Haryana Government News: ਪੰਚਾਇਤਾਂ ਤੇ ਨਗਰ ਨਿਕਾਏ ਨੂੰ ਆਤਮਨਿਰਭਰ ਬਣਾਉਣ ਲਈ ਆਮਦਨ ਦੇ ਨਵੇਂ ਸਰੋਤ ਵਿਕਸਿਤ ਕਰਨੇ ਜ਼ਰੂਰੀ: ਨਾਇਬ ਸਿੰਘ ਸੈਣੀ
ਗੁਰੂਗ੍ਰਾਮ ’ਚ ਦੋ ਰੋਜ਼ਾ ਰਾਸ਼ਟਰੀ ਸੰਮੇਲਨ ਦਾ ਉਦਘਾਟਨ, ਕੇਂਦਰੀ ਮੰਤਰੀ ਮਨੋਹਰ ਲਾਲ ਰਹੇ ਵਿਸ਼ੇਸ਼ ਮਹਿਮਾਨ
ਗੁਰੂਗ੍ਰਾਮ, (ਸੱਚ ਕਹੂੰ ਨਿਊਜ਼/ਹਿੰ.ਸ.)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਕਸਿਤ ਭਾਰਤ-2047 ਦਾ ਸੁਪਨਾ ਉਦੋਂ ਹੀ ਸਾਕਾਰ ਹੋ ਸਕਦਾ ਹੈ, ਜਦੋਂ ਦੇਸ਼ ਦਾ ਹਰ ਪਿੰਡ ਅਤੇ ਸ਼ਹਿਰ ਦਾ ਹਰ ਵਾਰਡ ਆਤਮਨਿਰਭਰ ਅਤੇ ਮਜ਼ਬੂਤ ਬਣੇਗਾ। ਪੰਚਾਇਤਾਂ ਅਤੇ ਨਗਰ ਨਿਕਾਏ ਨੂੰ ਸਿਰਫ਼ ਸਰਕਾਰੀ ਬਜਟ ’ਤੇ ਨਿਰਭਰ ਰਹਿਣ ਦੀ ਬਜਾਏ ਆਪਣੀ ਆਮਦਨ ਦੇ ਨਵੇਂ ਸਰੋਤ ਵਿਕਸਿਤ ਕਰਨੇ ਚਾਹੀਦੇ ਹਨ। ਇਸ ਲਈ ਸਥਾਨਕ ਸਰੋਤਾਂ ਦੀ ਬਿਹਤਰ ਵਰਤੋਂ, ਵਿੱਤੀ ਪ੍ਰਬੰਧਨ ਅਤੇ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ।
ਮੁੱਖ ਮੰਤਰੀ ਸੋਮਵਾਰ ਨੂੰ ਗੁਰੂਗ੍ਰਾਮ ਦੇ ਸੈਕਟਰ-51 ਸਥਿਤ ਗੁਰੂਗ੍ਰਾਮ ਯੂਨੀਵਰਸਿਟੀ ਵਿਖੇ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ (ਐੱਸ.ਜੇ.ਐੱਚ.ਆਈ.ਐੱਫ.ਐੱਮ.) ਵੱਲੋਂ ਕਰਵਾਏ ਗਏ ਦੋ ਰੋਜ਼ਾ ਰਾਸ਼ਟਰੀ ਸੰਮੇਲਨ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਦੀਪ ਜਗਾ ਕੇ ਸੰਮੇਲਨ ਦੀ ਸ਼ੁਰੂਆਤ ਕੀਤੀ।
ਪੰਚਾਇਤਾਂ ਅਤੇ ਨਗਰ ਨਿਕਾਏ ਨੂੰ ਅਧਿਕਾਰਾਂ ਦਾ ਤਬਾਦਲਾ, ਵਿੱਤੀ ਸਥਿਰਤਾ ਅਤੇ ਪ੍ਰਭਾਵਸ਼ਾਲੀ ਸੇਵਾ ਪ੍ਰਦਾਨਗੀ ਵਰਗੇ ਅਹਿਮ ਵਿਸ਼ਿਆਂ ’ਤੇ ਆਯੋਜਿਤ ਇਸ ਸੰਮੇਲਨ ਵਿੱਚ ਕੇਂਦਰੀ ਊਰਜਾ ਅਤੇ ਆਵਾਸ ਤੇ ਸ਼ਹਿਰੀ ਮਾਮਲੇ ਮੰਤਰੀ ਮਨੋਹਰ ਲਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਵਿਕਾਸ ਤੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਅਤੇ ਸੰਸਥਾਨ ਦੇ ਡਾਇਰੈਕਟਰ ਜਨਰਲ ਡਾ. ਰਾਜ ਨੇਹਰੂ ਵੀ ਮੌਜ਼ੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਸੰਵਿਧਾਨ ਦੀਆਂ 73ਵੀਂ ਅਤੇ 74ਵੀਂ ਸੋਧਾਂ ਰਾਹੀਂ ਪੰਚਾਇਤਾਂ ਅਤੇ ਨਗਰ ਨਿਕਾਏ ਨੂੰ ਸੰਵਿਧਾਨਕ ਦਰਜਾ ਦਿੱਤਾ ਗਿਆ ਸੀ। ਹੁਣ ਲੋੜ ਹੈ ਕਿ ਇਨ੍ਹਾਂ ਸੰਸਥਾਵਾਂ ਨੂੰ ਅਸਲ ਅਰਥਾਂ ਵਿੱਚ ਮਜ਼ਬੂਤ ਅਤੇ ਸਮਰੱਥ ਸਥਾਨਕ ਸਰਕਾਰਾਂ ਵਜੋਂ ਵਿਕਸਿਤ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੇ ਗ੍ਰਾਮ ਸਵਰਾਜ ਦੇ ਸੁਪਨੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੌਜੂਦਾ ਸਮੇਂ ਦੀਆਂ ਲੋੜਾਂ ਨਾਲ ਜੋੜਿਆ ਹੈ। ਪਿੰਡ ਵਿਕਾਸ ਦੀ ਆਖਰੀ ਕੜੀ ਨਹੀਂ, ਸਗੋਂ ਵਿਕਾਸ ਦਾ ਕੇਂਦਰ ਹੈ। ਇਸ ਲਈ ਗ੍ਰਾਮ ਸਭਾ ਦੀਆਂ ਤਰਜੀਹਾਂ ਨੂੰ ਪੰਚਾਇਤਾਂ ਦੀਆਂ ਕਾਰਜ ਯੋਜਨਾਵਾਂ ਦਾ ਆਧਾਰ ਬਣਾਇਆ ਜਾਣਾ ਚਾਹੀਦਾ ਹੈ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਚਾਇਤਾਂ ਦੀ ਆਮਦਨ ਵਧਾਉਣ ਲਈ ਜਲ ਸੰਭਾਲ, ਸਥਾਨਕ ਸਰੋਤਾਂ ਦੀ ਬਿਹਤਰ ਵਰਤੋਂ ਅਤੇ ਵਿੱਤੀ ਪ੍ਰਬੰਧਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਸਰਪੰਚ ਅਤੇ ਕੌਂਸਲਰ ਲੋਕਤੰਤਰ ਦੀ ਜ਼ਮੀਨੀ ਤਾਕਤ ਹਨ, ਕਿਉਂਕਿ ਉਹ ਸਿੱਧੇ ਲੋਕਾਂ ਨਾਲ ਜੁੜੇ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਭ ਤੋਂ ਪਹਿਲਾਂ ਸਮਝਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਪੜ੍ਹੀਆਂ-ਲਿਖੀਆਂ ਪੰਚਾਇਤਾਂ, ਮਹਿਲਾਵਾਂ ਲਈ 50 ਫ਼ੀਸਦੀ ਰਾਖਵਾਂਕਰਨ ਅਤੇ ਲਾਲ ਡੋਰਾ ਮੁਕਤ ਮੁਹਿੰਮ ਵਰਗੇ ਕਦਮਾਂ ਨਾਲ ਪੇਂਡੂ ਪ੍ਰਸ਼ਾਸਨ ਵਿੱਚ ਮਹੱਤਵਪੂਰਨ ਸੁਧਾਰ ਹੋਏ ਹਨ।
ਉਨ੍ਹਾਂ ਕਿਹਾ ਕਿ ਇਸ ਦੋ ਰੋਜ਼ਾ ਸੰਮੇਲਨ ਦਾ ਮੁੱਖ ਉਦੇਸ਼ ਪੰਚਾਇਤਾਂ ਅਤੇ ਨਗਰ ਨਿਕਾਏ ਨੂੰ ਵਧੇਰੇ ਅਧਿਕਾਰ, ਵਿੱਤੀ ਸਰੋਤ ਅਤੇ ਪ੍ਰਸ਼ਾਸਨਿਕ ਸਮਰੱਥਾ ਦੇ ਕੇ ਆਤਮਨਿਰਭਰ ਬਣਾਉਣ ਦੇ ਤਰੀਕਿਆਂ ’ਤੇ ਵਿਚਾਰ-ਵਟਾਂਦਰਾ ਕਰਨਾ ਹੈ, ਤਾਂ ਜੋ ਲੋਕਾਂ ਨੂੰ ਬਿਹਤਰ ਅਤੇ ਪ੍ਰਭਾਵਸ਼ਾਲੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।
Comments