Punjab
US Kashmir Policy: ਕਸ਼ਮੀਰ ਬਾਰੇ ਬਦਲਿਆ ਅਮਰੀਕੀ ਰੁਖ, ਭਾਰਤ ਦਾ ਵਧਿਆ ਕੂਟਨੀਤਿਕ ਪ੍ਰਭਾਵ
ਕਸ਼ਮੀਰ ਬਾਰੇ ਬਦਲਿਆ ਅਮਰੀਕੀ ਰੁਖ, ਭਾਰਤ ਦਾ ਵਧਿਆ ਕੂਟਨੀਤਿਕ ਪ੍ਰਭਾਵ
ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਵੱਲੋਂ 19 ਅਗਸਤ 2026 ਨੂੰ ਸ੍ਰੀਨਗਰ ਵਿੱਚ ਦਿੱਤਾ ਗਿਆ ਇਹ ਬਿਆਨ ਕਿ ਜੰਮੂ-ਕਸ਼ਮੀਰ ਭਾਰਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਆਮ ਕੂਟਨੀਤਿਕ ਟਿੱਪਣੀ ਨਾਲੋਂ ਕਿਤੇ ਵੱਧ ਮਹੱਤਵ ਰੱਖਦਾ ਹੈ। ਜੰਮੂ-ਕਸ਼ਮੀਰ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਗੋਰ ਨੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਮੁਲਾਕਾਤ ਕੀਤੀ ਅਤੇ ਖੇਤਰ ਵਿੱਚ ਸੁਰੱਖਿਆ ਪ੍ਰਬੰਧਾਂ ਵਿੱਚ ਸੁਧਾਰ ਦੀ ਗੱਲ ਕਹੀ। ਉਨ੍ਹਾਂ ਇਹ ਸੰਕੇਤ ਵੀ ਦਿੱਤਾ ਕਿ ਜੰਮੂ-ਕਸ਼ਮੀਰ ਲਈ ਜਾਰੀ ਅਮਰੀਕੀ ਯਾਤਰਾ ਸਬੰਧੀ ਚਿਤਾਵਨੀ ਦੀ ਸਮੀਖਿਆ ਕੀਤੀ ਜਾ ਸਕਦੀ ਹੈ। ਇਸ ਬਿਆਨ ’ਤੇ ਪਾਕਿਸਤਾਨ ਦੀ ਪ੍ਰਤੀਕਿਰਿਆ ਵੀ ਤੁਰੰਤ ਸਾਹਮਣੇ ਆਈ। ਪਾਕਿਸਤਾਨ ਨੇ ਇਸਲਾਮਾਬਾਦ ਵਿੱਚ ਅਮਰੀਕੀ ਕਾਰਜਕਾਰੀ ਰਾਜਦੂਤ ਨੂੰ ਤਲਬ ਕਰਕੇ ਰਸਮੀ ਵਿਰੋਧ ਦਰਜ਼ ਕਰਵਾਇਆ ਅਤੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਵਾਦਿਤ ਖੇਤਰ ਮੰਨਣ ਦੀ ਉਸ ਦੀ ਪੁਰਾਣੀ ਸਥਿਤੀ ਨਾਲ ਇਹ ਟਿੱਪਣੀ ਮੇਲ ਨਹੀਂ ਖਾਂਦੀ।
ਅਮਰੀਕੀ ਨੀਤੀ ਦੇ ਸੰਦਰਭ ਵਿੱਚ ਇਸ ਘਟਨਾ ਨੂੰ ਸਮਝਣਾ ਜ਼ਰੂਰੀ ਹੈ। ਅਮਰੀਕਾ ਲੰਮੇ ਸਮੇਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਮੂ-ਕਸ਼ਮੀਰ ਨਾਲ ਸਬੰਧਤ ਮਸਲੇ ਦੇ ਸ਼ਾਂਤੀਪੂਰਨ ਹੱਲ ਅਤੇ ਗੱਲਬਾਤ ਦੀ ਗੱਲ ਕਰਦਾ ਰਿਹਾ ਹੈ। ਇਸ ਲਈ ਕਿਸੇ ਅਮਰੀਕੀ ਰਾਜਦੂਤ ਵੱਲੋਂ ਸ੍ਰੀਨਗਰ ਵਿੱਚ ਜੰਮੂ-ਕਸ਼ਮੀਰ ਨੂੰ ਭਾਰਤ ਦਾ ਮਹੱਤਵਪੂਰਨ ਹਿੱਸਾ ਦੱਸਣਾ ਭਾਸ਼ਾ ਦੇ ਪੱਖੋਂ ਨਿਸ਼ਚਿਤ ਤੌਰ ’ਤੇ ਮਹੱਤਵਪੂਰਨ ਹੈ। ਹਾਲਾਂਕਿ ਇਸ ਨੂੰ ਅਮਰੀਕਾ ਦੀ ਪੂਰੀ ਕਸ਼ਮੀਰ ਨੀਤੀ ਵਿੱਚ ਤੁਰੰਤ ਅਤੇ ਰਸਮੀ ਤਬਦੀਲੀ ਮੰਨਣਾ ਉਚਿਤ ਨਹੀਂ ਹੋਵੇਗਾ। ਰਾਜਦੂਤ ਦੀ ਟਿੱਪਣੀ ਅਤੇ ਸਰਕਾਰ ਦੀ ਰਸਮੀ ਨੀਤੀ ਵਿੱਚ ਫਰਕ ਹੁੰਦਾ ਹੈ। ਫਿਰ ਵੀ ਕੂਟਨੀਤੀ ਵਿੱਚ ਸ਼ਬਦਾਂ ਦੀ ਮਹੱਤਤਾ ਘੱਟ ਨਹੀਂ ਹੁੰਦੀ। ਖ਼ਾਸ ਤੌਰ ’ਤੇ ਉਸ ਸਮੇਂ, ਜਦੋਂ ਕੋਈ ਟਿੱਪਣੀ ਉਸੇ ਸਥਾਨ ’ਤੇ ਕੀਤੀ ਜਾਵੇ ਜਿਸ ਨੂੰ ਪਾਕਿਸਤਾਨ ਲੰਮੇ ਸਮੇਂ ਤੋਂ ਕੌਮਾਂਤਰੀ ਵਿਵਾਦ ਵਜੋਂ ਪੇਸ਼ ਕਰਦਾ ਆਇਆ ਹੈ। ਗੋਰ ਦੀ ਟਿੱਪਣੀ ਦਾ ਦੂਜਾ ਪੱਖ ਜੰਮੂ-ਕਸ਼ਮੀਰ ਵਿੱਚ ਬਦਲ ਰਹੀਆਂ ਸਥਿਤੀਆਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਕੇਂਦਰ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ਵਿੱਚ ਸੁਧਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। US India Diplomacy
ਇਹ ਵੀ ਪੜ੍ਹੋ : Jalandhar News: ਜਲੰਧਰ ’ਚ 21 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ
ਯਾਤਰਾ ਸਬੰਧੀ ਚਿਤਾਵਨੀ ਵਿੱਚ ਤਬਦੀਲੀ ਦੀ ਸੰਭਾਵਨਾ ਪ੍ਰਗਟਾਈ। ਉਨ੍ਹਾਂ ਦਾ ਕਹਿਣਾ ਸੀ ਕਿ ਸੁਰੱਖਿਆ ਸਥਿਤੀ ਵਿੱਚ ਸੁਧਾਰ ਹੋਇਆ ਹੈ ਅਤੇ ਅਮਰੀਕੀ ਨਾਗਰਿਕ ਕਸ਼ਮੀਰ ਦੀ ਖੂਬਸੂਰਤੀ ਅਤੇ ਇੱਥੇ ਮੌਜੂਦ ਮੌਕਿਆਂ ਦਾ ਅਨੁਭਵ ਕਰਨਾ ਚਾਹੁਣਗੇ। ਇਹ ਸੰਕੇਤ ਮਹੱਤਵਪੂਰਨ ਹੈ, ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਜੰਮੂ-ਕਸ਼ਮੀਰ ਨੂੰ ਸਿਰਫ਼ ਸੁਰੱਖਿਆ ਸਬੰਧੀ ਚਿੰਤਾਵਾਂ ਵਾਲੇ ਖੇਤਰ ਵਜੋਂ ਹੀ ਨਹੀਂ, ਸਗੋਂ ਸੈਰ-ਸਪਾਟੇ ਤੇ ਆਮ ਆਰਥਿਕ ਗਤੀਵਿਧੀਆਂ ਦੀਆਂ ਸੰਭਾਵਨਾਵਾਂ ਵਾਲੇ ਖੇਤਰ ਵਜੋਂ ਵੀ ਦੇਖ ਰਿਹਾ ਹੈ। ਇੱਥੋਂ ਭਾਰਤ-ਅਮਰੀਕਾ ਸਬੰਧਾਂ ਦਾ ਵਿਆਪਕ ਪੱਖ ਸਾਹਮਣੇ ਆਉਂਦਾ ਹੈ। ਦੋਵਾਂ ਦੇਸ਼ਾਂ ਦੇ ਰਿਸ਼ਤੇ ਹੁਣ ਸਿਰਫ਼ ਰੱਖਿਆ ਅਤੇ ਵਪਾਰ ਤੱਕ ਸੀਮਤ ਨਹੀਂ ਹਨ। ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਕਤੀ ਸੰਤੁਲਨ, ਸਮੁੰਦਰੀ ਸੁਰੱਖਿਆ, ਤਕਨਾਲੋਜੀ, ਊਰਜਾ, ਸਪਲਾਈ ਲੜੀ ਅਤੇ ਚੀਨ ਦੇ ਵਧਦੇ ਪ੍ਰਭਾਵ ਵਰਗੇ ਮੁੱਦਿਆਂ ਨੇ ਭਾਰਤ ਨੂੰ ਅਮਰੀਕਾ ਲਈ ਮਹੱਤਵਪੂਰਨ ਬਣਾ ਦਿੱਤਾ ਹੈ। US Kashmir Policy
ਦੂਜੇ ਪਾਸੇ ਵਪਾਰ, ਟੈਰਿਫ਼, ਊਰਜਾ ਅਤੇ ਰੂਸ ਨਾਲ ਭਾਰਤ ਦੇ ਸਬੰਧਾਂ ਵਰਗੇ ਮੁੱਦਿਆਂ ’ਤੇ ਦੋਵਾਂ ਦੇਸ਼ਾਂ ਵਿਚਕਾਰ ਮੱਤਭੇਦ ਵੀ ਕਾਇਮ ਹਨ। ਇਸ ਦੇ ਬਾਵਜ਼ੂਦ ਵਿਆਪਕ ਰਣਨੀਤਿਕ ਭਾਈਵਾਲੀ ਦੀ ਮਹੱਤਤਾ ਬਣੀ ਹੋਈ ਹੈ। ਭਾਰਤ ਨੇ ਵੀ ਆਪਣੀ ਵਿਦੇਸ਼ ਨੀਤੀ ਨੂੰ ਕਿਸੇ ਇੱਕ ਤਾਕਤ ’ਤੇ ਨਿਰਭਰ ਨਹੀਂ ਰੱਖਿਆ ਹੈ। ਅਮਰੀਕਾ ਨਾਲ ਸਬੰਧਾਂ ਨੂੰ ਮਜ਼ਬੂਤ ਕਰਦੇ ਹੋਏ ਭਾਰਤ ਰੂਸ, ਯੂਰਪ, ਪੱਛਮੀ ਏਸ਼ੀਆ ਅਤੇ ਹੋਰ ਦੇਸ਼ਾਂ ਨਾਲ ਵੀ ਆਪਣੇ ਹਿੱਤਾਂ ਦੇ ਅਨੁਕੂਲ ਸਬੰਧ ਬਣਾਈ ਰੱਖ ਰਿਹਾ ਹੈ। ਪਾਕਿਸਤਾਨ ਲਈ ਇਹ ਘਟਨਾਕ੍ਰਮ ਅਸਹਿਜ਼ ਕਰਨ ਵਾਲਾ ਹੈ। ਉਸ ਦੀ ਵਿਦੇਸ਼ ਨੀਤੀ ਵਿੱਚ ਕਸ਼ਮੀਰ ਲੰਮੇ ਸਮੇਂ ਤੋਂ ਪ੍ਰਮੁੱਖ ਮੁੱਦਾ ਰਿਹਾ ਹੈ ਅਤੇ ਉਹ ਇਸ ਨੂੰ ਕੌਮਾਂਤਰੀ ਮੰਚਾਂ ’ਤੇ ਉਠਾਉਣ ਦੀ ਕੋਸ਼ਿਸ਼ ਕਰਦਾ ਆਇਆ ਹੈ। ਪਰ ਵਿਸ਼ਵ ਰਾਜਨੀਤੀ ਦੀਆਂ ਤਰਜ਼ੀਹਾਂ ਬਦਲ ਰਹੀਆਂ ਹਨ। ਅੱਤਵਾਦ, ਆਰਥਿਕ ਸਥਿਰਤਾ, ਚੀਨ ਦਾ ਵਧਦਾ ਪ੍ਰਭਾਵ, ਪੱਛਮੀ ਏਸ਼ੀਆ ਦੀ ਅਸ਼ਾਂਤੀ, ਸਮੁੰਦਰੀ ਸੁਰੱਖਿਆ ਅਤੇ ਵਿਸ਼ਵ ਪੱਧਰੀ ਸਪਲਾਈ ਲੜੀ ਵਰਗੇ ਸਵਾਲ ਵੱਡੀਆਂ ਤਾਕਤਾਂ ਲਈ ਵਧੇਰੇ ਮਹੱਤਵਪੂਰਨ ਹੁੰਦੇ ਜਾ ਰਹੇ ਹਨ। US Kashmir Policy
ਅਜਿਹੇ ਸਮੇਂ ਵਿੱਚ ਕਸ਼ਮੀਰ ਨੂੰ ਲਗਾਤਾਰ ਕੌਮਾਂਤਰੀ ਵਿਵਾਦ ਵਜੋਂ ਪੇਸ਼ ਕਰਨ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਦਾ ਪ੍ਰਭਾਵ ਸੀਮਤ ਹੋਣਾ ਸੁਭਾਵਿਕ ਹੈ। ਭਾਰਤ ਲਈ ਇਸ ਬਿਆਨ ਦੀ ਮਹੱਤਤਾ ਕਿਸੇ ਤੁਰੰਤ ਕੂਟਨੀਤਿਕ ਜਿੱਤ ਨਾਲੋਂ ਵੱਧ ਇੱਕ ਸੰਕੇਤ ਵਜੋਂ ਹੈ। ਦੁਨੀਆ ਦੀਆਂ ਪ੍ਰਮੁੱਖ ਤਾਕਤਾਂ ਨਾਲ ਭਾਰਤ ਦੇ ਆਰਥਿਕ, ਰਣਨੀਤਕ ਅਤੇ ਤਕਨੀਕੀ ਹਿੱਤ ਲਗਾਤਾਰ ਡੂੰਘੇ ਹੋ ਰਹੇ ਹਨ। ਫਿਰ ਵੀ ਭਾਰਤ ਨੂੰ ਇਸ ਟਿੱਪਣੀ ਸਬੰਧੀ ਬੇਹੱਦ ਉਤਸ਼ਾਹਿਤ ਹੋਣ ਤੋਂ ਬਚਣਾ ਚਾਹੀਦਾ ਹੈ। ਅਮਰੀਕਾ ਆਪਣੇ ਕੌਮੀ ਹਿੱਤਾਂ ਦੇ ਆਧਾਰ ’ਤੇ ਵਿਦੇਸ਼ ਨੀਤੀ ਚਲਾਉਂਦਾ ਹੈ ਅਤੇ ਦੱਖਣੀ ਏਸ਼ੀਆ ਵਿੱਚ ਵੱਖ-ਵੱਖ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦਾ ਰਹੇਗਾ। ਇਸ ਲਈ ਇੱਕ ਰਾਜਦੂਤ ਦੇ ਬਿਆਨ ਨੂੰ ਪੂਰੀ ਅਮਰੀਕੀ ਨੀਤੀ ਵਿੱਚ ਨਿਰਣਾਇਕ ਤਬਦੀਲੀ ਮੰਨ ਲੈਣਾ ਜ਼ਲਦਬਾਜ਼ੀ ਹੋਵੇਗੀ।
ਭਾਰਤ ਲਈ ਵਧੇਰੇ ਮਹੱਤਵਪੂਰਨ ਇਹ ਹੈ ਕਿ ਉਹ ਜੰਮੂ-ਕਸ਼ਮੀਰ ਵਿੱਚ ਸ਼ਾਂਤੀ, ਲੋਕਤੰਤਰਿਕ ਭਾਗੀਦਾਰੀ, ਵਿਕਾਸ, ਰੁਜ਼ਗਾਰ, ਸੈਰ-ਸਪਾਟੇ ਤੇ ਸਮਾਜਿਕ ਭਰੋਸੇ ਨੂੰ ਮਜ਼ਬੂਤ ਕਰੇ। ਅੰਤ ਵਿੱਚ ਕਸ਼ਮੀਰ ਦੀ ਸਥਾਈ ਸ਼ਾਂਤੀ ਕਿਸੇ ਵਿਦੇਸ਼ੀ ਬਿਆਨ ਨਾਲ ਯਕੀਨੀ ਨਹੀਂ ਹੋਵੇਗੀ। ਸਰਜੀਓ ਗੋਰ ਦੀ ਟਿੱਪਣੀ ਬਦਲਦੀ ਤਸਵੀਰ ਦਾ ਇੱਕ ਮਹੱਤਵਪੂਰਨ ਸੰਕੇਤ ਜ਼ਰੂਰ ਹੈ। ਇਹ ਦਰਸਾਉਂਦੀ ਹੈ ਕਿ ਜੰਮੂ-ਕਸ਼ਮੀਰ ਨੂੰ ਲੈ ਕੇ ਭਾਰਤ ਦੀ ਸਥਿਤੀ ਨੂੰ ਵਿਸ਼ਵ ਪੱਧਰ ’ਤੇ ਪਹਿਲਾਂ ਨਾਲੋਂ ਵੱਧ ਸਪੱਸ਼ਟਤਾ ਨਾਲ ਦੇਖਿਆ ਜਾ ਰਿਹਾ ਹੈ। ਪਾਕਿਸਤਾਨ ਲਈ ਇਹ ਸੰਦੇਸ਼ ਹੈ ਕਿ ਪੁਰਾਣੇ ਕੂਟਨੀਤਿਕ ਤਰੀਕਿਆਂ ਦੇ ਸਹਾਰੇ ਕਸ਼ਮੀਰ ਨੂੰ ਵਿਸ਼ਵ ਰਾਜਨੀਤੀ ਦੇ ਕੇਂਦਰ ਵਿੱਚ ਬਣਾਈ ਰੱਖਣਾ ਸੌਖਾ ਨਹੀਂ ਹੋਵੇਗਾ। ਭਾਰਤ ਲਈ ਚੁਣੌਤੀ ਹੁਣ ਇਸ ਬਦਲਦੇ ਮਾਹੌਲ ਨੂੰ ਸੰਜਮ, ਆਤਮ-ਵਿਸ਼ਵਾਸ ਅਤੇ ਜ਼ਿੰਮੇਵਾਰੀ ਨਾਲ ਆਪਣੇ ਹੱਕ ਵਿੱਚ ਬਦਲਣ ਦੀ ਹੈ। (ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ