Ravan Effigy Making News: ਰਾਵਣ ਦੇ ਪੁਤਲੇ ਬਣਾਉਣ ਵਾਲਾ ਕਾਰੀਗਰ 20 ਲੱਖ ਰੁਪਏ ਲੈ ਕੇ ਫ਼ਰਾਰ, ਰਾਮਲੀਲਾ ਮੰਚ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ
ਵਿਜੈਦਸ਼ਮੀ ਤੋਂ ਪਹਿਲਾਂ ਪੰਚਕੂਲਾ ਵਿੱਚ ਵਿਵਾਦ, ਸੈਕਟਰ-5 ਦੇ ਪਰੇਡ ਗਰਾਊਂਡ ਵਿੱਚ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਬਣਾਉਣ ਦਾ ਕੰਮ ਅਧੂਰਾ ਛੱਡਿਆ
Ravan Effigy Making News: ਪੰਚਕੂਲਾ, (ਸੱਚ ਕਹੂੰ ਨਿਊਜ਼/ਹਿੰ.ਸ.)। ਪੰਚਕੂਲਾ ਵਿੱਚ ਵਿਜੈਦਸ਼ਮੀ (ਦੁਸਹਿਰਾ) ਤੋਂ ਪਹਿਲਾਂ ਰਾਵਣ ਦਹਿਨ ਦੀਆਂ ਤਿਆਰੀਆਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸੈਕਟਰ-5 ਦੇ ਪਰੇਡ ਗਰਾਊਂਡ ਵਿੱਚ ਸ੍ਰੀ ਰਾਮਲੀਲਾ ਯੁਵਾ ਮੰਚ ਵੱਲੋਂ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਤਿਆਰ ਕਰਵਾਏ ਜਾ ਰਹੇ ਸਨ, ਜਿਨ੍ਹਾਂ ’ਤੇ ਕਰੀਬ 20 ਲੱਖ ਰੁਪਏ ਖ਼ਰਚ ਹੋਣ ਦੀ ਗੱਲ ਕਹੀ ਜਾ ਰਹੀ ਹੈ। ਮੰਚ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਪੁਤਲੇ ਬਣਾਉਣ ਵਾਲਾ ਕਾਰੀਗਰ ਪੈਸੇ ਲੈ ਕੇ ਅਚਾਨਕ ਫ਼ਰਾਰ ਹੋ ਗਿਆ ਅਤੇ ਕੰਮ ਅੱਧ ਵਿਚਾਲੇ ਹੀ ਛੱਡ ਦਿੱਤਾ। ਇਸ ਸਬੰਧੀ ਸ੍ਰੀ ਰਾਮਲੀਲਾ ਯੁਵਾ ਮੰਚ ਵੱਲੋਂ ਸੈਕਟਰ-5 ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਇੰਚਾਰਜ ਸੰਦੀਪ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਮਿਲੀ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Mohali Trophy Tour: ਹੀਰੋ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਦਾ ਟਰਾਫ਼ੀ ਟੂਰ ਮੋਹਾਲੀ ਤੋਂ ਸ਼ੁਰੂ
ਉੱਧਰ, ਵਿਜੈਦਸ਼ਮੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਸ੍ਰੀ ਰਾਮਲੀਲਾ ਯੁਵਾ ਮੰਚ ਵੱਲੋਂ ਹੋਰ ਕਾਰੀਗਰਾਂ ਦੀ ਮੱਦਦ ਨਾਲ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਤਿਆਰ ਕਰਵਾਉਣ ਦਾ ਕੰਮ ਮੁੜ ਸ਼ੁਰੂ ਕਰਵਾਇਆ ਜਾ ਰਿਹਾ ਹੈ, ਤਾਂ ਜੋ ਤਿਉਹਾਰ ਮੌਕੇ ਰਾਵਣ ਦਹਿਨ ਦਾ ਪ੍ਰੋਗਰਾਮ ਨੇਪਰੇ ਚਾੜ੍ਹਿਆ ਜਾ ਸਕੇ। ਹੁਣ ਦੇਖਣਾ ਹੋਵੇਗਾ ਕਿ ਬਾਕੀ ਰਹਿੰਦਾ ਕੰਮ ਸਮੇਂ ਸਿਰ ਪੂਰਾ ਹੋ ਪਾਉਂਦਾ ਹੈ ਜਾਂ ਨਹੀਂ।