ਪੰਜਾਬ ’ਚ ਗੈਂਗਸਟਰ ਹਿੰਸਾ ਦੇ ਪੀੜਤ ਪਰਿਵਾਰਾਂ ਨੂੰ ਮਿਲਣਗੇ ਕਾਂਗਰਸ ਇੰਚਾਰਜ਼ Sachin Pilot, ਦੌਰਾ ਅੱਜ ਤੋਂ
16 ਤੋਂ 20 ਅਕਤੂਬਰ ਤੱਕ ਪੰਜ ਦਿਨਾਂ ਦੌਰਾ, ਪੰਜਾਬ ਦੀ ਅਮਨ ਤੇ ਕਾਨੂੰਨ ਪ੍ਰਬੰਧ ਦੇ ਮੁੱਦੇ ’ਤੇ ‘ਆਪ’ ਸਰਕਾਰ ਨੂੰ ਘੇਰੇਗੀ ਕਾਂਗਰਸ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸਚਿਨ ਪਾਇਲਟ ਦਾ ਪੰਜਾਬ ਦੌਰਾ 16 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਸਚਿਨ ਪਾਇਲਟ 20 ਅਕਤੂਬਰ ਤੱਕ ਸੂਬੇ ਦੇ 11 ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਗੈਂਗਸਟਰ ਹਿੰਸਾ ਅਤੇ ਹੋਰ ਅਪਰਾਧਿਕ ਘਟਨਾਵਾਂ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਉਣ ਵਾਲੇ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣਨਗੇ।
ਇਸ ਦੌਰਾਨ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਦੀ ਹਰ ਸੰਭਵ ਕੋਸ਼ਸ਼ ਵੀ ਕੀਤੀ ਜਾਏਗੀ, ਜਿਸ ਦਾ ਸਾਰਾ ਰੋਡਮੈਪ ਪੰਜਾਬ ਕਾਂਗਰਸ ਵੱਲੋਂ ਤਿਆਰ ਕਰ ਲਿਆ ਗਿਆ ਹੈ। ਪੰਜਾਬ ਕਾਂਗਰਸ ਵੀ ਬਾਕੀ ਸਿਆਸੀ ਪਾਰਟੀਆਂ ਵਾਂਗ ਹੀ ਨਸ਼ੇ ਅਤੇ ਗੈਂਗਸਟਰ ਦੇ ਮੁੱਦੇ ’ਤੇ ਹੁਣ ਆਪਣੀ ਇਸ ਦੌਰੇ ਨੂੰ ਸ਼ੁਰੂ ਕਰਨ ਜਾ ਰਹੀ ਹੈ।
ਪੰਜਾਬ ਕਾਂਗਰਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸਚਿਨ ਪਾਇਲਟ ਮੋਗਾ, ਬਠਿੰਡਾ, ਮਾਨਸਾ, ਲੁਧਿਆਣਾ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ ਅਤੇ ਅੰਮ੍ਰਿਤਸਰ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਪੀੜਤ ਪਰਿਵਾਰਾਂ ਦੇ ਘਰ ਜਾ ਕੇ ਉਨਾਂ ਨਾਲ ਦੁੱਖ ਸਾਂਝਾ ਕਰਨਗੇ ਅਤੇ ਇਨਸਾਫ਼ ਲਈ ਉਹਨਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਲੈਣਗੇ।
ਪੰਜਾਬ ਵਿੱਚ ਗੈਂਗਸਟਰ ਹਿੰਸਾ, ਫਿਰੌਤੀਆਂ ਅਤੇ ਅਪਰਾਧਿਕ ਘਟਨਾਵਾਂ ਦੇ ਮੁੱਦੇ ਸਬੰਧੀ ਕਾਂਗਰਸ ਨੇ ਸੂਬਾ ਸਰਕਾਰ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰਨ ਦੀ ਤਿਆਰੀ ਕੀਤੀ ਹੈ। ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਕਈ ਪੀੜਤ ਪਰਿਵਾਰ ਲੰਮੇ ਸਮੇਂ ਤੋਂ ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ, ਜਾਂਚ ਅਤੇ ਅਦਾਲਤੀ ਕਾਰਵਾਈ ਵਿੱਚ ਤਰੱਕੀ ਦੀ ਉਡੀਕ ਕਰ ਰਹੇ ਹਨ।
ਸਚਿਨ ਪਾਇਲਟ ਦੇ ਇਸ ਦੌਰੇ ਦੌਰਾਨ ਇਨਾਂ ਪਰਿਵਾਰਾਂ ਦੀਆਂ ਸ਼ਿਕਾਇਤਾਂ ਸੁਣਨ ਦੇ ਨਾਲ-ਨਾਲ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦਾ ਮੁੱਦਾ ਵੀ ਉਠਾਇਆ ਜਾਵੇਗਾ। ਕਾਂਗਰਸ ਇਨ੍ਹਾਂ ਮਾਮਲਿਆਂ ਨੂੰ ਜਨਤਕ ਤੌਰ ’ਤੇ ਉਠਾਉਣ ਦੇ ਨਾਲ ਲੋੜ ਪੈਣ ’ਤੇ ਕਾਨੂੰਨੀ ਪੱਧਰ ’ਤੇ ਵੀ ਅੱਗੇ ਲਿਜਾਣ ਦੀ ਗੱਲ ਕਹਿ ਰਹੀ ਹੈ।
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਚਿਨ ਪਾਇਲਟ ਦਾ ਇਹ ਦੌਰਾ ਕਾਂਗਰਸ ਦੀ ਸਿਆਸੀ ਰਣਨੀਤੀ ਦੇ ਪੱਖੋਂ ਵੀ ਅਹਿਮ ਮੰਨਿਆ ਜਾ ਰਿਹਾ ਹੈ। ਪਾਰਟੀ ਇਸ ਦੌਰੇ ਰਾਹੀਂ ਅਮਨ-ਕਾਨੂੰਨ ਦੇ ਮੁੱਦੇ ਨੂੰ ਲੋਕਾਂ ਵਿਚਕਾਰ ਲਿਜਾਣ ਅਤੇ ਪੀੜਤ ਪਰਿਵਾਰਾਂ ਨਾਲ ਸਿੱਧਾ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰੇਗੀ।