SA vs AUS: ਦੱਖਣੀ ਅਫਰੀਕਾ ਦੌਰੇ ਲਈ ਅਸਟਰੇਲੀਆਈ ਟੈਸਟ ਟੀਮ ਦਾ ਐਲਾਨ
ਲਾਬੂਸ਼ੇਨ ’ਤੇ ਫਿਰ ਜਤਾਇਆ ਭਰੋਸਾ
ਸਿਡਨੀ (ਸੱਚ ਕਹੂੰ ਨਿਊਜ਼/ਹਿੰ.ਸ.)। ਬੰਗਲਾਦੇਸ਼ ਵਿਰੁੱਧ ਮਾੜੇ ਪ੍ਰਦਰਸ਼ਨ ਬਾਵਜੂਦ ਅਸਟਰੇਲੀਆ ਨੇ ਦੱਖਣੀ ਅਫਰੀਕਾ ਦੇ ਆਉਣ ਵਾਲੇ ਟੈਸਟ ਦੌਰੇ ਲਈ ਮਾਰਨਸ ਲਾਬੂਸ਼ੇਨ ਨੂੰ ਟੀਮ ’ਚ ਬਰਕਰਾਰ ਰੱਖਿਆ ਹੈ। ਅਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਟੈਸਟ ਮੈਚਾਂ ਦੀ ਲੜੀ 9 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਹ 2018 ਦੇ ਵਿਵਾਦਪੂਰਨ ਦੌਰੇ ਤੋਂ ਬਾਅਦ ਪਹਿਲਾ ਮੌਕਾ ਹੋਵੇਗਾ ਜਦੋਂ ਅਸਟਰੇਲੀਆਈ ਟੀਮ ਦੱਖਣੀ ਅਫਰੀਕਾ ਵਿੱਚ ਟੈਸਟ ਲੜੀ ਖੇਡੇਗੀ। ਲਾਬੂਸ਼ੇਨ ਨੂੰ ਬੰਗਲਾਦੇਸ਼ ਵਿਰੁੱਧ ਦੋ ਟੈਸਟ ਮੈਚਾਂ ’ਚ ਸਿਰਫ 1, 31 ਤੇ 4 ਦੌੜਾਂ ਬਣਾਉਣ ਦੇ ਬਾਵਜੂਦ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦਾ ਆਖਰੀ ਟੈਸਟ ਸੈਂਕੜਾ ਤਿੰਨ ਸਾਲ ਪਹਿਲਾਂ ਮੈਨਚੈਸਟਰ ’ਚ ਆਇਆ ਸੀ। ਅਸਟਰੇਲੀਆ ਨੇ ਉਨ੍ਹਾਂ ਨੂੰ ਇੱਕ ਰੋਜ਼ਾ ਟੀਮ ਤੋਂ ਬਾਹਰ ਕਰ ਦਿੱਤਾ ਸੀ, ਪਰ ਟੈਸਟ ਕ੍ਰਿਕੇਟ ’ਚ ਉਨ੍ਹਾਂ ’ਤੇ ਭਰੋਸਾ ਬਰਕਰਾਰ ਰੱਖਿਆ ਹੈ। ਅਸਟਰੇਲੀਆ ਨੇ ਟੀਮ ਦੇ ਨੌਜਵਾਨ ਆਲਰਾਊਂਡਰ ਕੂਪਰ ਕੋਨੋਲੀ ਨੂੰ ਵੀ ਸ਼ਾਮਲ ਕੀਤਾ ਹੈ। SA vs AUS
ਕੋਨੋਲੀ ਨੇ ਪਿਛਲੇ ਸਾਲ ਸ਼੍ਰੀਲੰਕਾ ਵਿਰੁੱਧ ਆਪਣਾ ਟੈਸਟ ਡੈਬਿਊ ਕੀਤਾ ਸੀ ਤੇ ਉਨ੍ਹਾਂ ਦੇ ਨਾਂਅ ਸਿਰਫ਼ ਇੱਕ ਟੈਸਟ ਮੈਚ ਹੈ। ਮੈਥਿਊ ਕੁਹਨੇਮੈਨ ਤੇ ਮਾਈਕਲ ਨੇਸਰ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ ਹੈ। ਕੁਹਨੇਮੈਨ ਇੱਕ ਖੱਬੇ ਹੱਥ ਦਾ ਸਪਿਨਰ ਹਨ ਤੇ ਆਫ ਸਪਿਨਰ ਨਾਥਨ ਲਿਓਨ ਨੂੰ ਵਾਧੂ ਸਪਿਨ ਵਿਕਲਪ ਪ੍ਰਦਾਨ ਕਰਨਗੇ। ਉੱਥੇ ਹੀ, ਨੇਸਰ ਆਪਣੀ ਆਲਰਾਊਂਡ ਯੋਗਤਾਵਾਂ ਕਾਰਨ ਦੱਖਣੀ ਅਫਰੀਕਾ ’ਚ ਲਾਭਦਾਇਕ ਸਾਬਤ ਹੋ ਸਕਦੇ ਹਨ। ਉਨ੍ਹਾਂ ਨੂੰ ਸੱਟ ਕਾਰਨ ਬੰਗਲਾਦੇਸ਼ ਵਿਰੁੱਧ ਟੈਸਟ ਲੜੀ ਤੋਂ ਬਾਹਰ ਕਰ ਦਿੱਤਾ ਗਿਆ ਸੀ। ਨੇਸਰ ਨੇ 2025-26 ਦੀ ਐਸ਼ੇਜ਼ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਤਿੰਨ ਮੈਚਾਂ ਵਿੱਚ 15 ਵਿਕਟਾਂ ਲਈਆਂ ਸਨ, ਦੇ ਆਪਣੇ ਜੱਦੀ ਦੇਸ਼ ਦੱਖਣੀ ਅਫਰੀਕਾ ਵਿਰੁੱਧ ਖੇਡਣ ਦੀ ਸੰਭਾਵਨਾ ਹੈ। ਅਸਟਰੇਲੀਆ ਨੇ ਮੈਥਿਊ ਰੇਨਸ਼ਾ ਨੂੰ ਟ੍ਰੈਵਿਸ ਹੈੱਡ ਦੇ ਓਪਨਿੰਗ ਸਾਥੀ ਵਜੋਂ ਵੀ ਬਰਕਰਾਰ ਰੱਖਿਆ ਹੈ।
ਡਾਰਵਿਨ ’ਚ ਬੰਗਲਾਦੇਸ਼ ਖਿਲਾਫ਼ ਹਾਰ ਤੋਂ ਬਾਅਦ ਰੇਨਸ਼ਾ ਨੇ ਜੇਕ ਵੈਦਰਲਡ ਦੀ ਜਗ੍ਹਾ ਲਈ। ਪਿਛਲੇ ਘਰੇਲੂ ਸੀਜ਼ਨ ਵਿੱਚ ਸਭ ਤੋਂ ਵਧੀਆ ਸ਼ੈਫੀਲਡ ਸ਼ੀਲਡ ਓਪਨਰ, ਰੇਨਸ਼ਾ ਨੇ 10 ਪਾਰੀਆਂ ’ਚ ਤਿੰਨ ਸੈਂਕੜੇ ਲਾਏ ਸਨ। ਉਹ ਮੈਕੇ ਟੈਸਟ ਦੀ ਇੱਕੋ ਇੱਕ ਪਾਰੀ ਵਿੱਚ ਅੱਠ ਦੌੜਾਂ ਬਣਾ ਕੇ ਆਊਟ ਹੋ ਗਏ ਸੀ, ਪਰ ਚੋਣਕਾਰਾਂ ਨੇ ਉਨ੍ਹਾਂ ਨੂੰ ਦੱਖਣੀ ਅਫਰੀਕਾ ਦੌਰੇ ਲਈ ਫਿਰ ਮੌਕਾ ਦਿੱਤਾ ਹੈ। ਦੱਖਣੀ ਅਫਰੀਕਾ ਦੌਰੇ ਦਾ ਪਹਿਲਾ ਟੈਸਟ 9 ਅਕਤੂਬਰ ਤੋਂ ਡਰਬਨ ਦੇ ਕਿੰਗਸਮੇਡ ਵਿਖੇ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਟੈਸਟ 18 ਅਕਤੂਬਰ ਤੋਂ ਗਕੇਬਾਰਹਾ ਦੇ ਸੇਂਟ ਜਾਰਜ ਪਾਰਕ ਵਿਖੇ ਹੋਵੇਗਾ। ਜਦੋਂ ਕਿ ਲੜੀ ਦਾ ਤੀਜਾ ਤੇ ਆਖਰੀ ਮੈਚ 27 ਅਕਤੂਬਰ ਤੋਂ ਕੇਪ ਟਾਊਨ ਦੇ ਨਿਊਲੈਂਡਜ਼ ਵਿਖੇ ਖੇਡਿਆ ਜਾਵੇਗਾ। SA vs AUS
ਇਹ ਵੀ ਪੜ੍ਹੋ : Delhi Building Collapse: ਦਿੱਲੀ ਦੇ ਸੱਤਿਆ ਨਿਕੇਤਨ ਪੀਜੀ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 6 ਹੋਈ, ਬਚਾਅ ਕਾਰਜ ਤੇਜ਼
ਦੱਖਣੀ ਅਫਰੀਕਾ ਦੌਰੇ ਲਈ ਕੰਗਾਰੂਆਂ ਦੀ ਟੈਸਟ ਟੀਮ | SA vs AUS
ਪੈਟ ਕਮਿੰਸ (ਕਪਤਾਨ) : ਸਕਾਟ ਬੋਲੈਂਡ, ਐਲੇਕਸ ਕੈਰੀ, ਕੂਪਰ ਕੌਨੋਲੀ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮੈਥਿਊ ਕੁਹਨੇਮੈਨ, ਮਾਰਨਸ ਲਾਬੂਸ਼ੇਨ, ਨਾਥਨ ਲਿਓਨ, ਮਾਈਕਲ ਨੇਸਰ, ਮੈਥਿਊ ਰੇਨਸ਼ਾ, ਸਟੀਵ ਸਮਿਥ, ਮਿਸ਼ੇਲ ਸਟਾਰਕ ਤੇ ਬਿਊ ਵੈਬਸਟਰ।