Bihar Boat Accident: ਕਿਸ਼ਤੀ ਪਲਟਣ ਕਾਰਨ 13 ਬੱਚਿਆਂ ਦੀ ਮੌਤ, 7 ਭਰਤੀ

ਕਿਸ਼ਤੀ ਪਲਟਣ ਕਾਰਨ 13 ਬੱਚਿਆਂ ਦੀ ਮੌਤ, 7 ਭਰਤੀ

Khushdeep Singh Picture
Published On

ਪਟਨਾ/ਵੈਸ਼ਾਲੀ (ਸੱਚ ਕਹੂੰ ਨਿਊਜ਼/ਏਜੰਸੀ)। ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਰਾਘੋਪੁਰ ’ਚ ਮੰਗਲਵਾਰ ਰਾਤ ਨੂੰ ਲਗਭਗ 12 ਵਜੇ ਗੰਗਾ ਨਦੀ ਵਿੱਚ ਕਿਸ਼ਤੀ ਪਲਟਣ ਨਾਲ 13 ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 7 ਇੱਕੋ ਪਰਿਵਾਰ ਦੇ ਸਨ। ਵੈਸ਼ਾਲੀ ਜ਼ਿਲ੍ਹਾ ਮੈਜਿਸਟ੍ਰੇਟ ਵਰਸ਼ਾ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕ ’ਚ ਸਾਰੇ ਬੱਚੇ (15 ਸਾਲ ਤੋਂ ਘੱਟ ਉਮਰ ਦੇ) ਹਨ। ਕਿਸ਼ਤੀ ’ਤੇ 20 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 7 ਨੂੰ ਬਚਾ ਲਿਆ ਗਿਆ ਹੈ।

ਵੈਸ਼ਾਲੀ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਹੁਣ ਤੱਕ 13 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ, ਰਾਤ ਸੂਚਨਾ ਮਿਲੀ ਸੀ ਕਿ ਇੱਕ ਛੋਟੀ ਕਿਸ਼ਤੀ ’ਚ 20 ਬੱਚੇ ਗੁਆਂਢੀ ਪਿੰਡ ’ਚ ਭੋਜ ਖਾਣ ਲਈ ਜਾ ਰਹੇ ਸਨ। ਇਸ ਦੌਰਾਨ ਕਿਸ਼ਤੀ ਪਲਟ ਗਈ, ਜਿਸ ਕਾਰਨ 13 ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ’ਚ ਸੱਤ ਲੋਕਾਂ ਨੂੰ ਬਚਾਇਆ ਗਿਆ, ਜਿਨ੍ਹਾਂ ਸਾਰਿਆਂ ਨੂੰ ਐਨਐਮਸੀਐਚ ਭੇਜ ਦਿੱਤਾ ਗਿਆ ਹੈ। ਸਾਰੇ ਖ਼ਤਰੇ ਤੋਂ ਬਾਹਰ ਹਨ। ਲੋਕਾਂ ਦੇ ਅਨੁਸਾਰ, ਮੰਗਲਵਾਰ ਦੇਰ ਰਾਤ ਰਾਘੋਪੁਰ ਥਾਣਾ ਖੇਤਰ ਦੇ ਰਾਮਪੁਰ ਸ਼ਿਆਮਚੰਦ ਪਿੰਡ ਨੇੜੇ ਗੰਗਾ ਨਦੀ ’ਚ ਇੱਕ ਕਿਸ਼ਤੀ ਸੰਤੁਲਨ ਗੁਆ ਬੈਠੀ ਤੇ ਪਲਟ ਗਈ। Bihar Boat Accident

ਇਸ ਵਿੱਚ 20 ਲੋਕ ਸਵਾਰ ਸਨ। ਦਰਿਆ ਵਿਚਕਾਰ ਅਚਾਨਕ ਕਿਸ਼ਤੀ ਪਲਟਣ ਨਾਲ ਦਹਿਸ਼ਤ ਫੈਲ ਗਈ। ਲੋਕ ਕੁਝ ਹੀ ਦੇਰ ’ਚ ਡੂੰਘੇ ਪਾਣੀ ’ਚ ਡਿੱਗਣ ਲੱਗ ਪਏ। ਹਾਦਸੇ ਤੋਂ ਬਾਅਦ ਮੌਕੇ ’ਤੇ ਚੀਕ-ਚਿਹਾੜਾ ਮਚ ਗਿਆ। ਜਿਵੇਂ ਹੀ ਪਿੰਡ ਵਾਸੀਆਂ ਨੂੰ ਘਟਨਾ ਦੀ ਜਾਣਕਾਰੀ ਮਿਲੀ, ਉਹ ਮੌਕੇ ’ਤੇ ਇਕੱਠੇ ਹੋ ਗਏ ਤੇ ਆਪਣੇ ਆਪ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗੇ। ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਵੀ ਕਿਸ਼ਤੀ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ, ‘ਵੈਸ਼ਾਲੀ ਦੇ ਰਾਘੋਪੁਰ ’ਚ ਕਿਸ਼ਤੀ ਹਾਦਸੇ ਵਿੱਚ ਮਾਸੂਮਾਂ ਦੀ ਮੌਤ ਦੀ ਖ਼ਬਰ ਬਹੁਤ ਦੁਖਦਾਈ ਤੇ ਦਿਲ ਦਹਿਲਾ ਦੇਣ ਵਾਲੀ ਹੈ। ਇਸ ਔਖੇ ਸਮੇਂ ਦੌਰਾਨ ਮੇਰੀਆਂ ਡੂੰਘੀਆਂ ਸੰਵੇਦਨਾਵਾਂ ਦੁਖੀ ਪਰਿਵਾਰਾਂ ਨਾਲ ਹਨ। Bihar Boat Accident

ਪਰਮਾਤਮਾ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਤੇ ਪਰਿਵਾਰਾਂ ਨੂੰ ਇਸ ਭਾਰੀ ਨੁਕਸਾਨ ਨੂੰ ਸਹਿਣ ਦੀ ਤਾਕਤ ਦੇਵੇ। ਸੂਬਾ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ (ਐਕਸ-ਗ੍ਰੇਸ਼ੀਆ) ਪ੍ਰਦਾਨ ਕਰੇਗੀ। ਪ੍ਰਸ਼ਾਸਨ ਨੂੰ ਰਾਹਤ ਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਅਤੇ ਜ਼ਖਮੀਆਂ ਦਾ ਸਭ ਤੋਂ ਵਧੀਆ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।’ ਇਸ ਦੌਰਾਨ, ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਿਖਿਆ ‘ਰਾਘੋਪੁਰ ਦਿਯਾਰਾ ਖੇਤਰ ਵਿੱਚ ਕਿਸ਼ਤੀ ਪਲਟਣ ਦੀ ਮੰਦਭਾਗੀ ਖ਼ਬਰ ਮਿਲੀ। ਡੁੱਬਣ ਵਾਲਿਆਂ ਵਿੱਚੋਂ ਜ਼ਿਆਦਾਤਰ ਬੱਚੇ ਹਨ। ਪਰਮਾਤਮਾ ਸਾਰਿਆਂ ਨੂੰ ਸੁਰੱਖਿਅਤ ਰੱਖਣ। ਉਨ੍ਹਾਂ ਨੇ ਸਥਾਨਕ ਨਿਵਾਸੀਆਂ ਤੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਰਾਹਤ ਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ : IND vs WI: ਹੈਦਰਾਬਾਦ ਦੀ ਨਵੀਂ ਪਿੱਚ ’ਤੇ ਭਾਰਤ ਦੀਆਂ ਨਜ਼ਰਾਂ ਟੀ20 ਸੀਰੀਜ਼ ਕਬਜ਼ਾਉਣ ’ਤੇ

About The Author

Related Posts