Punjab Bandh: ਖਰਾਬ ਮੌਸਮ ਦੇ ਬਾਵਜ਼ੂਦ ਪੰਜਾਬ ਬੰਦ ਦੀ ਸਫਲ ਸ਼ੁਰੂਆਤ

ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਦੀ ਅਪੀਲ

Ravinder Sharma Picture
Published On

Punjab Bandh: ਮਾਨਸਾ (ਸੁਖਜੀਤ ਮਾਨ)। ਮਾਨਸਾ ਵਿਖੇ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇਨਸਾਫ ਲਈ ਪੰਜਾਬ ਬੰਦ ਦਾ ਸੱਦਾ ਖਰਾਬ ਮੌਸਮ ਦੇ ਬਾਵਜੂਦ ਸਫਲ ਸ਼ੁਰੂ ਹੋ ਚੁੱਕਾ ਹੈ। ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਮੁਕੰਮਲ ਬੰਦ ਹਨ।

ਵੇਰਵਿਆਂ ਮੁਤਾਬਿਕ ਪਰਵਿੰਦਰ ਸਿੰਘ ਝੋਟਾ ਕਤਲ ਦੇ ਮਾਮਲੇ ਵਿੱਚ ਸੰਘਰਸ਼ ਕਮੇਟੀ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਉਸ ਸੱਦੇ ਦੇ ਤਹਿਤ ਅੱਜ ਪੰਜਾਬ ਭਰ ਵਿੱਚ ਮੁਕੰਮਲ ਬੰਦ ਹੈ । ਹਾਲਾਂਕਿ ਲੰਘੀ ਰਾਤ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਆਇਆ ਪਰ ਇਸ ਦੇ ਬਾਵਜੂਦ ਲੋਕਾਂ ਵਿੱਚ ਇਸ ਬੰਦ ਨੂੰ ਲੈ ਕੇ ਪੂਰਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ । ਪੁਲਿਸ ਪ੍ਰਸ਼ਾਸਨ ਵੱਲੋਂ ਕੱਲ ਮਾਨਸਾ ਨੂੰ ਆਉਂਦੇ ਰਾਹਾਂ ਨੂੰ ਬੈਰੀਕੇਡ ਲਾ ਕੇ ਰੋਕਿਆ ਗਿਆ ਸੀ ਪਰ ਅੱਜ ਪੰਜਾਬ ਬੰਦ ਦੇ ਸੱਦੇ ਦੀ ਮੱਦੇ ਨਜ਼ਰ ਲੋਕਾਂ ਵੱਲੋਂ ਜਿੱਥੇ ਆਪੋ ਆਪਣੇ ਇਲਾਕਿਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਉਥੇ ਹੀ ਮਾਨਸਾ ਵਿੱਚ ਵੀ ਵੱਡੀ ਗਿਣਤੀ ਲੋਕ ਜੁੜ ਰਹੇ ਹਨ ।

Punjab Bandh 2

Read Also : ਪਰਵਿੰਦਰ ਝੋਟਾ ਕਤਲ ਕੇਸ ਵਿਰੋਧ ’ਚ ਅੱਜ ਪੰਜਾਬ ਬੰਦ, ਬਠਿੰਡਾ-ਚੰਡੀਗੜ੍ਹ ਹਾਈਵੇਅ ਜਾਮ, ਸਕੂਲਾਂ ਤੇ ਕਾਲਜ਼ਾਂ ’ਚ ਵੀ ਛੁੱਟੀ

ਮਾਨਸਾ ਵਿਖੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਜਿੱਥੇ ਪੱਕਾ ਮੋਰਚਾ ਲਗਾਇਆ ਗਿਆ ਹੈ ਉਸ ਦੇ ਨੇੜੇ ਕਾਫੀ ਪਾਣੀ ਖੜ ਗਿਆ ਜਿਸ ਨੂੰ ਲੈ ਕੇ ਸੰਘਰਸ਼ ਕਮੇਟੀ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਨਗਰ ਕੌਂਸਲ ਦੇ ਅਹੁਦੇਦਾਰਾਂ ਨੂੰ ਫੋਨ ਤੇ ਸੂਚਿਤ ਕਰਕੇ ਕਿਹਾ ਹੈ ਕਿ ਜਲਦੀ ਤੋਂ ਜਲਦੀ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਤਾਂ ਜੋ ਸੰਘਰਸ਼ ਨੂੰ ਨਿਰਵਿਘਨ ਅੱਗੇ ਵਧਾਇਆ ਜਾ ਸਕੇ।

Punjab Bandh 3

ਬੰਦ ਦੇ ਇਸ ਸੱਦੇ ਨੂੰ ਸਫਲ ਬਣਾਉਣ ਦੇ ਲਈ ਵੱਖ ਵੱਖ ਜਥੇਬੰਦੀਆਂ ਵੱਲੋਂ ਪੂਰਨ ਹਮਾਇਤ ਦਿੱਤੀ ਗਈ ਹੈ ਜਿਸ ਤਹਿਤ ਸੜਕਾਂ ਉੱਤੇ ਅੱਜ ਆਵਾਜਾਈ ਬਿਲਕੁਲ ਬੰਦ ਹੈ ਕਿਸੇ ਵੀ ਤਰ੍ਹਾਂ ਦੀਆਂ ਸਰਕਾਰੀ ਜਾਂ ਪ੍ਰਾਈਵੇਟ ਬੱਸਾਂ ਸੜਕਾਂ ਤੇ ਦੌੜਦੀਆਂ ਦਿਖਾਈ ਨਹੀਂ ਦੇ ਰਹੀਆਂ। ਵੱਡੀ ਗਿਣਤੀ ਪ੍ਰਾਈਵੇਟ ਸਕੂਲ ਬੰਦ ਹਨ ਅਤੇ ਜੋ ਸਰਕਾਰੀ ਸਕੂਲ ਖੁੱਲੇ ਹਨ ਉਹਨਾਂ ਚ ਵੀ ਹਾਜ਼ਰੀ ਅੱਜ ਆਮ ਦਿਨਾਂ ਦੇ ਮੁਕਾਬਲੇ ਕਾਫੀ ਘੱਟ ਹੈ।

ਪਰਵਿੰਦਰ ਸਿੰਘ ਦੇ ਪਿਤਾ ਵੱਲੋਂ ਬੰਦ ਨੂੰ ਸਫਲ ਬਣਾਉਣ ਦੀ ਅਪੀਲ

ਅੱਜ ਸਵੇਰ ਵੇਲੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਧਰਨਾ ਸਥਾਨ ਤੋਂ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਕਰੇ ਉੱਥੇ ਨਾਲ ਹੀ ਉਹਨਾਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਕਿਹਾ ਕਿ ਪਰਵਿੰਦਰ ਝੋਟਾ ਦੇ ਕਤਲ ਦੇ ਇਨਸਾਫ ਲਈ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਬੰਦ ਦੌਰਾਨ ਸ਼ਾਂਤੀ ਬਣਾ ਕੇ ਰੱਖੀ ਜਾਵੇ।

About The Author

Related Posts