Creative Home Decor Ideas: ਘਰ ਨੂੰ ਸੁੰਦਰ ਬਣਾਉਣ ਲਈ ਪੁਰਾਣੀਆਂ ਚੀਜ਼ਾਂ ਦੀ ਕਰੋ ਰਚਨਾਤਮਕ ਵਰਤੋਂ

ਘਰ ਨੂੰ ਸੁੰਦਰ ਬਣਾਉਣ ਲਈ ਪੁਰਾਣੀਆਂ ਚੀਜ਼ਾਂ ਦੀ ਕਰੋ ਰਚਨਾਤਮਕ ਵਰਤੋਂ

Khushdeep Singh Picture
Published On

ਘਰ ਨੂੰ ਸੁੰਦਰ ਬਣਾਉਣ ਲਈ ਹਮੇਸ਼ਾ ਮਹਿੰਗੀਆਂ ਸਜਾਵਟੀ ਵਸਤੂਆਂ ਖ਼ਰੀਦਣ ਦੀ ਲੋੜ ਨਹੀਂ ਹੁੰਦੀ। ਕਈ ਵਾਰ ਘਰ ਵਿੱਚ ਪਈਆਂ ਪੁਰਾਣੀਆਂ ਅਤੇ ਬੇਕਾਰ ਸਮਝੀਆਂ ਜਾਣ ਵਾਲੀਆਂ ਚੀਜ਼ਾਂ ਵੀ ਸਜਾਵਟ ਦਾ ਖ਼ੂਬਸੂਰਤ ਹਿੱਸਾ ਬਣ ਸਕਦੀਆਂ ਹਨ। ਥੋੜ੍ਹੀ ਜਿਹੀ ਸਿਰਜਣਾਤਮਕ ਸੋਚ ਅਤੇ ਸਹੀ ਢੰਗ ਨਾਲ ਵਰਤੋਂ ਕਰਕੇ ਤੁਸੀਂ ਆਪਣੇ ਘਰ ਨੂੰ ਨਵੀਂ ਦਿੱਖ ਦੇ ਸਕਦੇ ਹੋ। ਪੁਰਾਣੇ ਚਮਚਿਆਂ ਤੋਂ ਲੈ ਕੇ ਲੱਕੜ ਦੇ ਟੁਕੜਿਆਂ ਅਤੇ ਖਾਲੀ ਕੰਧਾਂ ਤੱਕ, ਅਜਿਹੀਆਂ ਕਈ ਚੀਜ਼ਾਂ ਹਨ, ਜੋ ਘਰ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਉਪਲੱਬਧ ਥਾਂ ਦੀ ਬਿਹਤਰ ਵਰਤੋਂ ਕਰਨ ਵਿੱਚ ਵੀ ਮੱਦਦ ਕਰਦੀਆਂ ਹਨ। ਆਓ! ਜਾਣਦੇ ਹਾਂ ਘਰ ਨੂੰ ਸਜਾਉਣ ਦੇ ਕੁਝ ਅਨੋਖੇ ਅਤੇ ਲਾਭਦਾਇਕ ਤਰੀਕਿਆਂ ਬਾਰੇ।

ਪੁਰਾਣੀ ਕੜਛੀ ਨਾਲ ਬਣਾਓ ਸਜਾਵਟੀ ਲੈਂਪ

ਰਸੋਈ ਵਿੱਚ ਵਰਤੀ ਜਾਣ ਵਾਲੀ ਪੁਰਾਣੀ ਧਾਤੂ ਦੀ ਕੜਛੀ ਜਾਂ ਵੱਡੇ ਚਮਚੇ ਨੂੰ ਸੁੰਦਰ ਲੈਂਪ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਇਨ੍ਹਾਂ ਨੂੰ ਇੱਕ ਖ਼ੂਬਸੂਰਤ ਨਮੂਨੇ ਅਨੁਸਾਰ ਸਜਾ ਕੇ ਛੱਤ ਤੋਂ ਲਟਕਣ ਵਾਲੀ ਬੱਤੀ ਵਰਗਾ ਡਿਜ਼ਾਈਨ ਤਿਆਰ ਕੀਤਾ ਜਾ ਸਕਦਾ ਹੈ। ਧਾਤੂ ਦੀ ਸਤ੍ਹਾ ਨਾਲ ਟਕਰਾ ਕੇ ਫੈਲਣ ਵਾਲੀ ਰੌਸ਼ਨੀ ਆਲੇ-ਦੁਆਲੇ ਦੀ ਥਾਂ ਨੂੰ ਖ਼ਾਸ ਦਿੱਖ ਦੇ ਸਕਦੀ ਹੈ। ਇਸ ਤਰ੍ਹਾਂ ਪੁਰਾਣੀਆਂ ਚੀਜ਼ਾਂ ਦੀ ਮੁੜ ਵਰਤੋਂ ਕਰਕੇ ਘਰ ਦੀ ਸਜਾਵਟ ਨੂੰ ਨਵਾਂ ਰੂਪ ਦਿੱਤਾ ਜਾ ਸਕਦਾ ਹੈ।

ਸੁਪਰ ਹੀਰੋ ਥੀਮ ਨਾਲ ਸਜਾਓ ਕੰਧਾਂ | Creative Home Decor Ideas

ਜੇ ਬੱਚਿਆਂ ਨੂੰ ਸਪਾਈਡਰਮੈਨ, ਬੈਟਮੈਨ ਜਾਂ ਹੋਰ ਸੁਪਰਹੀਰੋ ਪਸੰਦ ਹਨ, ਤਾਂ ਉਨ੍ਹਾਂ ਦੀ ਇਸ ਪਸੰਦ ਨੂੰ ਕਮਰੇ ਦੀ ਸਜਾਵਟ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਲੱਕੜ ਦੇ ਛੋਟੇ ਫੱਟਿਆਂ ਉੱਤੇ ਮਨਪਸੰਦ ਕਿਰਦਾਰਾਂ ਦੀਆਂ ਤਸਵੀਰਾਂ ਜਾਂ ਉਨ੍ਹਾਂ ਦੇ ਚਿੰਨ੍ਹ ਬਣਾ ਕੇ ਕੰਧ ਉੱਤੇ ਸੁੰਦਰ ਢੰਗ ਨਾਲ ਲਾਏ ਜਾ ਸਕਦੇ ਹਨ। ਇਸੇ ਤਰ੍ਹਾਂ, ਜਿਨ੍ਹਾਂ ਬੱਚਿਆਂ ਨੂੰ ਕਾਰਾਂ ਦਾ ਸ਼ੌਂਕ ਹੈ, ਉਨ੍ਹਾਂ ਦੇ ਕਮਰੇ ਵਿੱਚ ਕਾਰਾਂ ਦੇ ਨਮੂਨੇ ਵਾਲੀ ਸਜਾਵਟ ਕੀਤੀ ਜਾ ਸਕਦੀ ਹੈ ਜਾਂ ਖਿਡੌਣੇ ਰੱਖਣ ਲਈ ਛੋਟੀਆਂ ਅਲਮਾਰੀਆਂ ਬਣਾਈਆਂ ਜਾ ਸਕਦੀਆਂ ਹਨ। ਇਸ ਨਾਲ ਬੱਚਿਆਂ ਦਾ ਕਮਰਾ ਉਨ੍ਹਾਂ ਦੀ ਪਸੰਦ ਅਤੇ ਰੁਚੀ ਅਨੁਸਾਰ ਵਿਲੱਖਣ ਤੇ ਆਕਰਸ਼ਕ ਦਿਖਾਈ ਦੇਵੇਗਾ।

ਇਹ ਵੀ ਪੜ੍ਹੋ : Punjab Bandh: ਖਰਾਬ ਮੌਸਮ ਦੇ ਬਾਵਜ਼ੂਦ ਪੰਜਾਬ ਬੰਦ ਦੀ ਸਫਲ ਸ਼ੁਰੂਆਤ

ਪਲੰਘ ਦੇ ਹੇਠਾਂ ਲਾਓ ਲਾਈਟ | Creative Home Decor Ideas

ਸੌਣ ਵਾਲੇ ਕਮਰੇ ਨੂੰ ਆਧੁਨਿਕ ਅਤੇ ਆਕਰਸ਼ਕ ਦਿੱਖ ਦੇਣ ਲਈ ਪਲੰਘ ਦੇ ਹੇਠਲੇ ਹਿੱਸੇ ਵਿੱਚ ਹਲਕੀ ਰੌਸ਼ਨੀ ਵਾਲੀਆਂ ਐੱਲਈਡੀ ਬੱਤੀਆਂ ਲਾਈਆਂ ਜਾ ਸਕਦੀਆਂ ਹਨ। ਇਸ ਲਈ ਪਲੰਘ ਦੇ ਢਾਂਚੇ ਦੇ ਹੇਠਾਂ ਇਸ ਤਰ੍ਹਾਂ ਰੌਸ਼ਨੀ ਦਾ ਪ੍ਰਬੰਧ ਕਰੋ ਕਿ ਰਾਤ ਸਮੇਂ ਕਮਰੇ ਵਿੱਚ ਹਲਕਾ ਚਾਨਣ ਫੈਲਿਆ ਰਹੇ ਅਤੇ ਆਉਣ-ਜਾਣ ਵਿੱਚ ਵੀ ਸੌਖ ਰਹੇ। ਗਰਮ ਰੰਗਾਂ ਵਾਲੀ ਰੌਸ਼ਨੀ ਕਮਰੇ ਵਿੱਚ ਆਰਾਮਦਾਇਕ ਮਾਹੌਲ ਬਣਾਉਂਦੀ ਹੈ, ਜਦਕਿ ਚਿੱਟੀ ਰੌਸ਼ਨੀ ਇਸ ਨੂੰ ਆਧੁਨਿਕ ਦਿੱਖ ਦਿੰਦੀ ਹੈ।

ਗਬੋਰਡ ਨਾਲ ਵਧਾਓ ਸਟੋਰੇਜ਼

ਘਰ ਦੀ ਖਾਲੀ ਕੰਧ ਨੂੰ ਲਾਭਦਾਇਕ ਬਣਾਉਣ ਲਈ ਪੇਗਬੋਰਡ ਵਧੀਆ ਵਿਕਲਪ ਹੈ। ਇਸ ਵਿੱਚ ਬਣੇ ਛੇਕਾਂ ਰਾਹੀਂ ਕੁੰਡੀਆਂ, ਛੋਟੀਆਂ ਤਖ਼ਤੀਆਂ ਅਤੇ ਟੋਕਰੀਆਂ ਲਾ ਕੇ ਵੱਖ-ਵੱਖ ਚੀਜ਼ਾਂ ਨੂੰ ਤਰਤੀਬ ਨਾਲ ਰੱਖਿਆ ਜਾ ਸਕਦਾ ਹੈ। ਰਸੋਈ ਵਿੱਚ ਇਸ ਦੀ ਵਰਤੋਂ ਹੌਲੇ ਭਾਂਡੇ ਅਤੇ ਰਸੋਈ ਦੇ ਔਜ਼ਾਰ ਰੱਖਣ ਲਈ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ, ਬੱਚਿਆਂ ਦੇ ਕਮਰੇ ਵਿੱਚ ਲਿਖਣ-ਪੜ੍ਹਨ ਦਾ ਸਾਮਾਨ, ਛੋਟੇ ਬਸਤੇ ਅਤੇ ਹੱਥੀਂ ਬਣਾਈਆਂ ਜਾਣ ਵਾਲੀਆਂ ਚੀਜ਼ਾਂ ਦਾ ਸਾਮਾਨ ਰੱਖਣ ਲਈ ਵੀ ਇਹ ਲਾਭਦਾਇਕ ਹੈ। ਇਸ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਲੋੜ ਅਨੁਸਾਰ ਇਸ ਦੀਆਂ ਕੁੰਡੀਆਂ ਅਤੇ ਤਖ਼ਤੀਆਂ ਦੀ ਥਾਂ ਬਦਲੀ ਜਾ ਸਕਦੀ ਹੈ।

ਲੱਕੜ ਨਾਲ ਬਣਾਓ ਵਾਲ ਕਲੌਕ | Creative Home Decor Ideas

ਜੇ ਘਰ ਵਿੱਚ ਲੱਕੜ ਦਾ ਕੋਈ ਪੁਰਾਣਾ ਟੁਕੜਾ ਪਿਆ ਹੈ, ਤਾਂ ਉਸ ਨੂੰ ਸੁੰਦਰ ਦੀਵਾਰ-ਘੜੀ ਵਿੱਚ ਬਦਲਿਆ ਜਾ ਸਕਦਾ ਹੈ। ਲੱਕੜ ਦੀ ਕੁਦਰਤੀ ਬਣਤਰ ਅਤੇ ਰੰਗ ਘੜੀ ਨੂੰ ਆਕਰਸ਼ਕ ਅਤੇ ਵਿਲੱਖਣ ਦਿੱਖ ਦਿੰਦੇ ਹਨ। ਇਸ ਨੂੰ ਬਣਾਉਣ ਲਈ ਪਹਿਲਾਂ ਲੱਕੜ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਲੋੜ ਅਨੁਸਾਰ ਇਸ ਦੀ ਸਤ੍ਹਾ ਨੂੰ ਮੁਲਾਇਮ ਬਣਾਓ। ਇਸ ਤੋਂ ਬਾਅਦ ਇਸ ਉੱਤੇ ਘੜੀ ਦਾ ਮਸ਼ੀਨੀ ਹਿੱਸਾ ਅਤੇ ਸੂਈਆਂ ਲਾਈਆਂ ਜਾ ਸਕਦੀਆਂ ਹਨ। ਕੁਦਰਤੀ ਕਿਨਾਰਿਆਂ ਵਾਲੀ ਲੱਕੜ ਨਾਲ ਬਣੀ ਘੜੀ ਬੈਠਕ, ਪੜ੍ਹਨ ਵਾਲੇ ਕਮਰੇ ਜਾਂ ਸੌਣ ਵਾਲੇ ਕਮਰੇ ਵਿੱਚ ਬਹੁਤ ਸੁੰਦਰ ਲੱਗ ਸਕਦੀ ਹੈ। ਧਿਆਨ ਰੱਖੋ ਕਿ ਲੱਕੜ ਦਾ ਟੁਕੜਾ ਮਜ਼ਬੂਤ ਹੋਵੇ ਅਤੇ ਉਸ ਨੂੰ ਕੰਧ ਉੱਤੇ ਸੁਰੱਖਿਅਤ ਢੰਗ ਨਾਲ ਲਾਇਆ ਗਿਆ ਹੋਵੇ।

ਦਰਵਾਜ਼ੇ ਦੇ ਨੇੜੇ ਬਣਾਓ ਕਿਤਾਬਾਂ ਰੱਖਣ ਲਈ ਸ਼ੈਲਫ਼

ਛੋਟੇ ਕਮਰਿਆਂ ਵਿੱਚ ਕਿਤਾਬਾਂ ਅਤੇ ਹੋਰ ਜ਼ਰੂਰੀ ਚੀਜ਼ਾਂ ਰੱਖਣ ਲਈ ਅਕਸਰ ਥਾਂ ਘੱਟ ਪੈ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਦਰਵਾਜ਼ੇ ਦੇ ਆਲੇ-ਦੁਆਲੇ ਖਾਲੀ ਪਈ ਥਾਂ ਦੀ ਵਰਤੋਂ ਕਿਤਾਬਾਂ ਰੱਖਣ ਲਈ ਸ਼ੈਲਫ਼ਾਂ ਬਣਾਉਣ ਵਾਸਤੇ ਕੀਤੀ ਜਾ ਸਕਦੀ ਹੈ। ਦਰਵਾਜ਼ੇ ਦੇ ਦੋਵੇਂ ਪਾਸੇ ਜਾਂ ਉੱਪਰ ਸ਼ੈਲਫ਼ ਬਣਾ ਕੇ ਕਿਤਾਬਾਂ, ਸਜਾਵਟੀ ਵਸਤੂਆਂ ਅਤੇ ਹਲਕਾ ਸਾਮਾਨ ਤਰਤੀਬ ਨਾਲ ਰੱਖਿਆ ਜਾ ਸਕਦਾ ਹੈ। ਇਸ ਨਾਲ ਫ਼ਰਸ਼ ਉੱਤੇ ਥਾਂ ਬਚਦੀ ਹੈ ਅਤੇ ਕਮਰਾ ਵੀ ਸੁਚੱਜਾ ਦਿਖਾਈ ਦਿੰਦਾ ਹੈ। 

ਪੁਰਾਣੀਆਂ ਚੀਜ਼ਾਂ ਨੂੰ ਦਿਓ ਨਵੀਂ ਦਿੱਖ

ਘਰ ਵਿੱਚ ਪਏ ਪੁਰਾਣੇ ਡੱਬੇ, ਕੱਚ ਦੀਆਂ ਬੋਤਲਾਂ, ਲੱਕੜ ਦੇ ਬਕਸੇ ਅਤੇ ਖਾਲੀ ਟੋਕਰੀਆਂ ਵੀ ਸਜਾਵਟ ਲਈ ਵਰਤੀਆਂ ਜਾ ਸਕਦੀਆਂ ਹਨ। ਇਨ੍ਹਾਂ ਨੂੰ ਰੰਗਾਂ, ਰੰਗੀਨ ਧਾਗਿਆਂ ਜਾਂ ਕੱਪੜੇ ਦੀ ਮੱਦਦ ਨਾਲ ਨਵੀਂ ਦਿੱਖ ਦੇ ਕੇ ਕਲਮਦਾਨ, ਗਮਲੇ, ਸਾਮਾਨ ਰੱਖਣ ਵਾਲੇ ਡੱਬੇ ਜਾਂ ਸਜਾਵਟੀ ਵਸਤੂਆਂ ਬਣਾਈਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਪੁਰਾਣੀਆਂ ਚੀਜ਼ਾਂ ਦੀ ਮੁੜ ਵਰਤੋਂ ਹੁੰਦੀ ਹੈ ਅਤੇ ਬੇਲੋੜੇ ਖ਼ਰਚੇ ਨੂੰ ਵੀ ਘਟਾਇਆ ਜਾ ਸਕਦਾ ਹੈ। ਇਸ ਨਾਲ ਵਾਤਾਵਰਨ ਦੀ ਸੰਭਾਲ ਵਿੱਚ ਵੀ ਯੋਗਦਾਨ ਪੈਂਦਾ ਹੈ। ਬੱਸ ਇਹ ਧਿਆਨ ਰੱਖੋ ਕਿ ਵਰਤੋਂ ਵਿੱਚ ਲਿਆਂਦੀਆਂ ਜਾਣ ਵਾਲੀਆਂ ਚੀਜ਼ਾਂ ਸਾਫ਼, ਮਜ਼ਬੂਤ ਅਤੇ ਨਵੇਂ ਕੰਮ ਲਈ ਸੁਰੱਖਿਅਤ ਹੋਣ।

ਡੈੱਸਕ

About The Author

Related Posts