Gautam Gambhir: ਗੰਭੀਰ ਨੇ ਬਿਹਤਰ ਪਿੱਚਾਂ ਦੀ ਵਕਾਲਤ ਕੀਤੀ, ਪਰ ਗੇਂਦਬਾਜ਼ਾਂ ਨੂੰ ਰਸਤਾ ਖੁਦ ਲੱਭਣ ਦੀ ਦਿੱਤੀ ਸਲਾਹ

ਗੰਭੀਰ ਨੇ ਬਿਹਤਰ ਪਿੱਚਾਂ ਦੀ ਵਕਾਲਤ ਕੀਤੀ, ਪਰ ਗੇਂਦਬਾਜ਼ਾਂ ਨੂੰ ਰਸਤਾ ਖੁਦ ਲੱਭਣ ਦੀ ਦਿੱਤੀ ਸਲਾਹ

Khushdeep Singh Picture
Published On

ਰਾਂਚੀ (ਸੱਚ ਕਹੂੰ ਨਿਊਜ਼/ਹਿੰ.ਸ.)। ਵੈਸਟਇੰਡੀਜ਼ ਵਿਰੁੱਧ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ’ਚ 249 ਦੌੜਾਂ ਦੇ ਟੀਚੇ ਦਾ ਬਚਾਅ ਕਰਨ ’ਚ ਅਸਫਲ ਰਹਿਣ ਤੋਂ ਬਾਅਦ, ਭਾਰਤੀ ਮੁੱਖ ਕੋਚ ਗੌਤਮ ਗੰਭੀਰ ਨੇ ਇੱਕ ਵਾਰ ਫਿਰ ਬੱਲੇ ਤੇ ਗੇਂਦ ਵਿਚਕਾਰ ਬਿਹਤਰ ਸੰਤੁਲਨ ਦੀ ਵਕਾਲਤ ਕੀਤੀ। ਉਨ੍ਹਾਂ ਨੇ ਸਪਾਟ ਪਿੱਚ ਤੇ ਭਾਰੀ ਤ੍ਰੇਲ ਕਾਰਨ ਗੇਂਦਬਾਜ਼ਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਵੀਕਾਰ ਕੀਤਾ, ਪਰ ਇਹ ਸਪੱਸ਼ਟ ਕੀਤਾ ਕਿ ਭਾਰਤ ਨੂੰ ਅਜਿਹੇ ਹਾਲਾਤਾਂ ਵਿੱਚ ਵੀ ਵਿਰੋਧੀ ਟੀਮ ਨੂੰ ਰੋਕਣ ਦਾ ਰਸਤਾ ਲੱਭਣਾ ਪਵੇਗਾ। ਵੈਸਟਇੰਡੀਜ਼ ਨੇ ਸ਼ਾਈ ਹੋਪ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਆਧਾਰ ’ਤੇ ਟੀ-20 ਅੰਤਰਰਾਸ਼ਟਰੀ ਕ੍ਰਿਕੇਟ ’ਚ ਆਪਣਾ ਦੂਜਾ ਸਭ ਤੋਂ ਵੱਡਾ ਸਫਲ ਟੀਚਾ ਹਾਸਲ ਕੀਤਾ। ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ, ਗੰਭੀਰ ਨੇ ਕਿਹਾ ਕਿ ਉਹ ਵੀ ਬੱਲੇ ਤੇ ਗੇਂਦ ਵਿਚਕਾਰ ਬਰਾਬਰ ਮੁਕਾਬਲਾ ਦੇਖਣਾ ਚਾਹੁੰਦੇ ਹਨ। ਗੰਭੀਰ ਨੇ ਮੈਚ ਤੋਂ ਬਾਅਦ ਦੀ ਪ੍ਰੈਸ ਕਾਨਫਰੰਸ ’ਚ ਕਿਹਾ, ‘ਕੀ ਤੁਸੀਂ ਬੱਲੇ ਅਤੇ ਗੇਂਦ ਵਿਚਕਾਰ ਚੰਗਾ ਮੁਕਾਬਲਾ ਨਹੀਂ ਚਾਹੁੰਦੇ?

ਅਸੀਂ ਵੀ ਉਹੀ ਚਾਹੁੰਦੇ ਹਾਂ ਜੋ ਤੁਸੀਂ ਚਾਹੁੰਦੇ ਹੋ। ਜੇਕਰ ਤੁਸੀਂ ਸਿਰਫ਼ ਛੱਕੇ ਅਤੇ ਚੌਕੇ ਦੇਖਣਾ ਚਾਹੁੰਦੇ ਹੋ, ਤਾਂ ਅਸੀਂ ਵੀ ਉਹੀ ਚਾਹੁੰਦੇ ਹਾਂ। ਜੇਕਰ ਤੁਸੀਂ ਬਰਾਬਰ ਮੁਕਾਬਲਾ ਚਾਹੁੰਦੇ ਹੋ, ਤਾਂ ਅਸੀਂ ਉਹ ਵੀ ਚਾਹੁੰਦੇ ਹਾਂ।’ ਗੇਂਦਬਾਜ਼ਾਂ ਦਾ ਬਚਾਅ ਕਰਦੇ ਹੋਏ, ਉਨ੍ਹਾਂ ਨੇ ਕਿਹਾ, ‘ਇਹ ਸਾਡੇ ਗੇਂਦਬਾਜ਼ ਹਨ। ਉਨ੍ਹਾਂ ਦਾ ਕਰੀਅਰ ਦਾਅ ’ਤੇ ਹੈ। ਉਨ੍ਹਾਂ ਨੇ ਭਾਰਤੀ ਟੀਮ ਦੇ ਡਰੈਸਿੰਗ ਰੂਮ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ਅਜਿਹਾ ਨਹੀਂ ਹੈ ਕਿ ਉਨ੍ਹਾਂ ਨੇ ਸਖ਼ਤ ਮਿਹਨਤ ਨਹੀਂ ਕੀਤੀ। ਜੇਕਰ ਬੱਲੇ ਤੇ ਗੇਂਦ ਵਿਚਕਾਰ ਬਰਾਬਰ ਮੁਕਾਬਲਾ ਹੁੰਦਾ ਹੈ, ਤਾਂ ਇਹ ਚੰਗਾ ਹੋਵੇਗਾ ਤੇ ਸਾਨੂੰ ਬਿਹਤਰ ਕ੍ਰਿਕੇਟ ਵੇਖਣ ਨੂੰ ਮਿਲੇਗੀ’। 

ਹਾਰਾਂ ਤੋਂ ਸਿੱਖਣਾ ਤੇ ਸੁਧਾਰ ਕਰਨਾ ਜ਼ਰੂਰੀ

ਹਾਲਾਂਕਿ, ਗੰਭੀਰ ਨੇ ਹਾਰ ਲਈ ਸਿਰਫ਼ ਪਿੱਚ ਤੇ ਤ੍ਰੇਲ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਵੈਸਟਇੰਡੀਜ਼ ਦੀ ਬੱਲੇਬਾਜ਼ੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਭਾਰਤ ਨੂੰ ਅਜਿਹੇ ਹਾਲਾਤਾਂ ’ਚ ਵੀ ਉੱਚ ਸਕੋਰ ਦਾ ਬਚਾਅ ਕਰਨਾ ਸਿੱਖਣ ਦੀ ਲੋੜ ਹੈ। ਗੰਭੀਰ ਨੇ ਕਿਹਾ, ‘ਤੁਸੀਂ ਕਿਸੇ ਵੀ ਹਾਰ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਜੇਕਰ ਤੁਸੀਂ ਲਗਾਤਾਰ ਸੁਧਾਰ ਕਰਨਾ ਚਾਹੁੰਦੇ ਹੋ, ਤਾਂ ਕੁਝ ਵੀ ਲੁਕਾਇਆ ਨਹੀਂ ਜਾਣਾ ਚਾਹੀਦਾ। ਅਸੀਂ ਵਿਸ਼ਵ ਚੈਂਪੀਅਨ ਟੀਮ ਹਾਂ ਅਤੇ ਇਸ ਲਈ ਲਗਾਤਾਰ ਸੁਧਾਰ ਕਰਨਾ ਚਾਹੁੰਦੇ ਹਾਂ।’ ਉਨ੍ਹਾਂ ਨੇ ਅੱਗੇ ਕਿਹਾ, ‘ਇਨ੍ਹਾਂ ਹਾਲਾਤਾਂ ’ਚ ਗੇਂਦਬਾਜ਼ੀ ਕਰਨਾ ਮੁਸ਼ਕਲ ਹੈ। ਅਸੀਂ ਜਾਣਦੇ ਹਾਂ ਕਿ ਫਲੈਟ ਪਿੱਚ ਤੇ ਤ੍ਰੇਲ ਗੇਂਦਬਾਜ਼ਾਂ ਲਈ ਚੁਣੌਤੀ ਵਧਾਉਂਦੇ ਹਨ। ਪਰ ਸਾਨੂੰ ਵਿਰੋਧੀ ਟੀਮ ਨੂੰ ਰੋਕਣ ਦਾ ਤਰੀਕਾ ਲੱਭਣ ਦੀ ਲੋੜ ਹੈ, ਖਾਸ ਕਰਕੇ ਪਹਿਲੇ ਓਵਰ ’ਚ ਦੋ ਤੇ ਪਹਿਲੇ ਛੇ ਵਿੱਚ ਤਿੰਨ ਵਿਕਟਾਂ ਗੁਆਉਣ ਤੋਂ ਬਾਅਦ।’

ਗੰਭੀਰ ਨੇ ਕੈਚ ਛੱਡਣ ਲਈ ਕਿਸੇ ਨੂੰ ਨਹੀਂ ਠਹਿਰਾਇਆ ਜ਼ਿੰਮੇਵਾਰ

ਮੈਚ ਦਾ ਮੋੜ ਵੈਸਟਇੰਡੀਜ਼ ਦੀ ਪਾਰੀ ਦੇ 10ਵੇਂ ਓਵਰ ਦੀ ਆਖਰੀ ਗੇਂਦ ’ਤੇ ਆਇਆ, ਜਦੋਂ ਮਯੰਕ ਯਾਦਵ ਨੇ ਸ਼ਾਰਟ ਫਾਈਨ ਲੈੱਗ ’ਤੇ ਸ਼ੇਰਫੇਨ ਰਦਰਫੋਰਡ ਦਾ ਆਸਾਨ ਕੈਚ ਛੱਡ ਦਿੱਤਾ। ਉਸ ਸਮੇਂ ਰਦਰਫੋਰਡ 38 ਦੌੜਾਂ ’ਤੇ ਬੱਲੇਬਾਜ਼ੀ ਕਰ ਰਹੇ ਸੀ। ਉਨ੍ਹਾਂ ਨੂੰ ਮਿਲੇ ਜੀਵਨਦਾਨ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੇ 37 ਗੇਂਦਾਂ ਵਿੱਚ 84 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ। ਇਸ ਸਾਲ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਦੀ ਕੈਚਿੰਗ ਸਫਲਤਾ ਦਰ 74.3 ਫੀਸਦੀ ਰਹੀ ਸੀ, ਜੋ ਕਿ ਪੂਰੀ ਮੈਂਬਰ ਟੀਮਾਂ ਵਿੱਚੋਂ ਦੂਜੀ ਸਭ ਤੋਂ ਮਾੜੀ ਹੈ। ਹਾਲਾਂਕਿ, ਗੰਭੀਰ ਨੇ ਹਾਰ ਲਈ ਕੈਚ ਛੱਡਣ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਉਨ੍ਹਾਂ ਨੇ ਕਿਹਾ, ‘ਇਹ ਕ੍ਰਿਕੇਟ ਹੈ। ਖਿਡਾਰੀ ਕੈਚ ਛੱਡਦੇ ਹਨ। ਪਹਿਲਾਂ ਵੀ ਛੱਡੇ ਗਏ ਹਨ ਅਤੇ ਭਵਿੱਖ ਵਿੱਚ ਵੀ ਛੁੱਟਣਗੇ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਅਜਿਹਾ ਜਾਣਬੁੱਝ ਕੇ ਕਰਦਾ ਹੈ। ਇਸ ਲਈ, ਕਿਸੇ ਨੂੰ ਵੀ ਅਜਿਹੀਆਂ ਚੀਜ਼ਾਂ ਲਈ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।’

ਇਹ ਵੀ ਪੜ੍ਹੋ : Amritsar Immigration News: ਅੰਮ੍ਰਿਤਸਰ ’ਚ ਦੋ ਇਮੀਗ੍ਰੇਸ਼ਨ ਕੰਸਲਟੈਂਸੀਆਂ ਦੇ ਲਾਇਸੈਂਸ ਰੱਦ

ਮਯੰਕ ਦੀ ਤੇਜ਼ ਗੇਂਦਬਾਜ਼ੀ ਤੋਂ ਗੰਭੀਰ ਪ੍ਰਭਾਵਿਤ | IND vs WI

ਕੈਚ ਛੱਡਣ ਦੇ ਬਾਵਜੂਦ, ਮਯੰਕ ਯਾਦਵ ਨੇ ਤਿੰਨ ਵਿਕਟਾਂ ਲੈ ਕੇ ਭਾਰਤ ਨੂੰ ਮੈਚ ’ਚ ਮਜ਼ਬੂਤ ਸਥਿਤੀ ’ਚ ਪਹੁੰਚਾਇਆ। ਉਨ੍ਹਾਂ ਨੇ ਲਗਾਤਾਰ ਲਗਭਗ 145 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕੀਤੀ, ਜਿਸ ’ਚ ਰੋਵਮੈਨ ਪਾਵੇਲ ਨੂੰ 149.5 ਕਿਲੋਮੀਟਰ ਪ੍ਰਤੀ ਘੰਟਾ ਦੀ ਗੇਂਦ ਨਾਲ ਬੋਲਡ ਕਰਨਾ ਸ਼ਾਮਲ ਸੀ। ਲਖਨਊ ਵਿੱਚ ਪਹਿਲੇ ਟੀ-20 ਦੌਰਾਨ, ਮਯੰਕ ਨੇ ਕਦੇ-ਕਦੇ ਹੌਲੀ ਗੇਂਦਾਂ ਦੀ ਵਰਤੋਂ ਵੀ ਕੀਤੀ ਸੀ। ਗੰਭੀਰ ਨੇ ਇਸ ਵਾਰ ਉਨ੍ਹਾਂ ਦੀ ਗਤੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੀ ਤਾਕਤ ’ਤੇ ਭਰੋਸਾ ਕਰਨਾ ਚਾਹੀਦਾ ਹੈ। ਗੰਭੀਰ ਨੇ ਕਿਹਾ, ‘ਉਹ ਤੇਜ਼ ਗੇਂਦਬਾਜ਼ ਹਨ ਤੇ ਉਨ੍ਹਾਂ ਨੂੰ ਇੱਕ ਤੇਜ਼ ਗੇਂਦਬਾਜ਼ ਵਾਂਗ ਗੇਂਦਬਾਜ਼ੀ ਕਰਨੀ ਚਾਹੀਦੀ ਹੈ। ਉਹ ਹੌਲੀ ਗੇਂਦਬਾਜ਼ ਨਹੀਂ ਹਨ।

ਜੇਕਰ ਤੁਸੀਂ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਸਕਦੇ ਹੋ, ਤਾਂ 150 ਗੇਂਦਬਾਜ਼ੀ ਕਰੋ। ਜੇਕਰ ਤੁਸੀਂ 120 ਗੇਂਦਬਾਜ਼ੀ ਕਰ ਸਕਦੇ ਹੋ, ਤਾਂ 120 ਗੇਂਦਬਾਜ਼ੀ ਕਰੋ। ਇੱਕ ਤੇਜ਼ ਗੇਂਦਬਾਜ਼ ਦੇ ਤੌਰ ’ਤੇ, ਤੁਹਾਡਾ ਫਰਜ਼ ਤੇਜ਼ ਗੇਂਦਬਾਜ਼ੀ ਕਰਨਾ ਹੈ। ਉਨ੍ਹਾਂ ਨੇ ਅੱਜ ਇਹੀ ਕੀਤਾ, ਅਤੇ ਇਹੀ ਉਨ੍ਹਾਂ ਦੀ ਸਫਲਤਾ ਦਾ ਕਾਰਨ ਬਣਿਆ।’ ਰਾਂਚੀ ’ਚ ਹਾਰ ਤੋਂ ਬਾਅਦ ਭਾਰਤੀ ਟੀਮ ਕੋਲ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਤੀਜਾ ਟੀ20 ਮੈਚ ਐਤਵਾਰ ਨੂੰ ਇੰਦੌਰ ’ਚ ਖੇਡਿਆ ਜਾਵੇਗਾ। ਇੰਦੌਰ ਦਾ ਮੈਦਾਨ ਉੱਚ ਸਕੋਰ ਬਣਾਉਣ ਲਈ ਵੀ ਜਾਣਿਆ ਜਾਂਦਾ ਹੈ, ਇਸ ਲਈ ਭਾਰਤੀ ਗੇਂਦਬਾਜ਼ਾਂ ਨੂੰ ਇੱਕ ਵਾਰ ਫਿਰ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

About The Author

Related Posts