Punjab Elections 2027 Alliance Talks: ਬਸਪਾ, ਅਕਾਲੀ ਦਲ ਪੁਨਰ ਸੁਰਜੀਤ ਤੇ ਵਾਰਿਸ ਪੰਜਾਬ ਦੇ ਮਿਲ ਕੇ ਬਣਾਉਣਗੇ ਨਵਾਂ ਸਿਆਸੀ ਫਰੰਟ
ਫਿਲੌਰ ਵਿਖੇ ਹੋਣ ਵਾਲੀ ਬਸਪਾ ਦੀ ਰੈਲੀ ’ਚ 26 ਨਵੰਬਰ ਨੂੰ ਹੋ ਸਕਦੈ ਐਲਾਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ’ਚ ਤਿੰਨ ਸਿਆਸੀ ਪਾਰਟੀਆਂ ਇੱਕ ਫਰੰਟ ’ਤੇ ਆ ਕੇ ਵੱਡਾ ਸਿਆਸੀ ਧਮਾਕਾ ਕਰਨ ਦੀ ਕੋਸ਼ਿਸ਼ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਵਾਰਿਸ ਪੰਜਾਬ ਦੇ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਇਕੱਠੇ ਹੋ ਕੇ ਨਵਾਂ ਸਿਆਸੀ ਫਰੰਟ ਬਣਾਉਣ ਦੀ ਤਿਆਰੀ ਵਿੱਚ ਹਨ। ਤਿੰਨਾਂ ਪਾਰਟੀਆਂ ਦੇ ਆਗੂਆਂ ਵਿਚਾਲੇ ਇਸ ਸਬੰਧੀ ਲਗਾਤਾਰ ਮੀਟਿੰਗਾਂ ਹੋ ਰਹੀਆਂ ਹਨ।
ਗੱਠਜੋੜ ਸਬੰਧੀ ਸਹਿਮਤੀ ਬਣਨ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਨਵੇਂ ਫਰੰਟ ਦਾ ਐਲਾਨ 26 ਨਵੰਬਰ ਨੂੰ ਫਿਲੌਰ ਵਿਖੇ ਹੋਣ ਵਾਲੀ ਬਹੁਜਨ ਸਮਾਜ ਪਾਰਟੀ ਦੀ ਰੈਲੀ ਦੌਰਾਨ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਤਿੰਨਾਂ ਪਾਰਟੀਆਂ ਦੇ ਆਗੂ ਇਸ ਬਾਰੇ ਖੁੱਲ੍ਹ ਕੇ ਕੁਝ ਕਹਿਣ ਤੋਂ ਬਚ ਰਹੇ ਹਨ ਅਤੇ ਅਜੇ ਤੱਕ ਕਿਸੇ ਨੇ ਵੀ ਗੱਠਜੋੜ ਬਾਰੇ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਹੈ। ਇਸ ਦੇ ਬਾਵਜ਼ੂਦ ਤਿੰਨਾਂ ਪਾਰਟੀਆਂ ਦੇ ਆਗੂਆਂ ਵਿਚਾਲੇ ਹੋ ਰਹੀਆਂ ਮੀਟਿੰਗਾਂ ਨੂੰ ਇਸ ਨਵੇਂ ਸਿਆਸੀ ਫਰੰਟ ਦੀ ਤਿਆਰੀ ਵਜੋਂ ਦੇਖਿਆ ਜਾ ਰਿਹਾ ਹੈ।ਦੱਸਿਆ ਜਾ ਰਿਹਾ ਹੈ।
ਕਿ ਤਿੰਨਾਂ ਪਾਰਟੀਆਂ ਦੇ ਆਗੂਆਂ ਵਿਚਾਲੇ ਫਰੰਟ ਬਣਾਉਣ ਸਬੰਧੀ ਕਈ ਪੱਧਰਾਂ ’ਤੇ ਗੱਲਬਾਤ ਹੋ ਚੁੱਕੀ ਹੈ। ਇਸ ਫਰੰਟ ਵਿੱਚ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ ਅਤੇ ਚੋਣਾਂ ਦੌਰਾਨ ਕਿਹੜੀ ਪਾਰਟੀ ਦੀ ਕੀ ਭੂਮਿਕਾ ਰਹੇਗੀ, ਇਸ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਜੇਕਰ ਇਹ ਗੱਠਜੋੜ ਸਿਰੇ ਚੜ੍ਹਦਾ ਹੈ ਤਾਂ ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਤਿੰਨੇ ਪਾਰਟੀਆਂ ਇਕੱਠੇ ਚੋਣ ਮੈਦਾਨ ਵਿੱਚ ਉਤਰ ਸਕਦੀਆਂ ਹਨ।
ਇਸ ਨਵੇਂ ਸਿਆਸੀ ਫਰੰਟ ਦੇ ਬਣਨ ਨਾਲ ਬਸਪਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ ਵੀ ਆਪਣਾ ਰਾਹ ਵੱਖਰਾ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਬਸਪਾ ਨੇ ਅਕਾਲੀ ਦਲ ਬਾਦਲ ਨਾਲ ਗੱਠਜੋੜ ਕਰਕੇ ਚੋਣਾਂ ਲੜੀਆਂ ਸਨ। ਉਸ ਸਮੇਂ ਦੋਵਾਂ ਪਾਰਟੀਆਂ ਨੇ ਇਕੱਠੇ ਚੋਣ ਮੈਦਾਨ ਵਿੱਚ ਉਤਰ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਬਸਪਾ ਵੱਲੋਂ ਨਵੇਂ ਸਿਆਸੀ ਸਾਥੀਆਂ ਨਾਲ ਮਿਲ ਕੇ ਅਗਲੀਆਂ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਪੰਜਾਬ ਦੀ ਸਿਆਸਤ ਵਿੱਚ ਬਸਪਾ ਦਾ ਆਪਣਾ ਵੱਖਰਾ ਦਲਿਤ ਵੋਟ ਬੈਂਕ ਹੈ।
ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ ਪੁਨਰ ਸੁਰਜੀਤ ਨਾਲ ਪੰਥਕ ਸੋਚ ਰੱਖਣ ਵਾਲੇ ਵੋਟਰਾਂ ਦਾ ਜੁੜਾਅ ਮੰਨਿਆ ਜਾਂਦਾ ਹੈ। ਤਿੰਨਾਂ ਪਾਰਟੀਆਂ ਦੇ ਆਗੂਆਂ ਨੂੰ ਉਮੀਦ ਹੈ ਕਿ ਜੇਕਰ ਦਲਿਤ ਅਤੇ ਪੰਥਕ ਵੋਟਾਂ ਇਕੱਠੀਆਂ ਹੁੰਦੀਆਂ ਹਨ ਤਾਂ ਇਹ ਸੂਬੇ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਲਈ ਵੱਡੀ ਚੁਣੌਤੀ ਬਣ ਸਕਦੀਆਂ ਹਨ। ਇਸੇ ਵੋਟ ਬੈਂਕ ਦੇ ਸਹਾਰੇ ਨਵੇਂ ਫਰੰਟ ਵੱਲੋਂ ਪੰਜਾਬ ਦੀ ਸਿਆਸਤ ਵਿੱਚ ਆਪਣੀ ਮਜ਼ਬੂਤ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਸਮੇਂ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਵਿਚਾਲੇ ਮੁੜ ਗੱਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਹਨ, ਉਥੇ ਹੀ ਬਸਪਾ, ਵਾਰਿਸ ਪੰਜਾਬ ਦੇ ਅਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਇਕੱਠੇ ਆਉਣ ਦੀਆਂ ਖ਼ਬਰਾਂ ਨੇ ਸਿਆਸੀ ਚਰਚਾ ਹੋਰ ਤੇਜ਼ ਕਰ ਦਿੱਤੀ ਹੈ। ਜੇਕਰ ਤਿੰਨੇ ਪਾਰਟੀਆਂ ਇੱਕ ਫਰੰਟ ਬਣਾਉਣ ਦਾ ਫੈਸਲਾ ਕਰਦੀਆਂ ਹਨ ਤਾਂ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਇੱਕ ਨਵਾਂ ਸਿਆਸੀ ਬਦਲ ਸਾਹਮਣੇ ਆ ਸਕਦਾ ਹੈ।
ਇਹ ਵੀ ਪੜ੍ਹੋ : Punjab BJP Election Committee: ਪੰਜਾਬ ਭਾਜਪਾ ਨੇ 2027 ਦੀਆਂ ਚੋਣਾਂ ਲਈ ਬਣਾਈ 16 ਮੈਂਬਰੀ ਸੂਬਾ ਚੋਣ ਕਮੇਟੀ, ਕੇਵਲ ਸਿੰਘ ਢਿੱਲੋਂ ਕਰਨਗੇ ਅਗਵਾਈ
Comments