Vidhan Sabha Election Punjab: ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼, ਦਾਅਵੇਦਾਰਾਂ ਨੇ ਪਿੰਡਾਂ ਵੱਲ ਵਧਾਏ ਗੇੜੇ

ਵਿਧਾਨ ਸਭਾ ਚੋਣਾਂ 2027: ਹਲਕਾ ਰਿਜ਼ਰਵ ਬਠਿੰਡਾ ਦਿਹਾਤੀ 

Ravinder Sharma Picture
Published On

ਸੰਗਤ ਮੰਡੀ (ਮਨਜੀਤ ਨਰੂਆਣਾ)। ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵਿਧਾਇਕ ਦੀ ਟਿਕਟ ਹਾਸਲ ਕਰਨ ਲਈ ਪਿੰਡਾਂ ’ਚ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ।

ਵਰਕਰਾਂ ਨਾਲ ਮੀਟਿੰਗਾਂ ਕਰਨ ਤੋਂ ਲੈ ਕੇ ਲੋਕਾਂ ਦੇ ਦੁੱਖ-ਸੁੱਖ ’ਚ ਸ਼ਰੀਕ ਹੋਣ ਤੱਕ, ਸੰਭਾਵੀ ਉਮੀਦਵਾਰ ਆਪੋ-ਆਪਣੇ ਢੰਗ ਨਾਲ ਲੋਕਾਂ ਨਾਲ ਨੇੜਤਾ ਵਧਾਉਣ ’ਚ ਲੱਗੇ ਹੋਏ ਹਨ। ਰਾਖਵੇਂ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ’ਚ ਵੀ ਟਿਕਟਾਂ ਸਬੰਧੀ ਵੱਖ-ਵੱਖ ਪਾਰਟੀਆਂ ਅੰਦਰ ਸਰਗਰਮੀਆਂ ਤੇਜ਼ ਹੋ ਗਈਆਂ ਹਨ।  ਹਾਲਾਂਕਿ ਕਿਸੇ ਵੀ ਪਾਰਟੀ ਵੱਲੋਂ ਉਮੀਦਵਾਰਾਂ ਬਾਰੇ ਰਸਮੀ ਐਲਾਨ ਨਹੀਂ ਕੀਤਾ ਗਿਆ, ਪਰ ਸੰਭਾਵੀ ਚਿਹਰਿਆਂ ਸਬੰਧੀ ਸਿਆਸੀ ਹਲਕਿਆਂ ’ਚ ਚਰਚਾਵਾਂ ਦਾ ਬਜ਼ਾਰ ਗਰਮ ਹੈ।

Read Also : ਬੇਅਦਬੀ ਮਾਮਲਿਆਂ ਦਾ ਅਧਾਰ ਬਣੇ ਕੇਸ ’ਚੋਂ ਸਾਰੇ ਮੁਲਜ਼ਮ ਅਦਾਲਤ ਨੇ ਕੀਤੇ ਬਰੀ

ਹਲਕੇ ’ਚ ਪਿੰਡ ਗਹਿਰੀ ਬੁੱਟਰ ਦੇ ਸੇਵਾ ਮੁਕਤ ਪਟਵਾਰੀ ਜਸਕਰਨ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਇੰਚਾਰਜ ਲਾ ਕੇ ਟਿਕਟ ਦੇਣ ਦੀ ਹਾਮੀ ਭਰੀ ਗਈ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ’ਚ ਕਈ ਆਗੂ ਟਿਕਟ ਹਾਸਲ ਕਰਨ ਲਈ ਸਰਗਰਮ ਹਨ।  ਇਸੇ ਤਰ੍ਹਾਂ ਆਮ ਆਦਮੀ ਪਾਰਟੀ ’ਚ ਹਲਕਾ ਇੰਚਾਰਜ ਦੀਆਂ ਲਗਾਤਾਰ ਬਦਲਦੀਆਂ ਨਿਯੁਕਤੀਆਂ ਨੇ ਵੀ ਨਵੇਂ ਸਿਆਸੀ ਸਮੀਕਰਨ ਪੈਦਾ  ਕੀਤੇ ਹਨ।

ਭਾਜਪਾ ਵੱਲੋਂ ਦਰਸ਼ਨ ਸਿੰਘ ਕੋਟਫੱਤਾ ਦਾ ਨਾਂਅ ਚਰਚਾ ’ਚ

ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਵੀ ਹਲਕੇ ’ਚ ਆਪਣੀਆਂ ਸਰਗਰਮੀਆਂ ਵਧਾ ਰਹੇ ਹਨ। ਉਹ ਵਰਕਰਾਂ ਨਾਲ ਮੀਟਿੰਗਾਂ ਕਰਨ ਅਤੇ ਲੋਕਾਂ ਨੂੰ ਪਾਰਟੀ ਨਾਲ ਜੋੜਨ ’ਚ ਲੱਗੇ ਹੋਏ ਹਨ। ਉਨ੍ਹਾਂ ਦੇ ਸਿਆਸੀ ਤਜ਼ਰਬੇ ਨੂੰ ਦੇਖਦਿਆਂ ਭਾਜਪਾ ਵੱਲੋਂ ਉਨ੍ਹਾਂ ਨੂੰ ਸੰਭਾਵੀ ਉਮੀਦਵਾਰ ਵਜੋਂ ਉਤਾਰੇ ਜਾਣ ਦੀਆਂ ਚਰਚਾਵਾਂ ਹਨ।

ਕਾਂਗਰਸ ’ਚ ਕਈ ਚਿਹਰੇ ਟਿਕਟ ਦੀ ਦੌੜ ’ਚ

ਕਾਂਗਰਸ ਪਾਰਟੀ ’ਚ ਸਾਬਕਾ ਵਿਧਾਇਕਾ ਪ੍ਰੋ. ਰੁਪਿੰਦਰ ਕੌਰ ਰੂਬੀ, ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ, ਨੌਜਵਾਨ ਆਗੂ ਗੁਰਮੀਤ ਸਿੰਘ ਸੰਧੂ, ਡਾ. ਜੀਵਨ ਜੋਤ ਕੌਰ ਭੱਟੀ ਅਤੇ ਸਾਬਕਾ ਸਰਪੰਚ ਜਗਤਾਰ ਸਿੰਘ ਪਥਰਾਲਾ ਦੇ ਨਾਂਅ ਟਿਕਟ ਦੇ ਦਾਅਵੇਦਾਰਾਂ ਵਜੋਂ ਚਰਚਾ ’ਚ ਹਨ। ਸਿਆਸੀ ਹਲਕਿਆਂ ਵਿੱਚ ਮੰਨਿਆ ਜਾ ਰਿਹਾ ਹੈ ਕਿ ਜੇਕਰ ਪਾਰਟੀ ਨੌਜਵਾਨ ਚਿਹਰੇ ਨੂੰ ਮੌਕਾ ਦਿੰਦੀ ਹੈ ਤਾਂ ਗੁਰਮੀਤ ਸਿੰਘ ਸੰਧੂ ਦੀ ਦਾਅਵੇਦਾਰੀ ਮਜ਼ਬੂਤ ਹੋ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਨੌਜਵਾਨ ਆਗੂ ਹਰਮੰਦਰ ਸਿੰਘ ਗੁਲਾਬਗੜ੍ਹ ਦਾ ਨਾਂਅ ਵੀ ਟਿਕਟ ਦੇ ਦਾਅਵੇਦਾਰਾਂ ਵਿੱਚ ਅੱਗੇ ਦੱਸਿਆ ਜਾ ਰਿਹਾ ਹੈ। ਕੁੱਲ ਮਿਲਾ ਕੇ ਬਠਿੰਡਾ ਦਿਹਾਤੀ ਵਿੱਚ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਜੋੜ-ਤੋੜ ਸ਼ੁਰੂ ਹੋ ਗਏ ਹਨ। ਹੁਣ ਸਭ ਦੀਆਂ ਨਜ਼ਰਾਂ ਪਾਰਟੀਆਂ ਦੇ ਰਸਮੀ ਐਲਾਨਾਂ ’ਤੇ ਟਿਕੀਆਂ ਹੋਈਆਂ ਹਨ।

‘ਆਪ’ ’ਚ ਹਲਕਾ ਇੰਚਾਰਜਾਂ ਦੀਆਂ ਤਬਦੀਲੀਆਂ ਬਣੀਆਂ ਚਰਚਾ ਦਾ ਵਿਸ਼ਾ

2022 ਦੀਆਂ ਵਿਧਾਨ ਸਭਾ ਚੋਣਾਂ ’ਚ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਇੰਜੀਨੀਅਰ ਅਮਿਤ ਰਤਨ ਕੋਟਫੱਤਾ ਨੇ ਵੱਡੀ ਜਿੱਤ ਦਰਜ ਕੀਤੀ ਸੀ। ਹਾਲਾਂਕਿ, ਉਨ੍ਹਾਂ ’ਤੇ ਰਿਸ਼ਵਤ ਲੈਣ ਦੇ ਦੋਸ਼ ਲੱਗਣ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਪਾਸੇ ਕਰ ਦਿੱਤਾ ਸੀ। ਇਸ ਤੋਂ ਬਾਅਦ ਪਾਰਟੀ ਵੱਲੋਂ ਜਤਿੰਦਰ ਸਿੰਘ ਭੱਲਾ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ। ਕੁਝ ਸਮਾਂ ਕੰਮ ਕਰਨ ਮਗਰੋਂ ਉਨ੍ਹਾਂ ਦੀ ਥਾਂ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ।

ਜਸਵਿੰਦਰ ਸਿੰਘ ਸ਼ਿੰਦਾ ਵੀ ਕੁਝ ਮਹੀਨੇ ਹਲਕੇ ਵਿੱਚ ਸਰਗਰਮ ਰਹੇ, ਪਰ ਪਾਰਟੀ ਨੇ ਅਚਾਨਕ ਉਨ੍ਹਾਂ ਦੀ ਥਾਂ ਸੇਵਾਮੁਕਤ ਆਈਏਐੱਸ ਅਧਿਕਾਰੀ ਗੋਪਾਲ ਸਿੰਘ ਕੋਟਫੱਤਾ ਨੂੰ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ। ਇਸ ਫ਼ੈਸਲੇ ਤੋਂ ਬਾਅਦ ਸ਼ਿੰਦਾ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਨਰਾਜ਼ਗੀ ਦੀ ਚਰਚਾ ਹੈ। ਪਹਿਲਾਂ ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ ਸ਼ਿੰਦਾ ਵੱਲੋਂ ਮੁੜ ਆਪਣੇ ਪੱਧਰ ’ਤੇ ਲੋਕਾਂ ਨਾਲ ਰਾਬਤਾ ਬਣਾਉਣ ਦੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਗਈਆਂ ਹਨ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਜੇਕਰ ਸ਼ਿੰਦਾ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਦੇ ਹਨ ਤਾਂ ਆਮ ਆਦਮੀ ਪਾਰਟੀ ਦਾ ਵੋਟ ਸਮੀਕਰਨ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ, ਉਨ੍ਹਾਂ ਵੱਲੋਂ ਚੋਣ ਲੜਨ ਸਬੰਧੀ ਕੋਈ ਰਸਮੀ ਐਲਾਨ ਸਾਹਮਣੇ ਨਹੀਂ ਆਇਆ ਹੈ।

ਅਕਾਲੀ ਦਲ ਬਾਦਲ ਨੇ ਪਟਵਾਰੀ ਜਸਕਰਨ ਸਿੰਘ ਨੂੰ ਲਾਇਆ ਹਲਕਾ ਇੰਚਾਰਜ਼ 

ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਠਿੰਡਾ ਦਿਹਾਤੀ ਹਲਕੇ ’ਚ ਬੇਸ਼ੱਕ ਟਿਕਟ ਲਈ ਜਗਦੀਪ ਸਿੰਘ ਗਹਿਰੀ, ਮਹਿਲਾ ਆਗੂ ਚਰਨਜੀਤ ਕੌਰ ਅਤੇ ਅੰਗਰੇਜ਼ ਸਿੰਘ ਦਿਉਣ ਦੇ ਨਾਂਅ ਵੀ ਚਰਚਾ ਵਿੱਚ ਹਨ, ਪਰ ਪਿੰਡ ਗਹਿਰੀ ਬੁੱਟਰ ਦੇ ਪਟਵਾਰੀ ਜਸਕਰਨ ਸਿੰਘ ਨੂੰ ਪਾਰਟੀ ਵੱਲੋਂ ਹਲਕਾ ਇੰਚਾਰਜ਼ ਲਾ ਕੇ ਟਿਕਟ ਦੀ ਹਾਮੀ ਭਰ ਦਿੱਤੀ ਹੈ।

About The Author

Related Posts