Punjab
Manjit Sidhu: ਭਗਵੰਤ ਮਾਨ ਦੇ ਕਰੀਬੀ ਸਾਬਕਾ ਓਐੱਸਡੀ ਮਨਜੀਤ ਸਿੱਧੂ ਨੇ ਛੱਡੀ ‘ਆਪ’, ਕਾਂਗਰਸ ’ਚ ਸ਼ਾਮਲ
ਭਗਵੰਤ ਮਾਨ ਨੇ ਸੀਐੱਮ ਦੀ ਕੁਰਸੀ ਨੂੰ ਚੁਣਿਆ ਤੇ ਮੈਂ ਪੰਜਾਬ ਨੂੰ : ਸਿੱਧੂ
ਚੰਡੀਗੜ੍ਹ (ਅਸ਼ਵਨੀ ਚਾਵਲਾ)। Manjit Sidhu: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਰੀਬੀ ਦੋਸਤ ਅਤੇ ਓਐੱਸਡੀ ਰਹੇ ਮਨਜੀਤ ਸਿੰਘ ਸਿੱਧੂ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਗਿਆ ਹੈ। ਇਸ ਸਮੇਂ ਮਨਜੀਤ ਸਿੰਘ ਸਿੱਧੂ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਵਿਧਾਇਕ ਦਲ ਦੇ ਦਫ਼ਤਰ ਸਕੱਤਰ ਵੀ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਹਾਸਲ ਕਰ ਲਈ ਹੈ ਅਤੇ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਵੱਲੋਂ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ। Manjit Sidhu
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਤ੍ਰਿਪਤ ਰਾਜਿੰਦਰ ਬਾਜਵਾ, ਸਾਬਕਾ ਵਿਧਾਇਕ ਰਣਦੀਪ ਸਿੰਘ ਵੀ ਮੌਜ਼ੂਦ ਸਨ। ਕਾਂਗਰਸ ਪਾਰਟੀ ਵਿੱਚ ਸ਼ਾਮਲ ਹੁੰਦੇ ਹੋਏ ਮਨਜੀਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਭਗਵੰਤ ਮਾਨ ਨਾਲ ਕਾਲਜ ਦੇ ਸਮੇਂ ਤੋਂ ਦੋਸਤ ਹਨ ਅਤੇ ਸਿਆਸੀ ਸਫ਼ਰ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਉਹ ਭਗਵੰਤ ਮਾਨ ਦੇ ਨਾਲ ਹੀ ਰਹੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ 11 ਸਾਲ ਤੱਕ ਦਿੱਤੇ ਹਨ। ਉਨ੍ਹਾਂ ਕਿਹਾ ਕਿ 37 ਸਾਲਾਂ ਦੇ ਸਫ਼ਰ ਦੌਰਾਨ ਉਨ੍ਹਾਂ ਨੇ ਭਗਵੰਤ ਮਾਨ ਨਾਲ ਮਿਲ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਅਤੇ ਉਹ ਕੁਝ ਸਮਾਂ ਓਐੱਸਡੀ ਦੇ ਰੂਪ ਵਿੱਚ ਵੀ ਭਗਵੰਤ ਮਾਨ ਨਾਲ ਤੈਨਾਤ ਰਹੇ ਪਰ ਉਨ੍ਹਾਂ ਦੀ ਕਦਰ ਨਹੀਂ ਪਾਈ ਗਈ। ਦਿੱਲੀ ਤੋਂ ਆਈਆਂ ਟੀਮਾਂ ਲਗਾਤਾਰ ਪੰਜਾਬ ’ਤੇ ਕਬਜ਼ਾ ਕਰ ਰਹੀਆਂ ਸਨ।
ਉਹ ਲਗਾਤਾਰ ਭਗਵੰਤ ਮਾਨ ਨਾਲ ਗੱਲਬਾਤ ਵੀ ਕਰਦੇ ਸਨ ਅਤੇ ਇੰਤਜ਼ਾਰ ਵਿੱਚ ਸਨ ਕਿ ਕਦੇ ਤਾਂ ਪੰਜਾਬ ਵਿੱਚ ਸੁਧਾਰ ਹੋਏਗਾ, ਪਰ ਇਹੋ ਜਿਹਾ ਕੁਝ ਨਹੀਂ ਹੋਇਆ। ਮਨਜੀਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਸਿਧਾਂਤ ਨਾਲ ਖੜ੍ਹੇ ਰਹਿਣ ਵਾਲੇ ਵਿਅਕਤੀ ਹਨ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਪੰਜਾਬ ਨੂੰ ਚੁਣਿਆ ਹੈ, ਜਦੋਂ ਕਿ ਭਗਵੰਤ ਮਾਨ ਖ਼ੁਦ ਮੁੱਖ ਮੰਤਰੀ ਦੀ ਕੁਰਸੀ ਨੂੰ ਚੁਣਦੇ ਹੋਏ ਉਥੇ ਹੀ ਰਹਿ ਗਏ ਹਨ। ਮਨਜੀਤ ਸਿੱਧੂ ਨੇ ਕਿਹਾ ਕਿ ਉਹ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਮਾਂ ਆ ਗਿਆ ਸੀ, ਕਿਉਂਕਿ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਇਸ ਸਮੇਂ ਨੌਜਵਾਨਾਂ ਨਾਲ ਮਿਲ ਕੇ ਵੱਡੇ-ਵੱਡੇ ਮੁੱਦੇ ਚੁੱਕ ਰਹੇ ਹਨ ਤਾਂ ਉਹ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ : Australia Lacrosse Championship: ਅਸਟਰੇਲੀਆ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪਰਤੀ GFB ਮਹਿਕਨੂਰ ਇੰਸਾਂ
ਰਾਜਬੀਰ ਸਿੰਘ ਘੁੰਮਣ ਦੋਸ਼ੀ ਨਹੀਂ ਸਨ ਤਾਂ ਕਾਨੂੰਨ ਨੂੰ ਕਰਨ ਦਿੰਦੇ ਆਪਣਾ ਕੰਮ
ਮਨਜੀਤ ਸਿੰਘ ਸਿੱਧੂ ਨੇ ਕਿਹਾ ਕਿ ਬੀਤੇ ਦਿਨੀਂ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ’ਤੇ ਹੋਈ ਸੀਬੀਆਈ ਦੀ ਕਾਰਵਾਈ ਨੂੰ ਦੇਖਦੇ ਹੋਏ ਸੂਬਾ ਸਰਕਾਰ ਤੇ ਪਾਰਟੀ ਨੂੰ ਕਾਨੂੰਨ ’ਤੇ ਛੱਡ ਦੇਣਾ ਚਾਹੀਦਾ ਸੀ, ਜਦੋਂ ਕਿ ਇਸ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਰਾਜਬੀਰ ਘੁੰਮਣ ਦੋਸ਼ੀ ਨਹੀਂ ਹਨ ਤਾਂ ਕਾਨੂੰਨ ’ਤੇ ਕਿਉਂ ਨਹੀਂ ਛੱਡਿਆ ਗਿਆ? ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਸੀ। ਇਸ ਲਈ ਉਨ੍ਹਾਂ ਨੂੰ ਲੱਗਿਆ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਵੀ ਆਮ ਆਦਮੀ ਪਾਰਟੀ ਹੁਣ ਕਾਫ਼ੀ ਜ਼ਿਆਦਾ ਹੇਠਾਂ ਆ ਗਈ ਹੈ ਤਾਂ ਹੁਣ ਇਸ ਪਾਰਟੀ ਨਾਲ ਮਿਲ ਕੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈ।