Punjab PCS Recruitment Stay: ਪੀਪੀਐੱਸਸੀ ਦਾ ਪੂਰਾ ਰਿਕਾਰਡ ਹਾਈ ਕੋਰਟ ਦੇ ਕਬਜ਼ੇ ’ਚ
751 ਸਫਲ ਉਮੀਦਵਾਰਾਂ ਨੇ ਪੁੱਛਿਆ- ਸਾਡਾ ਕੀ ਕਸੂਰ?
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਵੱਲੋਂ ਕਰਵਾਈ ਗਈ ਪੰਜਾਬ ਸਿਵਲ ਸੇਵਾਵਾਂ ਦੀ ਭਰਤੀ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚਣ ਤੋਂ ਬਾਅਦ ਹੋਰ ਗੰਭੀਰ ਹੋ ਗਿਆ ਹੈ। ਇੱਕ ਪਾਸੇ ਭਰਤੀ ਪ੍ਰਕਿਰਿਆ ਵਿੱਚ ਕਥਿਤ ਗੜਬੜੀਆਂ ਸਬੰਧੀ ਸਵਾਲ ਉੱਠ ਰਹੇ ਹਨ, ਉਥੇ ਹੀ ਦੂਜੇ ਪਾਸੇ ਮੁੱਖ ਪ੍ਰੀਖਿਆ ਪਾਸ ਕਰਕੇ ਇੰਟਰਵਿਊ ਦੀ ਉਡੀਕ ਕਰ ਰਹੇ 751 ਉਮੀਦਵਾਰਾਂ ਨੇ ਆਪਣੇ ਭਵਿੱਖ ਸਬੰਧੀ ਚਿੰਤਾ ਪ੍ਰਗਟਾਈ ਹੈ।
ਇਨ੍ਹਾਂ ਸਫਲ ਉਮੀਦਵਾਰਾਂ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵਾਲ ਕੀਤਾ ਕਿ ਜੇਕਰ ਭਰਤੀ ਪ੍ਰਕਿਰਿਆ ਵਿੱਚ ਕੋਈ ਗੜਬੜੀ ਹੋਈ ਹੈ ਤਾਂ ਇਸ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ, ਪਰ ਇਸ ਵਿੱਚ ਸਫਲ ਹੋਏ ਉਮੀਦਵਾਰਾਂ ਦਾ ਕੀ ਕਸੂਰ ਹੈ? ਉਨ੍ਹਾਂ ਦੀ ਸਾਲਾਂ ਦੀ ਮਿਹਨਤ ਅਤੇ ਪਰਿਵਾਰਾਂ ਦੀਆਂ ਕੁਰਬਾਨੀਆਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਇਸੇ ਦੌਰਾਨ ਪੀਪੀਐੱਸਸੀ ਨੇ ਵੀ ਭਰਤੀ ਨਾਲ ਸਬੰਧਿਤ ਪੂਰਾ ਰਿਕਾਰਡ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮ੍ਹਾਂ ਕਰਵਾ ਦਿੱਤਾ ਗਿਆ ਹੈ। ਪੀਪੀਐੱਸਸੀ ਦੇ ਚੇਅਰਮੈਨ ਸੇਵਾਮੁਕਤ ਮੇਜਰ ਜਨਰਲ ਵਿਨਾਇਕ ਸੈਣੀ ਨੇ ਦੱਸਿਆ ਕਿ ਸਾਰਾ ਰਿਕਾਰਡ ਸੀਲ ਕਰਕੇ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ ਅਤੇ ਹੁਣ ਇਹ ਅਦਾਲਤ ਦੀ ਸੁਰੱਖਿਆ ਵਿੱਚ ਰਹੇਗਾ।
ਅਦਾਲਤ ਵੱਲੋਂ ਜੋ ਵੀ ਹੁਕਮ ਜਾਰੀ ਕੀਤੇ ਜਾਣਗੇ, ਕਮਿਸ਼ਨ ਉਨ੍ਹਾਂ ਅਨੁਸਾਰ ਅਗਲੀ ਕਾਰਵਾਈ ਕਰੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਮਿਸ਼ਨ ਨੇ ਅਦਾਲਤ ਦੇ 19 ਨਵੰਬਰ ਵਾਲੇ ਹੁਕਮਾਂ ਖ਼ਿਲਾਫ਼ ਕੋਈ ਅਪੀਲ ਦਾਇਰ ਨਹੀਂ ਕੀਤੀ ਹੈ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਸਫਲ ਉਮੀਦਵਾਰਾਂ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਕਈ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਅਤੇ ਆਮ ਪਰਿਵਾਰਾਂ ਨਾਲ ਸਬੰਧਿਤ ਹਨ।
ਕਈਆਂ ਨੇ ਪਰਿਵਾਰ ਦੀਆਂ ਆਰਥਿਕ ਮੁਸ਼ਕਲਾਂ ਦੇ ਬਾਵਜੂਦ ਦਿਨ-ਰਾਤ ਮਿਹਨਤ ਕਰਕੇ ਇਹ ਪ੍ਰੀਖਿਆ ਪਾਸ ਕੀਤੀ ਹੈ। ਕਿਸੇ ਨੇ ਪਿੰਡ ਵਿੱਚ ਰਹਿ ਕੇ ਖੇਤੀਬਾੜੀ ਦੇ ਨਾਲ ਪੜ੍ਹਾਈ ਕੀਤੀ ਅਤੇ ਕਿਸੇ ਨੇ ਘੱਟ ਸਹੂਲਤਾਂ ਵਿੱਚ ਆਪਣੀ ਤਿਆਰੀ ਪੂਰੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਹ ਮੁੱਖ ਪ੍ਰੀਖਿਆ ਪਾਸ ਕਰਕੇ ਇੰਟਰਵਿਊ ਦੀ ਤਿਆਰੀ ਕਰ ਰਹੇ ਸਨ ਤਾਂ ਭਰਤੀ ਪ੍ਰਕਿਰਿਆ ਰੁਕਣ ਕਾਰਨ ਉਨ੍ਹਾਂ ਦਾ ਭਵਿੱਖ ਅਨਿਸ਼ਚਿਤ ਹੋ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਲੇਰਕੋਟਲਾ ਦੀ ਜੋਤੀ ਕੌਰ ਨੇ ਆਪਣੀ ਕਹਾਣੀ ਸਾਂਝੀ ਕਰਦਿਆਂ ਦੱਸਿਆ ਕਿ ਮਾਂ ਬਣਨ ਤੋਂ ਬਾਅਦ ਵੀ ਉਸ ਨੇ ਪ੍ਰੀਖਿਆ ਦੀ ਤਿਆਰੀ ਜਾਰੀ ਰੱਖੀ।
ਮੁੱਖ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਸ ਨੇ ਇੰਟਰਵਿਊ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਭਰਤੀ ਪ੍ਰਕਿਰਿਆ ਰੁਕਣ ਕਾਰਨ ਉਸ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਬਠਿੰਡਾ ਜ਼ਿਲੇ੍ਹ ਦੇ ਇੱਕ ਪਿੰਡ ਨਾਲ ਸਬੰਧਿਤ ਉਮੀਦਵਾਰ ਨੇ ਦੱਸਿਆ ਕਿ ਉਸ ਦੇ ਪਿੰਡ ਵਿੱਚ ਦਿਨ ਭਰ ਵਿੱਚ ਸਿਰਫ਼ ਇੱਕ ਬੱਸ ਚੱਲਦੀ ਹੈ। ਉਸ ਨੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਪੰਜਾਬੀ ਮਾਧਿਅਮ ਰਾਹੀਂ ਪ੍ਰੀਖਿਆ ਪਾਸ ਕੀਤੀ।
ਅੰਗਰੇਜ਼ੀ ਵਿੱਚ ਮੁਹੱਈਆ ਪੜ੍ਹਾਈ ਸਮੱਗਰੀ ਦਾ ਖੁਦ ਪੰਜਾਬੀ ਵਿੱਚ ਅਨੁਵਾਦ ਕਰਕੇ ਉਸ ਨੇ ਤਿਆਰੀ ਕੀਤੀ। ਉਸ ਨੇ ਸਵਾਲ ਕੀਤਾ ਕਿ ਜਿਹੜੇ ਪਰਿਵਾਰ ਮੁਸ਼ਕਲ ਨਾਲ ਦੋ ਵੇਲੇ ਦੀ ਰੋਟੀ ਦਾ ਪ੍ਰਬੰਧ ਕਰਦੇ ਹਨ, ਉਨ੍ਹਾਂ ਦੇ ਬੱਚੇ ਸਰਕਾਰੀ ਨੌਕਰੀ ਖਰੀਦਣ ਲਈ ਕਰੋੜਾਂ ਰੁਪਏ ਕਿੱਥੋਂ ਲਿਆ ਸਕਦੇ ਹਨ? ਫਿਰੋਜ਼ਪੁਰ ਦੇ ਸਰਹੱਦੀ ਪਿੰਡ ਨਾਲ ਸਬੰਧਿਤ ਇੱਕ ਹੋਰ ਉਮੀਦਵਾਰ ਨੇ ਦੱਸਿਆ ਕਿ ਉਸ ਨੇ ਖੇਤੀਬਾੜੀ ਦੇ ਕੰਮ ਦੇ ਨਾਲ-ਨਾਲ ਪਿੰਡ ਵਿੱਚ ਰਹਿ ਕੇ ਹੀ ਪ੍ਰੀਖਿਆ ਦੀ ਤਿਆਰੀ ਕੀਤੀ।
ਉਮੀਦਵਾਰਾਂ ਨੇ ਕਿਹਾ ਕਿ ਪ੍ਰੀਖਿਆ ਪਾਸ ਨਾ ਕਰ ਸਕਣ ਵਾਲਿਆਂ ਨੂੰ ਅਗਲੇ ਸਾਲ ਦੁਬਾਰਾ ਮੌਕਾ ਮਿਲ ਸਕਦਾ ਹੈ, ਪਰ ਜਿਹੜੇ ਲੋਕ ਆਪਣੇ ਬੱਚਿਆਂ ਅਤੇ ਪਰਿਵਾਰਾਂ ਤੋਂ ਦੂਰ ਰਹਿ ਕੇ ਸਾਲਾਂ ਤੱਕ ਮਿਹਨਤ ਕਰਦੇ ਹਨ, ਉਨ੍ਹਾਂ ਦਾ ਗੁਆਇਆ ਸਮਾਂ ਵਾਪਸ ਨਹੀਂ ਆ ਸਕਦਾ। ਇਸੇ ਤਰ੍ਹਾਂ ਸਾਬਕਾ ਫ਼ੌਜੀ ਅਧਿਕਾਰੀ ਕਰਨਲ ਡਾ. ਅਮਨਦੀਪ ਕੌਰ ਨੇ ਵੀ ਆਪਣਾ ਪੱਖ ਰੱਖਿਆ। ਉਨ੍ਹਾਂ ਦੱਸਿਆ ਕਿ ਉਹ ਭਾਰਤੀ ਫ਼ੌਜ ਵਿੱਚ 14 ਸਾਲ ਸੇਵਾ ਨਿਭਾਉਣ ਤੋਂ ਬਾਅਦ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਸਫਲ ਹੋਏ ਉਮੀਦਵਾਰਾਂ ਦੀ ਮਿਹਨਤ ਅਤੇ ਯੋਗਤਾ ਨੂੰ ਵੀ ਸਮਝਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ED Summons Laddi Dhose: ਪੰਜਾਬ ਦੇ ਇੱਕ ਹੋਰ ‘ਆਪ’ ਵਿਧਾਇਕ ਨੂੰ ਈਡੀ ਦਾ ਨੋਟਿਸ
Comments