫ਼ੀ ਵਧ ਜਾਂਦੀ ਹੈ ਅਤੇ ਕਈ ਟਰੇਨਾਂ ਵਿੱਚ ਲੰਬੀ ਵੇਟਿੰਗ ਲਿਸਟ ਹੋ ਜਾਂਦੀ ਹੈ। ਇਸੇ ਨੂੰ ਦੇਖਦਿਆਂ ਰੇਲਵੇ ਵੱਲੋਂ ਇਹ ਵਿਸ਼ੇਸ਼ ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਵਿਸ਼ੇਸ਼ ਟਰੇਨਾਂ ਲਈ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ।

About The Author

Related Posts