Gurpurab 2026: ਹੱਕ, ਸੱਚ ਬਰਾਬਰੀ ਦੇ ਮੁਦਈ ਸ੍ਰੀ ਗੁਰੂ ਨਾਨਕ ਦੇਵ ਜੀ

ਗੁਰਪੁਰਬ ’ਤੇ ਵਿਸ਼ੇਸ਼

Khushdeep Singh Picture
Published On

ਇਤਿਹਾਸ ਦੇ ਪੰਨਿਆਂ ਉੱਤੇ ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ, ਜੋ ਸਿਰਫ਼ ਆਪਣੇ ਸਮੇਂ ਨੂੰ ਹੀ ਨਹੀਂ ਬਦਲਦੀਆਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਚਾਨਣ-ਮੁਨਾਰਾ ਬਣ ਜਾਂਦੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਅਜਿਹੀ ਹੀ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਧਾਰਮਿਕ ਕੱਟੜਤਾ, ਸਮਾਜਿਕ ਵਿਤਕਰੇ, ਜਾਤ-ਪਾਤ, ਅੰਧਵਿਸ਼ਵਾਸ ਅਤੇ ਰਾਜਨੀਤਿਕ ਜ਼ੁਲਮ ਨਾਲ ਜਕੜੇ ਸਮਾਜ ਵਿੱਚ ਸੱਚ, ਬਰਾਬਰੀ ਅਤੇ ਮਨੁੱਖੀ ਅਜ਼ਾਦੀ ਦਾ ਹੋਕਾ ਦਿੱਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਵਿੱਚ ਕੱਤਕ ਦੀ ਪੁੰਨਿਆਂ ਵਾਲੇ ਦਿਨ ਰਾਇ ਭੋਇ ਦੀ ਤਲਵੰਡੀ (ਅੱਜ ਦਾ ਨਨਕਾਣਾ ਸਾਹਿਬ, ਪਾਕਿਸਤਾਨ) ਵਿਖੇ ਹੋਇਆ। ਉਸ ਸਮੇਂ ਭਾਰਤੀ ਸਮਾਜ ਅਨੇਕਾਂ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਦਾ ਸ਼ਿਕਾਰ ਸੀ। ਜਾਤ-ਪਾਤ ਦੀਆਂ ਕੰਧਾਂ ਨੇ ਮਨੁੱਖਤਾ ਨੂੰ ਵੰਡਿਆ ਹੋਇਆ ਸੀ। ਉੱਚੀਆਂ ਜਾਤਾਂ ਦੇ ਲੋਕ ਆਪਣੇ-ਆਪ ਨੂੰ ਉੱਚਾ ਅਤੇ ਦੂਜੀਆਂ ਜਾਤਾਂ ਦੇ ਲੋਕਾਂ ਨੂੰ ਨੀਵਾਂ ਸਮਝਦੇ ਸਨ। ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਪ੍ਰਾਪਤ ਨਹੀਂ ਸਨ। ਧਰਮ ਦੇ ਨਾਂਅ ’ਤੇ ਕਰਮਕਾਂਡ, ਪਖੰਡ, ਅੰਧਵਿਸ਼ਵਾਸ ਅਤੇ ਪੁਜਾਰੀਵਾਦ ਦਾ ਬੋਲਬਾਲਾ ਸੀ।

ਉਸ ਵੇਲੇ ਰਾਜਨੀਤਿਕ ਹਾਲਾਤ ਵੀ ਬੇਹੱਦ ਚਿੰਤਾਜਨਕ ਸਨ। ਦਿੱਲੀ ਦੀ ਸਲਤਨਤ ਤੋਂ ਬਾਅਦ ਲੋਧੀ ਸ਼ਾਸਕਾਂ ਦਾ ਰਾਜ ਸੀ। ਹਾਕਮਾਂ ਦੇ ਜ਼ੁਲਮ, ਭ੍ਰਿਸ਼ਟਾਚਾਰ, ਲੁੱਟ-ਖਸੁੱਟ ਅਤੇ ਆਮ ਲੋਕਾਂ ਦੀ ਬੇਵਸੀ ਨੇ ਸਮਾਜ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਸੀ। ਕਿਸਾਨ ਅਤੇ ਮਿਹਨਤਕਸ਼ ਲੋਕ ਹਾਕਮਾਂ ਅਤੇ ਤਾਕਤਵਰ ਵਰਗਾਂ ਦੇ ਸ਼ੋਸ਼ਣ ਦਾ ਸ਼ਿਕਾਰ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਰਮ ਨੂੰ ਕਰਮਕਾਂਡਾਂ ਅਤੇ ਬਾਹਰੀ ਦਿਖਾਵੇ ਦੀ ਬਜਾਏ ਮਨੁੱਖ ਦੇ ਅੰਦਰ ਵੱਸਦੀ ਸੱਚਾਈ ਨਾਲ ਜੋੜਿਆ।

ਉਨ੍ਹਾਂ ਨੇ ਪੰਡਿਤਾਂ, ਮੁੱਲਿਆਂ, ਜੋਗੀਆਂ ਅਤੇ ਧਾਰਮਿਕ ਆਗੂਆਂ ਨੂੰ ਸਵਾਲ ਕਰਨ ਦੀ ਹਿੰਮਤ ਦਿਖਾਈ। ਉਨ੍ਹਾਂ ਦਾ ਮੰਨਣਾ ਸੀ ਕਿ ਪਰਮਾਤਮਾ ਨੂੰ ਪਾਉਣ ਲਈ ਕਿਸੇ ਖ਼ਾਸ ਪਹਿਰਾਵੇ  ਜਾਂ ਦਿਖਾਵੇ ਦੀ ਲੋੜ ਨਹੀਂ, ਸਗੋਂ ਸੱਚੀ ਸੋਚ, ਨੇਕ ਕਰਮ ਅਤੇ ਨਿਰਮਲ ਹਿਰਦੇ ਦੀ ਲੋੜ ਹੈ। ਉਨ੍ਹਾਂ ਨੇ ਔਰਤ ਨੂੰ ਸਨਮਾਨ ਅਤੇ ਬਰਾਬਰੀ ਦਾ ਅਧਿਕਾਰ ਦਿੱਤਾ। ਉਸ ਦੌਰ ਵਿੱਚ ਔਰਤ ਨੂੰ ਨੀਵਾਂ ਸਮਝਣ ਵਾਲੀ ਮਾਨਸਿਕਤਾ ਵਿਰੁੱਧ ਇਹ ਬਹੁਤ ਵੱਡੀ ਵਿਚਾਰਧਾਰਕ ਕ੍ਰਾਂਤੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਇੱਕ ਪਰਿਵਾਰ ਮੰਨਿਆ। ਉਨ੍ਹਾਂ ਨੇ ਜਾਤ, ਧਰਮ, ਰੰਗ, ਨਸਲ ਅਤੇ ਅਮੀਰੀ-ਗਰੀਬੀ ਦੇ ਅਧਾਰ ’ਤੇ ਕੀਤੇ ਜਾਂਦੇ ਵਿਤਕਰੇ ਨੂੰ ਨਕਾਰਿਆ। ਉਨ੍ਹਾਂ ਦੀ ਬਾਣੀ ਦਾ ਮੂਲ ਸੰਦੇਸ਼ ਸੀ:-

‘‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥’’

ਇਹ ਵਿਚਾਰ ਉਸ ਸਮੇਂ ਦੀਆਂ ਸਮਾਜਿਕ ਵੰਡੀਆਂ ਉੱਤੇ ਸਿੱਧੀ ਸੱਟ ਸੀ। ਉਨ੍ਹਾਂ ਨੇ ਸੰਗਤ ਅਤੇ ਪੰਗਤ ਦੀ ਪ੍ਰਥਾ ਰਾਹੀਂ ਸਾਰਿਆਂ ਨੂੰ ਇੱਕੋ ਥਾਂ ਬੈਠਣ ਅਤੇ ਬਿਨਾਂ ਕਿਸੇ ਭੇਦਭਾਵ ਦੇ ਲੰਗਰ ਛਕਣ ਦਾ ਸਿਧਾਂਤ ਦਿੱਤਾ। ਇਹ ਸਿਰਫ਼ ਧਾਰਮਿਕ ਪ੍ਰਥਾ ਨਹੀਂ ਸੀ, ਸਗੋਂ ਸਮਾਜਿਕ ਬਰਾਬਰੀ ਦਾ ਅਮਲੀ ਇਨਕਲਾਬ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਸਿਰਫ਼ ਧਾਰਮਿਕ ਉਪਦੇਸ਼ਕ ਨਹੀਂ ਸਨ, ਸਗੋਂ ਜ਼ੁਲਮ ਵਿਰੁੱਧ ਨਿੱਡਰ ਹੋ ਕੇ ਬੋਲਣ ਵਾਲੇ ਇਨਕਲਾਬੀ ਚਿੰਤਕ ਵੀ ਸਨ। ਬਾਬਰ ਦੇ ਹਮਲੇ ਸਮੇਂ ਹੋਈ ਤਬਾਹੀ ਅਤੇ ਆਮ ਲੋਕਾਂ ’ਤੇ ਹੋਏ ਅੱਤਿਆਚਾਰਾਂ ਨੂੰ ਦੇਖ ਕੇ ਉਨ੍ਹਾਂ ਨੇ ਹਾਕਮਾਂ ਦੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ।

ਉਨ੍ਹਾਂ ਦੀ ਬਾਣੀ ਵਿੱਚ ਦਰਜ ਹੈ: ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥’’

ਇਹ ਸ਼ਬਦ ਉਸ ਸਮੇਂ ਦੀ ਰਾਜਨੀਤਿਕ ਬੇਇਨਸਾਫ਼ੀ ਵਿਰੁੱਧ ਇੱਕ ਇਤਿਹਾਸਕ ਗਵਾਹੀ ਹਨ। ਗੁਰੂ ਸਾਹਿਬ ਨੇ ਹਾਕਮਾਂ ਦੀ ਤਾਕਤ ਤੋਂ ਡਰ ਕੇ ਸੱਚ ਬੋਲਣਾ ਨਹੀਂ ਛੱਡਿਆ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਰਾਜਾ ਹੋਣਾ ਕਿਸੇ ਨੂੰ ਜ਼ੁਲਮ ਕਰਨ ਦਾ ਅਧਿਕਾਰ ਨਹੀਂ ਦਿੰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਜੀਵਨ ਲਈ ਤਿੰਨ ਬੁਨਿਆਦੀ ਸਿਧਾਂਤ ਦਿੱਤੇ—ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਛਕਣਾ।

ਉਨ੍ਹਾਂ ਨੇ ਕਿਰਤ ਦੀ ਕਮਾਈ ਨੂੰ ਸਨਮਾਨ ਦਿੱਤਾ ਅਤੇ ਦੂਜਿਆਂ ਦੀ ਮਿਹਨਤ ਲੁੱਟ ਕੇ ਧਨ ਇਕੱਠਾ ਕਰਨ ਵਾਲੀ ਮਾਨਸਿਕਤਾ ਦਾ ਵਿਰੋਧ ਕੀਤਾ। ਉਨ੍ਹਾਂ ਦਾ ਸੰਦੇਸ਼ ਸੀ ਕਿ ਮਨੁੱਖ ਆਪਣੀ ਮਿਹਨਤ ਨਾਲ ਕਮਾਵੇ ਅਤੇ ਉਸ ਵਿੱਚੋਂ ਲੋੜਵੰਦਾਂ ਨਾਲ ਵੀ ਸਾਂਝ ਪਾਵੇ। ਸਾਢੇ ਪੰਜ ਸੌ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜ਼ੂਦ ਅੱਜ ਵੀ ਸਮਾਜ ਜਾਤ-ਪਾਤ, ਧਾਰਮਿਕ ਕੱਟੜਤਾ, ਭ੍ਰਿਸ਼ਟਾਚਾਰ, ਔਰਤਾਂ ਨਾਲ ਵਿਤਕਰੇ ਅਤੇ ਆਰਥਿਕ ਅਸਮਾਨਤਾ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਨੇ੍ਹਰੇ ਯੁੱਗ ਵਿੱਚ ਚਾਨਣ ਦੀ ਮਸ਼ਾਲ ਜਗਾਈ ਸੀ। ਉਨ੍ਹਾਂ ਦੀ ਵਿਚਾਰਧਾਰਾ ਕਿਸੇ ਇੱਕ ਧਰਮ ਜਾਂ ਫ਼ਿਰਕੇ ਲਈ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੀ ਸਾਂਝੀ ਵਿਰਾਸਤ ਹੈ। ਉਨ੍ਹਾਂ ਦਾ ਇਨਕਲਾਬ ਤਲਵਾਰਾਂ ਦਾ ਨਹੀਂ, ਸਗੋਂ ਵਿਚਾਰਾਂ, ਸੱਚਾਈ ਅਤੇ ਮਨੁੱਖੀ ਬਰਾਬਰੀ ਦਾ ਇਨਕਲਾਬ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਅਵਾਜ ਅੱਜ ਵੀ ਸਮੇਂ ਦੀਆਂ ਹੱਦਾਂ ਪਾਰ ਕਰਕੇ ਮਨੁੱਖਤਾ ਨੂੰ ਸੱਚ ਦੇ ਰਾਹ ’ਤੇ ਚੱਲਣ ਦਾ ਸੱਦਾ ਦੇ ਰਹੀ ਹੈ।

ਲੈਕਚਰਾਰ ਹਿਸਟਰੀ,
ਸਰਕਾਰੀ ਸੈਕੰਡਰੀ ਸਕੂਲ, ਭੰਮੇ ਕਲਾਂ (ਮਾਨਸਾ) 
ਮੋ. 98786-08791
ਮਨਜੀਤ ਸਿੰਘ ਧਾਲੀਵਾਲ

ਇਹ ਵੀ ਪੜ੍ਹੋ : Punjab Elections 2027 Alliance Talks: ਬਸਪਾ, ਅਕਾਲੀ ਦਲ ਪੁਨਰ ਸੁਰਜੀਤ ਤੇ ਵਾਰਿਸ ਪੰਜਾਬ ਦੇ ਮਿਲ ਕੇ ਬਣਾਉਣਗੇ ਨਵਾਂ ਸਿਆਸੀ ਫਰੰਟ

Comments

Post Your Comment

About The Author

Related Posts