Punjab Government Holidays 2027: 2027 ’ਚ ਪੰਜਾਬ ਸਰਕਾਰ ਦੇ ਦਫ਼ਤਰਾਂ ’ਚ 32 ਗਜ਼ਟਿਡ ਛੁੱਟੀਆਂ, ਚਾਰ ਰਾਖਵੀਆਂ ਛੁੱਟੀਆਂ ਵੀ ਮਿਲਣਗੀਆਂ

ਪਰਸੋਨਲ ਵਿਭਾਗ ਨੇ ਜਾਰੀ ਕੀਤਾ ਨੋਟੀਫਿਕੇਸ਼ਨ, ਸ਼ਨਿੱਚਰਵਾਰ-ਐਤਵਾਰ ਦੀਆਂ ਛੁੱਟੀਆਂ ਤੋਂ ਇਲਾਵਾ ਜ਼ਿਲ੍ਹਾ ਪੱਧਰ ਦੀਆਂ ਛੁੱਟੀਆਂ ਵੱਖ ਰਹਿਣਗੀਆਂ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਸਾਲ 2027 ਲਈ ਸਰਕਾਰੀ ਦਫ਼ਤਰਾਂ ’ਚ ਲਾਗੂ ਹੋਣ ਵਾਲੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਪਰਸੋਨਲ ਵਿਭਾਗ ਵੱਲੋਂ 15 ਅਕਤੂਬਰ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ’ਚ ਕੁੱਲ 32 ਗਜ਼ਟਿਡ ਛੁੱਟੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਫ਼ਤੇ ਦੇ ਸ਼ਨਿੱਚਰਵਾਰ ਤੇ ਐਤਵਾਰ ਨੂੰ ਆਮ ਛੁੱਟੀਆਂ ਵਜੋਂ ਮੰਨਿਆ ਜਾਵੇਗਾ।

ਸਰਕਾਰ ਵੱਲੋਂ ਜਾਰੀ ਕੀਤੀ ਸੂਚੀ ’ਚ ਧਾਰਮਿਕ, ਇਤਿਹਾਸਕ ਤੇ ਰਾਸ਼ਟਰੀ ਮਹੱਤਤਾ ਵਾਲੇ ਦਿਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਸਾਲ ਦੀ ਸ਼ੁਰੂਆਤ ਵਿੱਚ 15 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਛੁੱਟੀ ਹੋਵੇਗੀ। ਇਸ ਤੋਂ ਬਾਅਦ 20 ਫਰਵਰੀ ਨੂੰ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਤੇ 6 ਮਾਰਚ ਨੂੰ ਮਹਾ ਸ਼ਿਵਰਾਤਰੀ ਦੀ ਛੁੱਟੀ ਰਹੇਗੀ। ਮਾਰਚ ਮਹੀਨੇ ਵਿੱਚ ਹੀ 10 ਮਾਰਚ ਨੂੰ ਈਦ-ਉਲ-ਫਿਤਰ ਤੇ 23 ਮਾਰਚ ਨੂੰ ਹੋਲੀ ਦੇ ਨਾਲ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਵੀ ਆਵੇਗਾ। ਇੱਥੇ ਹੀ 26 ਮਾਰਚ ਨੂੰ ਗੁੱਡ ਫਰਾਈਡੇ ਦੀ ਛੁੱਟੀ ਰਹੇਗੀ।

ਅਪਰੈਲ ’ਚ 8 ਅਪਰੈਲ ਨੂੰ ਜਨਮ ਦਿਵਸ ਸ਼੍ਰੀ ਗੁਰੂ ਨਾਭਾ ਦਾਸ ਜੀ, 14 ਤਾਰੀਖ ਨੂੰ ਵਿਸਾਖੀ ਅਤੇ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਹਾੜੇ ਦੀ ਛੁੱਟੀ ਹੋਵੇਗੀ। 15 ਅਪਰੈਲ ਨੂੰ ਰਾਮ ਨੌਮੀ ਤਾਂ 19 ਅਪਰੈਲ ਨੂੰ ਮਹਾਵੀਰ ਜੈਯੰਤੀ ਦੀ ਛੁੱਟੀ ਰਹੇਗੀ। ਮਈ ਦੇ ਮਹੀਨੇ ’ਚ ਪਹਿਲੀ ਹੀ ਤਾਰੀਖ ਨੂੰ ਮਈ ਦਿਵਸ ਤਾਂ 8 ਮਈ ਨੂੰ ਭਗਵਾਨ ਪਰਸ਼ੂਰਾਮ ਜਨਮ ਦਿਵਸ ਤੇ 17 ਮਈ ਨੂੰ ਈਦ-ਉਲ-ਜ਼ੁਹਾ (ਬਕਰੀਦ) ਦੀ ਛੁੱਟੀ ਰਹੇਗੀ। ਇਸੇ ਤਰਾਂ 8 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤੇ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਛੁੱਟੀਆਂ ਵਿੱਚ ਸ਼ਾਮਲ ਹੈ। Punjab News

ਅਗਸਤ ਵਿੱਚ 15 ਅਗਸਤ ਨੂੰ ਆਜ਼ਾਦੀ ਦਿਵਸ ਤੇ 25 ਅਗਸਤ ਨੂੰ ਜਨਮ ਅਸ਼ਟਮੀ ਦੀ ਛੁੱਟੀ ਹੋਵੇਗੀ। 2 ਅਕਤੂਬਰ ਨੂੰ ਮਹਾਤਮਾ ਗਾਂਧੀ ਦਾ ਜਨਮ ਦਿਹਾੜਾ, 9 ਅਕਤੂਬਰ ਨੂੰ ਦੁਸਹਿਰਾ, 15 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕਿ ਜੀ ਦਾ ਜਨਮ ਦਿਹਾੜਾ ਤੇ 29 ਅਕਤੂਬਰ ਨੂੰ ਦੀਵਾਲੀ ਦੀ ਛੁੱਟੀ ਰਹੇਗੀ। 30 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ ਦੇ ਮੌਕੇ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹੈ। ਨਵੰਬਰ ’ਚ 14 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤੇ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਛੁੱਟੀ ਵਜੋਂ ਦਰਜ ਹੈ।

ਦਸੰਬਰ ਮਹੀਨੇ ਵਿੱਚ 3 ਦਸੰਬਰ ਨੂੰ ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ 25 ਦਸੰਬਰ ਨੂੰ ਕ੍ਰਿਸਮਸ ਦੀ ਹੋਵੇਗੀ। ਸਾਲ ਦੀ ਆਖਰੀ ਗਜ਼ਟਿਡ ਛੁੱਟੀ 28 ਦਸੰਬਰ ਨੂੰ ਸ਼ਹੀਦੀ ਸਭਾ ਮੌਕੇ ਹੋਏਗੀ। ਨੋਟੀਫਿਕੇਸ਼ਨ ਵਿੱਚ ਚਾਰ ਰਾਖਵੀਆਂ ਛੁੱਟੀਆਂ ਵੀ ਰੱਖੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਸਰਕਾਰੀ ਮੁਲਾਜ਼ਮ ਆਪਣੀ ਪਸੰਦ ਅਨੁਸਾਰ ਦੋ ਛੁੱਟੀਆਂ ਲੈ ਸਕਣਗੇ। ਹਾਲਾਂਕਿ ਜ਼ਿਲ੍ਹਾ ਪੱਧਰ ’ਤੇ ਸਥਾਨਕ ਲੋੜ ਜਾਂ ਵਿਸ਼ੇਸ਼ ਮੌਕਿਆਂ ਕਾਰਨ ਐਲਾਨੀਆਂ ਜਾਣ ਵਾਲੀਆਂ ਛੁੱਟੀਆਂ ਇਸ ਗਜ਼ਟਿਡ ਸੂਚੀ ਦਾ ਹਿੱਸਾ ਨਹੀਂ ਹੋਣਗੀਆਂ ਤੇ ਉਨ੍ਹਾਂ ਦਾ ਐਲਾਨ ਵੱਖਰੇ ਤੌਰ ’ਤੇ ਕੀਤਾ ਜਾਵੇਗਾ। Punjab News

ਇਹ ਵੀ ਪੜ੍ਹੋ : Bhagwant Mann: ਭਗਵੰਤ ਮਾਨ ਨੇ ਫਿਲੌਰ ’ਚ ਅੱਜ ਸੱਦੀ ਪੰਜਾਬ ਭਰ ਦੇ ਅਧਿਕਾਰੀਆਂ ਦੀ ਵੱਡੀ ਮੀਟਿੰਗ

About The Author

Related Posts