Poppy: 52 ਕਿੱਲੋ ਭੁੱਕੀ ਸਮੇਤ ਔਰਤ ਗ੍ਰਿਫ਼ਤਾਰ, ਪਤੀ ਦੀ ਭਾਲ ਜਾਰੀ
ਗੁਪਤ ਜਾਣਕਾਰੀ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ
Poppy: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਥਾਣਾ ਸਰਹਿੰਦ ਦੀ ਪੁਲਿਸ ਨੇ 52 ਕਿੱਲੋ ਭੁੱਕੀ ਸਮੇਤ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਉਸ ਦੇ ਪਤੀ ਦੀ ਭਾਲ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਵਾਰਡ ਨੰਬਰ 9, ਗੁਰੂ ਨਾਨਕ ਕਲੋਨੀ ’ਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਕੈਂਪ ਲਗਾਇਆ ਗਿਆ ਸੀ।
ਕੈਂਪ ਦੌਰਾਨ ਮਿਲੀ ਗੁਪਤ ਜਾਣਕਾਰੀ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਬ-ਇੰਸਪੈਕਟਰ ਜਸਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ’ਤੇ ਸੀ। ਸਰਹਿੰਦ ਤੋਂ ਮੰਡੀ ਗੋਬਿੰਦਗੜ੍ਹ ਵੱਲ ਜਾਂਦੀ ਸਰਵਿਸ ਰੋਡ ’ਤੇ ਪਿੰਡ ਤਰਖਾਣ ਮਾਜਰਾ ਕੋਲ ਇੱਕ ਔਰਤ ਦੋ ਥੈਲਿਆਂ ’ਤੇ ਬੈਠੀ ਸੀ। ਪੁਲਿਸ ਨੂੰ ਦੇਖ ਕੇ ਔਰਤ ਖੇਤਾਂ ਵੱਲ ਭੱਜਣ ਲੱਗੀ। ਸ਼ੱਕ ’ਤੇ ਪੁਲਿਸ ਟੀਮ ਨੇ ਮੁਸਤੈਦੀ ਨਾਲ ਉਸ ਨੂੰ ਕਾਬੂ ਕਰ ਲਿਆ। ਤਲਾਸ਼ੀ ’ਚ ਦੋਵੇਂ ਥੈਲਿਆਂ ’ਚੋਂ ਲਗਭਗ 52 ਕਿੱਲੋ ਪੋਸਤ ਬਰਾਮਦ ਹੋਈ। ਗ੍ਰਿਫ਼ਤਾਰ ਔਰਤ ਦੀ ਪਛਾਣ ਪਿੰਕੀ ਪਤਨੀ ਕੁਲਦੀਪ ਸਿੰਘ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਬਰਾਮਦ ਪੋਸਤ ਉਸ ਦਾ ਪਤੀ ਕੁਲਦੀਪ ਸਿੰਘ ਲਿਆਉਂਦਾ ਸੀ ਅਤੇ ਦੋਵੇਂ ਮਿਲ ਕੇ ਪੋਸਤ ਵੇਚਣ ਦਾ ਧੰਦਾ ਕਰਦੇ ਸਨ। ਪੁਲਿਸ ਨੇ ਪਿੰਕੀ ਦੇ ਪਤੀ ਕੁਲਦੀਪ ਸਿੰਘ ਨੂੰ ਵੀ ਮੁਕੱਦਮੇ ’ਚ ਨਾਮਜ਼ਦ ਕਰ ਲਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।