ED Summons Laddi Dhose: ਪੰਜਾਬ ਦੇ ਇੱਕ ਹੋਰ ‘ਆਪ’ ਵਿਧਾਇਕ ਨੂੰ ਈਡੀ ਦਾ ਨੋਟਿਸ

ਪੰਜਾਬ ਦੇ ਇੱਕ ਹੋਰ ‘ਆਪ’ ਵਿਧਾਇਕ ਨੂੰ ਈਡੀ ਦਾ ਨੋਟਿਸ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਮਨਦੀਪ ਕੌਰ ਅਰੋੜਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਬਾਅਦ ਹੁਣ ਧਰਮਕੋਟ ਤੋਂ ਪਾਰਟੀ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਲਾਡੀ ਢੋਸ ਨੂੰ 27 ਨਵੰਬਰ ਨੂੰ ਚੰਡੀਗੜ੍ਹ ਸਥਿਤ ਈਡੀ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਹ ਜਾਂਚ ਮੋਗਾ ਦੀ ਵਿਧਾਇਕ ਨਾਲ ਜੁੜੇ ਜ਼ਮੀਨੀ ਸੌਦਿਆਂ ਅਤੇ ਮੁਆਵਜ਼ੇ ਦੀ ਰਕਮ ਵਿੱਚ ਕਥਿਤ ਬੇਨਿਯਮੀਆਂ ਦੇ ਮਾਮਲੇ ਨਾਲ ਸਬੰਧਿਤ ਹੈ। ਜਾਣਕਾਰੀ ਅਨੁਸਾਰ ਈਡੀ ਵੱਲੋਂ ਦਵਿੰਦਰਜੀਤ ਸਿੰਘ ਲਾਡੀ ਢੋਸ ਤੋਂ ਧਰਮਕੋਟ ਵਿੱਚ ਸ਼ਮਸ਼ਾਨਘਾਟ ਦੀ ਜ਼ਮੀਨ ਦੇ ਮੁਆਵਜ਼ੇ ਅਤੇ ਲੁਧਿਆਣਾ ਜ਼ਿਲੇ੍ਹ ਦੇ ਬੱਗੀਪੁਰਾ ਵਿੱਚ ਲਗਭਗ ਦੋ ਤੋਂ ਤਿੰਨ ਏਕੜ ਜ਼ਮੀਨ ਨਾਲ ਜੁੜੇ ਮਾਮਲੇ ਬਾਰੇ ਪੁੱਛਗਿੱਛ ਕੀਤੀ ਜਾਣੀ ਹੈ। ਜਾਂਚ ਏਜੰਸੀ ਇਹ ਪਤਾ ਲਾਉਣਾ ਚਾਹੁੰਦੀ ਹੈ।

ਕਿ ਇਹਨਾਂ ਜ਼ਮੀਨੀ ਸੌਦਿਆਂ ਅਤੇ ਮੁਆਵਜ਼ੇ ਦੀ ਰਕਮ ਨਾਲ ਉਨ੍ਹਾਂ ਦਾ ਕੀ ਸਬੰਧ ਹੈ। ਇਸੇ ਮਾਮਲੇ ਵਿੱਚ ਈਡੀ ਨੇ ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੂੰ 26 ਨਵੰਬਰ ਅਤੇ ਉਨ੍ਹਾਂ ਦੇ ਪਤੀ ਰਾਕੇਸ਼ ਅਰੋੜਾ ਨੂੰ 25 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਵਿਧਾਇਕ ਦੇ ਪਿਤਾ ਜਸਪਾਲ ਸਿੰਘ ਨੂੰ 27 ਨਵੰਬਰ, ਭਰਾ ਬਲਜਿੰਦਰ ਸਿੰਘ ਨੂੰ 30 ਨਵੰਬਰ ਅਤੇ ਮਾਮੇ ਹਰਮਿੰਦਰ ਸਿੰਘ ਨੂੰ 2 ਦਸੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

ਇਸ ਤੋਂ ਇਲਾਵਾ ਕੁਝ ਸਾਬਕਾ ਅਤੇ ਮੌਜ਼ੂਦਾ ਸਰਕਾਰੀ ਅਧਿਕਾਰੀਆਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ ਮੋਗਾ ਦੇ ਸਾਬਕਾ ਜ਼ਿਲ੍ਹਾ ਮਾਲ ਅਧਿਕਾਰੀ ਗੁਰਦੇਵ ਸਿੰਘ ਧਾਮ, ਪਟਵਾਰੀ ਨਿਰਵੈਰ ਸਿੰਘ ਅਤੇ ਸਾਬਕਾ ਤਹਿਸੀਲਦਾਰ ਲਖਵਿੰਦਰ ਸਿੰਘ ਗਿੱਲ ਦੇ ਨਾਂਅ ਸ਼ਾਮਲ ਹਨ। ਜਾਂਚ ਦਾ ਸਬੰਧ ਮੋਗਾ ਦੇ ਅਧਰਮਾਂ ਪਿੰਡ ਵਿੱਚ ਸਰਕਾਰੀ ਜ਼ਮੀਨ ਦੇ ਮਾਲ ਰਿਕਾਰਡ ਵਿੱਚ ਕਥਿਤ ਹੇਰਾਫੇਰੀ ਨਾਲ ਵੀ ਦੱਸਿਆ ਜਾ ਰਿਹਾ ਹੈ।

ਇਹ ਜ਼ਮੀਨ ਕੌਮੀ ਮਾਰਗ ਦੀ ਉਸਾਰੀ ਲਈ ਹਾਸਲ ਕੀਤੀ ਗਈ ਸੀ। ਦੋਸ਼ ਹਨ ਕਿ ਮਾਲ ਰਿਕਾਰਡ ਵਿੱਚ ਤਬਦੀਲੀਆਂ ਕਰਕੇ ਇੱਕ ਕਰੋੜ ਰੁਪਏ ਤੋਂ ਵੱਧ ਦਾ ਮੁਆਵਜ਼ਾ ਗਲਤ ਤਰੀਕੇ ਨਾਲ ਹਾਸਲ ਕੀਤਾ ਗਿਆ। ਈਡੀ ਵੱਲੋਂ ਇਸ ਮਾਮਲੇ ਵਿੱਚ ਜ਼ਮੀਨਾਂ ਦੇ ਤਬਾਦਲਿਆਂ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ ਦੇ ਸ਼ੁਰੂ ਵਿੱਚ ਈਡੀ ਵੱਲੋਂ ਅਮਨਦੀਪ ਕੌਰ ਅਰੋੜਾ ਨਾਲ ਜੁੜੇ ਟਿਕਾਣਿਆਂ ’ਤੇ ਛਾਪੇਮਾਰੀ ਵੀ ਕੀਤੀ ਗਈ ਸੀ। ਇਸ ਕਾਰਵਾਈ ਤੋਂ ਬਾਅਦ ਵਿਧਾਇਕ ਨੇ ਈਡੀ ਦੀ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਇਆ ਗਿਆ। ਦੂਜੇ ਪਾਸੇ ਈਡੀ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : Health Checkup Camp: ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਜਨ-ਕਲਿਆਣ ਪਰਮਾਰਥੀ ਕੈਂਪ ਅੱਜ

Comments

Post Your Comment

About The Author

Related Posts