Smart Shopping Tips: ਸਮਝਦਾਰੀ ਨਾਲ ਕਰੋ ਖ਼ਰੀਦਦਾਰੀ, ਬਚਾਓ ਸਮਾਂ ਅਤੇ ਪੈਸਾ

ਸਮਝਦਾਰੀ ਨਾਲ ਕਰੋ ਖ਼ਰੀਦਦਾਰੀ, ਬਚਾਓ ਸਮਾਂ ਅਤੇ ਪੈਸਾ

Khushdeep Singh Picture
Published On

ਘਰ ਦਾ ਬਜਟ ਸੰਭਾਲਣ ਵਿੱਚ ਛੋਟੀਆਂ-ਛੋਟੀਆਂ ਬੱਚਤਾਂ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖ਼ਾਸ ਕਰਕੇ ਰਸੋਈ ਦੇ ਰਾਸ਼ਨ ਦੀ ਖ਼ਰੀਦਦਾਰੀ ਅਜਿਹੀ ਲੋੜ ਹੈ, ਜਿਸ ਲਈ ਲਗਭਗ ਹਰ ਮਹੀਨੇ ਬਾਜ਼ਾਰ ਜਾਣਾ ਪੈਂਦਾ ਹੈ। ਅਕਸਰ ਲੋਕ ਇਸ ਨੂੰ ਰੋਜ਼ਾਨਾ ਦੇ ਕੰਮਾਂ ਵਾਂਗ ਸਮਝ ਕੇ ਬਿਨਾਂ ਕਿਸੇ ਯੋਜਨਾ ਦੇ ਬਾਜ਼ਾਰ ਚਲੇ ਜਾਂਦੇ ਹਨ, ਪਰ ਥੋੜ੍ਹੀ ਜਿਹੀ ਸਮਝਦਾਰੀ ਨਾਲ ਖ਼ਰੀਦਦਾਰੀ ਕਰਕੇ ਬੇਲੋੜੇ ਖ਼ਰਚਿਆਂ ਤੋਂ ਬਚਿਆ ਜਾ ਸਕਦਾ ਹੈ। ਆਓ! ਜਾਣਦੇ ਹਾਂ ਕੁਝ ਅਜਿਹੇ ਲਾਭਦਾਇਕ ਤਰੀਕਿਆਂ ਬਾਰੇ, ਜਿਨ੍ਹਾਂ ਦੀ ਮੱਦਦ ਨਾਲ ਤੁਸੀਂ ਆਪਣੇ ਸਮੇਂ ਅਤੇ ਪੈਸੇ ਦੋਵਾਂ ਦੀ ਬੱਚਤ ਕਰ ਸਕਦੇ ਹੋ।

1. ਖ਼ਰੀਦਦਾਰੀ ਤੋਂ ਪਹਿਲਾਂ ਸੂਚੀ ਬਣਾਓ : ਮਹੀਨੇ ਦਾ ਰਾਸ਼ਨ ਖ਼ਰੀਦਣ ਤੋਂ ਪਹਿਲਾਂ ਜ਼ਰੂਰੀ ਚੀਜ਼ਾਂ ਦੀ ਸੂਚੀ ਤਿਆਰ ਕਰ ਲਓ। ਇਸ ਨਾਲ ਦੁਕਾਨ ’ਤੇ ਪਹੁੰਚ ਕੇ ਵਾਰ-ਵਾਰ ਚੀਜ਼ਾਂ ਯਾਦ ਕਰਨ ਦੀ ਲੋੜ ਨਹੀਂ ਪਵੇਗੀ ਅਤੇ ਕਿਸੇ ਜ਼ਰੂਰੀ ਚੀਜ਼ ਦੇ ਰਹਿ ਜਾਣ ਦੀ ਸੰਭਾਵਨਾ ਵੀ ਘੱਟ ਹੋਵੇਗੀ। ਸੂਚੀ ਬਣਾਉਂਦੇ ਸਮੇਂ ਘਰ ਵਿੱਚ ਪਹਿਲਾਂ ਤੋਂ ਮੌਜੂਦ ਸਾਮਾਨ ਦੀ ਮਾਤਰਾ ਵੀ ਜਾਂਚ ਲਓ, ਤਾਂ ਜੋ ਕਿਸੇ ਇੱਕ ਚੀਜ਼ ਨੂੰ ਲੋੜ ਤੋਂ ਵੱਧ ਨਾ ਖ਼ਰੀਦਿਆ ਜਾਵੇ। ਇਹ ਛੋਟੀ ਜਿਹੀ ਆਦਤ ਖ਼ਰੀਦਦਾਰੀ ਨੂੰ ਸੌਖਾ ਅਤੇ ਸੁਚੱਜਾ ਬਣਾਉਣ ਵਿੱਚ ਮੱਦਦ ਕਰਦੀ ਹੈ।

2. ਲੋੜ ਅਨੁਸਾਰ ਸਾਮਾਨ ਦਾ ਭੰਡਾਰ ਰੱਖੋ : ਘਰ ਵਿੱਚ ਨਮਕ, ਖੰਡ, ਚੌਲ, ਆਟਾ, ਦਾਲਾਂ ਤੇ ਖਾਣਾ ਪਕਾਉਣ ਵਾਲੇ ਤੇਲ ਵਰਗੀਆਂ ਜ਼ਰੂਰੀ ਚੀਜ਼ਾਂ ਦਾ ਲੋੜੀਂਦਾ ਭੰਡਾਰ ਰੱਖਣਾ ਲਾਭਦਾਇਕ ਹੁੰਦਾ ਹੈ। ਹਾਲਾਂਕਿ, ਇਸ ਦਾ ਇਹ ਮਤਲਬ ਨਹੀਂ ਕਿ ਹਰ ਚੀਜ਼ ਵੱਡੀ ਮਾਤਰਾ ਵਿੱਚ ਖ਼ਰੀਦ ਲਈ ਜਾਵੇ। ਖ਼ਰੀਦਦਾਰੀ ਕਰਦੇ ਸਮੇਂ ਪਰਿਵਾਰ ਦੀਆਂ ਲੋੜਾਂ, ਸਾਮਾਨ ਰੱਖਣ ਲਈ ਉਪਲੱਬਧ ਥਾਂ ਅਤੇ ਚੀਜ਼ ਦੀ ਮਿਆਦ ਪੁੱਗਣ ਦੀ ਤਰੀਕ ਦਾ ਧਿਆਨ ਰੱਖੋ।

3. ਸਾਮਾਨ ਦੀ ਗੁਣਵੱਤਾ ਜਾਂਚੋ : ਖ਼ਰੀਦਦਾਰੀ ਕਰਦੇ ਸਮੇਂ ਸਿਰਫ਼ ਘੱਟ ਕੀਮਤ ਦੇਖ ਕੇ ਸਾਮਾਨ ਨਾ ਚੁਣੋ, ਸਗੋਂ ਉਸ ਦੀ ਗੁਣਵੱਤਾ ਵੱਲ ਵੀ ਧਿਆਨ ਦਿਓ। ਪੈਕਟ ਉੱਤੇ ਉਤਪਾਦਨ ਦੀ ਤਰੀਕ, ਮਿਆਦ ਪੁੱਗਣ ਦੀ ਤਰੀਕ, ਭਾਰ, ਸਮੱਗਰੀ ਅਤੇ ਪੈਕਿੰਗ ਦੀ ਹਾਲਤ ਦੀ ਜਾਂਚ ਕਰੋ। ਜੇ ਕੋਈ ਚੀਜ਼ ਖ਼ਰਾਬ, ਖੁੱਲ੍ਹੀ ਹੋਈ ਜਾਂ ਨੁਕਸਾਨੀ ਗਈ ਦਿਖਾਈ ਦੇਵੇ, ਤਾਂ ਉਸ ਨੂੰ ਖ਼ਰੀਦਣ ਤੋਂ ਬਚੋ। ਜੇ ਘਰ ਪਹੁੰਚਣ ਤੋਂ ਬਾਅਦ ਵੀ ਸਾਮਾਨ ਦੀ ਗੁਣਵੱਤਾ ਵਿੱਚ ਕੋਈ ਕਮੀ ਨਜ਼ਰ ਆਵੇ, ਤਾਂ ਖ਼ਰੀਦਦਾਰੀ ਦੀ ਰਸੀਦ ਅਤੇ ਪੈਕਟ ਸੰਭਾਲ ਕੇ ਰੱਖੋ। ਇਸ ਤੋਂ ਬਾਅਦ ਦੁਕਾਨਦਾਰ ਨਾਲ ਸਾਮਾਨ ਬਦਲਣ ਜਾਂ ਸ਼ਿਕਾਇਤ ਦਰਜ ਕਰਵਾਉਣ ਬਾਰੇ ਗੱਲ ਕਰੋ।

4. ਭਾਰ ਅਤੇ ਬਿੱਲ ਦੀ ਜਾਂਚ ਜ਼ਰੂਰ ਕਰੋ : ਰਾਸ਼ਨ ਖ਼ਰੀਦਦੇ ਸਮੇਂ ਪੈਕਟ ਉੱਤੇ ਲਿਖੀ ਮਾਤਰਾ ਅਤੇ ਬਿੱਲ ਵਿੱਚ ਦਰਜ ਭਾਰ ਤੇ ਕੀਮਤ ਦਾ ਮਿਲਾਨ ਕਰਨਾ ਚੰਗੀ ਆਦਤ ਹੈ। ਖੁੱਲ੍ਹਾ ਸਾਮਾਨ ਖ਼ਰੀਦਣ ਸਮੇਂ ਵੀ ਉਸ ਦਾ ਭਾਰ ਜਾਂਚਣਾ ਲਾਭਦਾਇਕ ਰਹਿੰਦਾ ਹੈ। ਇਸ ਲਈ ਪ੍ਰਮਾਣਿਤ ਤੱਕੜੀ ਦੀ ਵਰਤੋਂ ਕਰੋ ਅਤੇ ਕਿਸੇ ਗੜਬੜ ਦਾ ਸ਼ੱਕ ਹੋਣ ’ਤੇ ਦੁਕਾਨਦਾਰ ਨੂੰ ਸਾਮਾਨ ਦੁਬਾਰਾ ਤੋਲਣ ਲਈ ਕਹੋ। ਖ਼ਰੀਦਦਾਰੀ ਦੀ ਰਸੀਦ ਲੈਣੀ ਨਾ ਭੁੱਲੋ।

ਇਹ ਵੀ ਪੜ੍ਹੋ : US Russia Oil Trade: ਰੂਸ ਤੋਂ ਤੇਲ ਖਰੀਦ ’ਤੇ ਅਮਰੀਕਾ ਦਾ ਦੂਹਰਾ ਮਾਪਦੰਡ

5. ਉਧਾਰ ਦੀ ਬਜਾਏ ਭੁਗਤਾਨ ਕਰੋ : ਰੋਜ਼ਾਨਾ ਦੀ ਖ਼ਰੀਦਦਾਰੀ ਵਿੱਚ ਉਧਾਰ ਲੈਣ ਦੀ ਆਦਤ ਕਈ ਵਾਰ ਮਹੀਨੇ ਦਾ ਬਜਟ ਵਿਗਾੜ ਸਕਦੀ ਹੈ। ਇਸ ਲਈ ਬਿਹਤਰ ਹੈ ਕਿ ਖ਼ਰੀਦਦਾਰੀ ਕਰਨ ਤੋਂ ਪਹਿਲਾਂ ਆਪਣਾ ਬਜਟ ਤੈਅ ਕਰ ਲਿਆ ਜਾਵੇ ਅਤੇ ਉਸੇ ਅਨੁਸਾਰ ਸਾਮਾਨ ਖ਼ਰੀਦਿਆ ਜਾਵੇ। ਨਕਦ ਜਾਂ ਡਿਜੀਟਲ ਭੁਗਤਾਨ, ਦੋਵਾਂ ਤਰੀਕਿਆਂ ਨਾਲ ਖ਼ਰਚੇ ਦਾ ਹਿਸਾਬ ਰੱਖਣਾ ਸੌਖਾ ਹੋ ਸਕਦਾ ਹੈ। ਇਸ ਤੋਂ ਇਲਾਵਾ, ਇਹ ਵੀ ਜ਼ਰੂਰੀ ਨਹੀਂ ਕਿ ਸਾਰਾ ਸਾਮਾਨ ਇੱਕੋ ਦੁਕਾਨ ਤੋਂ ਹੀ ਖ਼ਰੀਦਿਆ ਜਾਵੇ। ਵੱਖ-ਵੱਖ ਦੁਕਾਨਾਂ ਦੀਆਂ ਕੀਮਤਾਂ ਅਤੇ ਸਾਮਾਨ ਦੀ ਗੁਣਵੱਤਾ ਦੀ ਤੁਲਨਾ ਕਰਕੇ ਵਧੀਆ ਫ਼ੈਸਲਾ ਲਿਆ ਜਾ ਸਕਦਾ ਹੈ। 

ਡੈੱਸਕ

About The Author

Related Posts