Canada News: ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਕੈਨੇਡਾ ’ਚ ਇੱਕ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੀ ਵਿੱਚ 23 ਸਾਲਾ ਜੀਵਨ ਜੋਹਲ ਦਾ ਉਸ ਦੀ ਲਗਜ਼ਰੀ ਰੇਂਜ ਰੋਵਰ ਗੱਡੀ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਮੁਤਾਬਕ, ਜੀਵਨ ਦੇ ਸਬੰਧ ‘ਬ੍ਰਦਰਜ਼ ਕੀਪਰਜ਼’ ਗੈਂਗ ਨਾਲ ਸਨ। ਉਸ ਨੂੰ ਤੇ ਉਸ ਦੀ ਪਤਨੀ ਨੂੰ ਪਹਿਲਾਂ ਹੀ ਖ਼ਤਰੇ ਸਬੰਧੀ ਚਿਤਾਵਨੀ ਦਿੱਤੀ ਗਈ ਸੀ। ਸ਼ਾਮ ਸਮੇਂ ਲੈਂਗਲੀ ਸਥਿਤ ‘ਕੈਕਟਸ ਕਲੱਬ ਕੈਫੇ’ ਦੇ ਬਾਹਰ ਚਿੱਟੇ ਰੰਗ ਦੀ ਲਗਜ਼ਰੀ ਰੇਂਜ ਰੋਵਰ ਗੱਡੀ ਖੜ੍ਹੀ ਸੀ। ਇਸੇ ਦੌਰਾਨ ਗੱਡੀ ’ਚ ਬੈਠੇ ਜੀਵਨ ਜੋਹਲ ’ਤੇ ਦੋ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ।
ਵਾਰਦਾਤ ਵਾਲੀ ਥਾਂ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਪੁਲਿਸ ਨੂੰ ਇੱਕ ਗੱਡੀ ਸੜਦੀ ਹੋਈ ਮਿਲੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਸਬੂਤ ਮਿਟਾਉਣ ਦੇ ਇਰਾਦੇ ਨਾਲ ਗੱਡੀ ਨੂੰ ਅੱਗ ਲਾਈ ਹੋ ਸਕਦੀ ਹੈ। ਹਾਲਾਂਕਿ, ਪੁਲਿਸ ਵੱਲੋਂ ਅਜੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਬਰਾਮਦ ਹੋਈ ਸੜਦੀ ਗੱਡੀ ਦਾ ਜੀਵਨ ਜੋਹਲ ਦੇ ਕਤਲ ਨਾਲ ਸਿੱਧਾ ਸਬੰਧ ਹੈ ਜਾਂ ਨਹੀਂ। ਇਸ ਮਾਮਲੇ ਦੀ ਜਾਂਚ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਕੀਤੀ ਜਾ ਰਹੀ ਹੈ। ਜਾਂਚਕਰਤਾ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜੀਵਨ ਜੋਹਲ ਦੀਆਂ ਕਿਹੜੀਆਂ ਅਪਰਾਧਿਕ ਗਤੀਵਿਧੀਆਂ ਨਾਲ ਸਬੰਧ ਸਨ ਤੇ ਉਸ ਦੇ ਕਤਲ ਪਿੱਛੇ ਕੌਣ-ਕੌਣ ਸ਼ਾਮਲ ਹੈ। ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਕਰਨ ਤੇ ਇਸ ਕਤਲ ਦੀ ਸਾਜ਼ਿਸ਼ ਦੇ ਮੁੱਖ ਸੂਤਰਧਾਰ ਤੱਕ ਪਹੁੰਚਣ ਲਈ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : Gautam Gambhir: ਗੰਭੀਰ ਨੇ ਬਿਹਤਰ ਪਿੱਚਾਂ ਦੀ ਵਕਾਲਤ ਕੀਤੀ, ਪਰ ਗੇਂਦਬਾਜ਼ਾਂ ਨੂੰ ਰਸਤਾ ਖੁਦ ਲੱਭਣ ਦੀ ਦਿੱਤੀ ਸਲਾਹ